ਖੋਖਾ ਸੰਚਾਲਕਾਂ ਨੂੰ ਮਿਲੀ ਰਾਹਤ,ਵਿਧਾਇਕ ਡਾ: ਹਰਜੋਤ ਨੇ ਖੋਖਾ ਸੰਚਾਲਕਾਂ ਨੂੰ ਦੁਕਾਨਾਂ ਦੇ ਮਾਲਿਕਾਨਾ ਹੱਕਾਂ ਦੇ ਕਾਰਡ ਕੀਤੇ ਜਾਰੀ

ਮੋਗਾ, 24 ਸਤੰਬਰ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਖੋਖਾ ਸੰਚਾਲਕਾਂ ਨੂੰ ਉਨ੍ਹਾਂ ਦੇ ਮਾਲਿਕਾਨਾ ਹੱਕ ਦਵਾਉਂਣ ਲਈ ਕੀਤੇ ਪੁਰਜ਼ੋਰ ਯਤਨਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਖੋਖਾ ਸੰਚਾਲਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਨੂੰ ਦੁਕਾਨਾਂ ਦੇ ਕਾਨੂੰਨੀ ਮਾਲਿਕਾਨਾ ਹੱਕਾਂ ਦੇ ਕਾਰਡ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਵੰਡੇ। ਇਸ ਮੌਕੇ ਤੇ ਡਾ. ਹਰਜੋਤ ਨੇ ਕਿਹਾ ਕਿ ਕੋਰਟ ਦੇ ਆਦੇਸ਼ਾ ਮੁਤਾਬਿਕ ਜਿਨ੍ਹਾਂ ਖੋਖਾ ਸੰਚਾਲਾਕਾਂ ਨੂੰ ਨਜ਼ਾਇਜ ਕਬਜ਼ਿਆਂ ਅਧੀਨ ਦੱਸ ਕੇ ਉਨ੍ਹਾਂ ਦੇ ਖੋਖੇ ਢਾਹ ਦਿੱਤੇ ਗਏ ਸਨ ਉਨ੍ਹਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਖੋਖਾ ਸੰਚਾਲਕਾਂ ਦੇ ਮੁੜ ਵਸੇਬੇ ਦੀ ਪੂਰੀ ਫਾਈਲ ਤਿਆਰ ਕਰਕੇ ਉਨ੍ਹਾਂ ਨੂੰ ਵੈਂਡਰ ਪਾਲਿਸੀ ਤਹਿਤ ਮਾਲਿਕਾਨਾ ਹੱਕ ਦੇਣ ਦੀ ਅਪੀਲ ਕੀਤੀ ਸੀ। ਜਿਸਨੇ ਹੁਣ ਪੂਰੀ ਤਰ੍ਹਾਂ ਆਪਣਾ ਰੰਗ ਦਿਖਾ ਦਿੱਤਾ ਹੈ ਅਤੇ ਹੁਣ ਕੁਝ ਹੀ ਦਿਨਾਂ ਵਿੱਚ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਦੁਕਾਨਦਾਰਾਂ ਨੂੰ ਉਨ੍ਹਾਂ ਦੀਆਂ ਦੁਕਾਨਾਂ ਲਈ ਜਗ੍ਹਾਂ ਅਲਾਟ ਕਰ ਦਿੱਤੀ ਜਾਵੇਗੀ। ਇਸ ਮੌਕੇ ਤੇ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਨੇ ਦੱਸਿਆ ਕਿ 16 ਥਾਵਾਂ ਵਿੱਚੋਂ 3 ਥਾਵਾਂ ਨੂੰ ਪੂਰੀ ਤਰ੍ਹਾਂ ਕੰਪਲੀਟ ਕਰ ਲਿਆ ਗਿਆ ਹੈ ਅਤੇ ਕੁਝ ਹੀ ਦਿਨਾਂ ਵਿੱਚ ਖੋਖਾ ਸੰਚਾਲਕਾਂ ਨੂੰ ਜਗ੍ਹਾਂ ਅਲਾਟ ਕਰ ਦਿੱਤੀ ਜਾਵੇਗੀ। ਇਸ ਮੌਕੇ ਤੇ ਵਿਜੈ ਕੁਮਾਰ, ਮਨਜੀਤ ਸਿੰਘ, ਰੋਸ਼ਨ ਲਾਲ ਚਾਵਲਾ, ਵਿਜੇ ਕੁਮਾਰ, ਰਾਜ ਕੁਮਾਰ, ਰਾਜੀਵ ਕੁਮਾਰ, ਸੰਜੀਵ ਕੁਮਾਰ, ਵਿਨੇ ਕੁਮਾਰ, ਸੁਖਚੈਨ ਲਾਲ, ਰਾਮਦਾਸ ਨਾਰੰਗ, ਰਮੇਸ਼ ਕੁਮਾਰ, ਤੀਰਥ ਰਾਮ, ਅਸ਼ੋਕ ਕੁਮਾਰ ਨੇ ਡਾ. ਹਰਜੋਤ ਕਮਲ ਅਤੇ ਮੈਡਮ ਅਨੀਤਾ ਦਰਸ਼ੀ ਦਾ ਧੰਨਵਾਦ ਕੀਤਾ।