ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਛੱਤ

ਕੋਟਕਪੂਰਾ, 24 ਸਤੰਬਰ (ਟਿੰਕੂ) :- ਸਥਾਨਕ ਮੁਹੱਲਾ ਪ੍ਰੇਮ ਨਗਰ ਵਿਖੇ ਮੀਂਹ ਦੌਰਾਨ ਮਕਾਨ ਦੀ ਛੱਤ ਡਿੱਗ ਪੈਣ ਕਾਰਨ ਭਾਂਵੇ ਨਿੱਤ ਵਰਤੋਂ ਵਾਲਾ ਜਰੂਰੀ ਸਮਾਨ ਨੁਕਸਾਨਿਆ ਗਿਆ ਪਰ ਘਰ ਦੇ ਮਾਲਕ ਵਾਲ-ਵਾਲ ਬਚ ਗਏ। ਘਰ ਦੇ ਮਾਲਕ ਪੂਰਨ ਚੰਦ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਲੜਕੇ ਸਮੇਤ ਘਰ ਦੇ ਕਮਰੇ ਅੰਦਰ ਸੁੱਤਾ ਪਿਆ ਸੀ ਕਿ ਸਵੇਰੇ 5:30 ਵਜੇ ਦੇ ਕਰੀਬ ਉਨਾਂ ਦੇ ਲੜਕੇ ਦੀ ਨੀਂਦ ਖੁੱਲੀ ਤੇ ਉਸਨੇ ਕੁੱਝ ਸੀਮੈਂਟ ਦੇ ਟੁਕੜੇ ਛੱਤ ਤੋਂ ਡਿੱਗਦੇ ਹੋਏ ਵੇਖੇ ਲੜਕੇ ਨੇ ਤੁਰੰਤ ਸ਼ੋਰ ਮਚਾ ਕੇ ਆਪਣੇ ਮਾਤਾ-ਪਿਤਾ ਨੂੰ ਉਠਾ ਕੇ ਬਾਹਰ ਲਿਆਂਦਾ। ਪਰਿਵਾਰ ਦੇ ਤਿੰਨ ਮੈਂਬਰ ਜਿਉਂ ਹੀ ਕਮਰੇ ਚੋ ਬਾਹਰ ਨਿਕਲੇ ਤਾਂ ਕਮਰੇ ਦੀ ਛੱਤ ਡਿੱਗ ਪਈ। ਉਨਾਂ ਦੱਸਿਆ ਕਿ ਛੱਤ ਡਿੱਗਣ ਕਾਰਨ ਅੰਦਰ ਪਿਆ ਸਮਾਨ ਜਿਸ ਵਿੱਚ ਪੇਟੀ, ਬੈਡ, ਬਰਤਨ, ਟੈਲੀਵਿਜਨ, ਮੰਜੇ ਤੇ ਹੋਰ ਸਮਾਨ ਸ਼ਾਮਲ ਹੈ, ਬੁਰੀ ਤਰਾਂ ਨੁਕਸਾਨੇ ਗਏ। ਉਨਾਂ ਦੱਸਿਆ ਕਿ ਇਸ ਘਟਨਾ ’ਚ ਕਮਰੇ ਦੇ ਅੰਦਰ ਸੁੱਤਾ ਪਿਆ ਇੱਕ ਕੱੁਤਾ ਮਾਰਿਆ ਗਿਆ। ਉਨਾਂ ਦੱਸਿਆ ਕਿ ਨਾਲ ਲਗਦੇ ਗੋਪੀ ਚੰਦ ਦੇ ਮਕਾਨ ’ਚ ਵੀ ਤਰੇੜਾਂ ਆ ਗਈਆਂ ਹਨ ਤੇ ਇਹ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਉਨਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਯੋਗ ਸਹਾਇਤਾ ਮੁਹੱਈਆ ਕਰਵਾਈ ਜਾਵੇ।