ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ, ਸਵੇੇੇਰੇ 8 ਵਜੇ ਤੋਂ ਕਾਊਂਟਿੰਗ ਸੈਂਟਰਾਂ ਵਿੱਚ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ : ਜ਼ਿਲ੍ਹਾ ਚੋਣ ਅਫਸਰ

ਫਿਰੋਜ਼ਪੁਰ 21 ਸਤੰਬਰ ( ਸੰਦੀਪ ਕੰਬੋਜ ਜਈਆ) : 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਅੱੱਜ 22 ਸਿਤੰਬਰ ਨੂੰ ਸਵੇਰੇ 08:00 ਵਜੇ ਸ਼ੁਰੂ ਹੋਵੇਗੀ ਜਿਸਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 3 ਸੈਂਟਰ ਮਨੋਹਰ ਲਾਲ ਸੀ.ਸੈ. ਸਕੂਲ ਫਿਰੋਜ਼ਪੁਰ ਕੈਂਟ, ਸਰਕਾਰੀ ਕਾਲਜ ਮੋਹਕਮ ਖਾਂ ਵਾਲਾ ਅਤੇ ਸਰਕਾਰੀ ਸੀ.ਸੈ. ਸਕੂਲ ਲੜਕੇ ਮਮਦੋਟ  ਵਿਖੇ ਬਣਾਏ ਗਏ ਹਨ। ਇੰਨ੍ਹਾਂ ਸੈਂਟਰਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 4 ਜੋਨਾਂ 5,8,9,10 ਅਤੇ ਤਿੰਨ ਬਲਾਕ ਸੰਮਤੀਆਂ ਫਿਰੋਜ਼ਪੁਰ, ਘੱਲਖੁਰਦ ਅਤੇ ਮਮਦੋਟ ਲਈ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਹੋਵੇਗੀ। ਮਨੋਹਰ ਲਾਲ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਫਾਇਨਲ ਰਹਿਸਲ ਦੌਰਾਨ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੌਰਾਨ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਚੋਣ ਅਮਲੇ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਮੁੱਚੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ। ਉਨ੍ਹਾਂ ਨੇ ਕਿਹਾ ਕਿ ਗਿਣਤੀ ਦੌਰਾਨ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ।