ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਚੋਣਾਂ ਲਈ ਜ਼ਿਲੇ ‘ਚ ਕੁੱਲ 55.90 ਫੀਸਦੀ ਮਤਦਾਤਾਵਾਂ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ-ਜ਼ਿਲਾ ਚੋਣ ਅਫ਼ਸਰ ਡੀ ਪੀ ਐੱਸ ਖਰਬੰਦਾ

ਮੋਗਾ 19 ਸਤੰਬਰ:(ਜਸ਼ਨ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਦੇ 15 ਚੋਣ ਹਲਕਿਆਂ ਅਤੇ 5 ਪੰਚਾਇਤ ਸਮਿਤੀਆਂ ਦੇ 96 ਚੋਣ ਹਲਕਿਆਂ ‘ਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੰਮ ਅਮਨ-ਅਮਾਨ ਨਾਲ ਤੇ ਸ਼ਾਂਤੀ-ਪੂਰਵਿਕ ਸਪੰਨ ਹੋ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਚੋਣਾਂ ਲਈ ਜ਼ਿਲਾ ਵਾਸੀਆਂ ਨੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੇ ਨੁਮਾਇੰਦਿਆਂ ਦੀ ਚੋਣ ਲਈ ਵੱਖਰੇ-ਵੱਖਰੇ ਬੈਲਟ ਪੇਪਰਾਂ ਦੀ ਵਰਤੋਂ ਕਰਦਿਆਂ 55.90 ਫ਼ੀਸਦੀ ਵੋਟਾਂ ਪਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜ਼ਿਲਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਪੋਲਿੰਗ ਸਟਾਫ਼ ਪਾਸੋ ਪੋਲ ਹੋਈਆਂ ਵੋਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨਾਂ ਇਸ ਮੌਕੇ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਵੀ ਕੀਤਾ ਗਿਆ। ਪਿੰਡਾਂ ਦੇ ਲੋਕਾਂ ਨੇ ਆਪਣੀ ਮਰਜ਼ੀ ਦੇ ਨੁਮਾਇੰਦਿਆਂ ਦੀ ਚੋਣ ਲਈ ਉਤਸ਼ਾਹ ਨਾਲ ਵੋਟਾਂ ਪਾਈਆਂ ਅਤੇ ਕਈ ਪੋਲਿੰਗ ਬੂਥਾਂ ‘ਤੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਵੀ ਵੇਖਣ ਨੂੰ ਮਿਲੀਆਂ। ਡਿਪਟੀ ਕਮਿਸ਼ਨਰ ਨੇੇ ਸ਼ਾਂਤੀ ਪੂਰਵਿਕ ਚੋਣਾਂ ਕਰਵਾਉਣ ਲਈ ਜ਼ਿਲੇ ਦੇ ਵੋਟਰਾਂ ਤੇ ਅਧਿਕਾਰੀਆਂ/ਕ੍ਰਮਚਾਰੀਆਂ ਦਾ ਧੰਨਵਾਦ ਕੀਤਾ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਮੋਗਾ-1 ‘ਚ 57.04 ਫ਼ੀਸਦੀ, ਬਲਾਕ ਮੋਗਾ-2 ‘ਚ 57 ਫ਼ੀਸਦੀ, ਬਲਾਕ ਬਾਘਾਪੁਰਾਣਾ ‘ਚ 53 ਫ਼ੀਸਦੀ, ਬਲਾਕ ਨਿਹਾਲ ਸਿੰਘ ਵਾਲਾ ‘ਚ 57.16 ਫ਼ੀਸਦੀ ਅਤੇ ਬਲਾਕ ਬਲਾਕ ਧਰਮਕੋਟ ਐਟ ਕੋਟ ਈਸੇ ਖਾਂ ‘ਚ 55.30 ਫ਼ੀਸਦੀ ਪੋਲਿੰਗ ਹੋਈ। ਉਨਾਂ ਦੱਸਿਆ ਕਿ ਬੈਲਟ ਬਕਸੇ ਬਲਾਕ-ਵਾਈਜ਼ ਬਣਾਏ ਗਏ ਵੱਖ-ਵੱਖ 5 ਸਟਰਾਂਗ ਰੂਮਾਂ ਵਿੱਚ ਸਖਤ ਨਿਗਰਾਨੀ ਹੇਠ ਰੱਖੇ ਜਾਣਗੇ। ਉਨਾਂ ਦੱਸਿਆ ਕਿ ਜ਼ਿਲਾ ਪ੍ਰੀਸ਼ਦ/ਪੰਚਾਇਤ ਸੰਮਤੀ ਮੋਗਾ-1 ਦੇ ਬੈਲਟ ਬਕਸੇ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਸਥਾਪਿਤ ਕੀਤੇ ਗਏ ਸਟਰਾਂਗ ਰੂਮ ‘ਚ ਰੱਖੇ ਜਾਣਗੇ। ਇਸੇ ਤਰਾਂ ਬਲਾਕ ਮੋਗਾ-2 ਦੇ ਬੈਲਟ ਬਕਸੇ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਮੋਗਾ, ਬਲਾਕ ਬਾਘਾਪੁਰਾਣਾ ਦੇ ਬੈਲਟ ਬਕਸੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ, ਬਲਾਕ ਨਿਹਾਲ ਸਿੰਘ ਵਾਲਾ ਦੇ ਬੈਲਟ ਬਕਸੇ ਕਮਲਾ ਨਹਿਰੂ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਐਟ ਕੋਟ ਈਸੇ ਖਾਂ ਦੇ ਬੈਲਟ ਬਕਸੇ ਕਮਿਊਨਿਟੀ ਹਾਲ ਦਫ਼ਤਰ ਬੀ.ਡੀ.ਪੀ.ਓ. ਕੋਟ ਈਸੇ ਖਾਂ ਵਿਖੇ ਸਥਾਪਿਤ ਕੀਤੇ ਗਏ ਸਟਰਾਂਗ ਰੂਮ ‘ਚ ਰੱਖੇ ਜਾਣਗੇ ਅਤੇ ਇਨਾਂ ਥਾਵਾਂ ‘ਤੇ ਹੀ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।