ਜਗਰੂਪ ਸਿੰਘ ਤਖਤੂਪੁਰਾ ਅਤੇ ਪਰਮਜੀਤ ਸਿੰਘ ਨੰਗਲ ਦਰਮਿਆਨ ਫ਼ਸਵਾਂ ਮੁਕਾਬਲਾ, 7 ਵਿਧਾਇਕਾਂ ਨੂੰ ਜਿੱਤਾਉਣ ਵਾਲੇ ਕਿੰਗ ਮੇਕਰ ਜਗਰੂਪ ਤਖਤੂਪੁਰਾ ਦੀ ਹਮਾਇਤ ’ਤੇ ਆਈ ਸਮੁੱਚੀ ਕਾਂਗਰਸ

ਨਿਹਾਲ ਸਿੰਘ ਵਾਲਾ, 18(ਜਸ਼ਨ)-ਮੋਗੇ ਜ਼ਿਲੇ ਵਿਚ 19 ਸਤੰਬਰ ਨੂੰ ਪੈ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਪੱਬਾਂ ਭਾਰ ਹੋਣ ਲਈ ਮਜਬੂਰ ਕਰ ਦਿੱਤਾ ਹੈ। ਜ਼ਿਲਾ ਪ੍ਰੀਸ਼ਦ ਦੇ ਵੱਖ ਵੱਖ ਜ਼ੋਨਾਂ ਵਿਚ ਫ਼ਸਵੇਂ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ ਪਰ ਮੋਗਾ ਜ਼ਿਲੇ ਦਾ ਬਿਲਾਸਪੁਰ ਜ਼ੋਨ ਸੂਬਾ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਜ਼ੋਨ ਵਿਚ ਕਾਂਗਰਸੀ ਉਮੀਦਵਾਰ ਵਜੋਂ ਟਕਸਾਲੀ ਕਾਂਗਰਸੀ ਸਾਬਕਾ ਚੇਅਰਮੈਨ ਜਗਰੂਪ ਸਿੰਘ ਤਖਤੂਪੁਰਾ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਨੰਗਲ ਨਾਲ ਹੋ ਰਿਹਾ ਹੈ। ਪਰਮਜੀਤ ਸਿੰਘ ਨੰਗਲ ਚੋਣ ਦੰਗਲ ਤੋਂ ਪਹਿਲਾਂ ਕਾਂਗਰਸ ਦੇ ਹੀ ਅੰਗ ਸਨ ਅਤੇ ਬਿਲਾਸਪੁਰ ਜ਼ੋਨ ਤੋਂ ਉਮੀਦਵਾਰੀ ਦੇ ਦਾਅਵੇਦਾਰ ਸਨ ਪਰ ਹਾਈ ਕਮਾਂਡ ਵੱਲੋਂ ਜਗਰੂਪ ਸਿੰਘ ਤਖਤੂਪੁਰਾ ਨੂੰ ਉਮੀਦਵਾਰ ਬਣਾਏ ਜਾਣ ਤੋਂ ਨਰਾਜ਼ ਹੋ ਕੇ ਉਹਨਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ। ਕਾਂਗਰਸ ਨੇ ਨੰਗਲ ਨੂੰ ਬਾਗੀ ਉਮੀਦਵਾਰ ਕਰਾਰ ਦਿੰਦਿਆਂ ਪਾਰਟੀ ਵਿਚੋਂ 6 ਸਾਲ ਲਈ ਬਾਹਰ ਕੱਢ ਦਿੱਤਾ ਪਰ ਉਹਨਾਂ ਦਾ ਆਖਣਾ ਹੈ ਕਿ ਪਾਰਟੀ ਵਰਕਰ ਹੀ ਉਹਨਾਂ ਦਾ ਸਰਮਾਇਆ ਹਨ। ਦੂਸਰੇ ਪਾਸੇ ਜਗਰੂਪ ਸਿੰਘ ਤਖਤੂਪਰਾ ਦੇ ਹਮਾਇਤੀ ਦਾਅਵਾ ਕਰਦੇ ਨੇ ਕਿ ਮਾਰਕੀਟ ਕਮੇਟੀ ਬੱਧਣੀ ਕਲਾਂ ਦੇ ਚੇਅਰਮੈਨ ਵਜੋਂ ਜਗਰੂਪ ਸਿੰਘ ਤਖਤੂਪੁਰਾ ਨੇ ਸਮੁੱਚੇ ਇਲਾਕੇ ਦਾ ਜਿਸ ਨਿਸ਼ਠਾ ਨਾਲ ਵਿਕਾਸ ਕਰਵਾਇਆ ਸੀ ਉਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ । ਉਹ ਆਖਦੇ ਨੇ ਕਿ ਤਖਤੂਪੁਰਾ 15 ਸਾਲ ਆਪਣੇ ਪਿੰਡ ਦੇ ਸਰਪੰਚ ਰਹੇ ਅਤੇ ਲੋਕਾਂ ਦਾ ਦਿਲ ਜਿੱਤਿਆ। ਸਿਆਸੀ ਲੋਕ ਇਹ ਮੰਨਦੇ ਹਨ ਕਿ ਅਜੀਤ ਸਿੰਘ ਸ਼ਾਂਤ,ਅਜਾਇਬ ਸਿੰਘ ਰੌਂਤਾਂ ,ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ,ਦਰਸ਼ਨ ਸਿੰਘ ਬਰਾੜ ,ਜੋਗਿੰਦਰਪਾਲ ਜੈਨ ,ਵਿਜੇ ਸਾਥੀ ਅਤੇ ਡਾ: ਹਰਜੋਤ ਕਮਲ ਆਦਿ ਵਿਧਾਇਕਾਂ ਦੇ ਚੋਣ ਪ੍ਰਚਾਰ ਵਿਚ ਸੂਤਰਧਾਰ ਦਾ ਰੋਲ ਨਿਭਾਉਣ ਵਾਲੇ ਅਤੇ ਉਹਨਾਂ ਦੀ ਜਿੱਤ ਦੀ ਪੱਟਕਥਾ ਲਿਖਣ ਵਾਲੇ ਜਗਰੂਪ ਸਿੰਘ ਤਖਤੂਪੁਰਾ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਨੇ । ਤੇ ਇੰਜ ਕਿੰਗ ਮੇਕਰ ਜਗਰੂਪ ਸਿੰਘ ਤਖਤੂਪੁਰਾ ਨੂੰ ਪਿੰਡਾਂ ਦੇ ਲੋਕ ਜ਼ਿਲਾ ਪ੍ਰੀਸ਼ਦ ਚੋਣ ਵਿਚ ਦਿ੍ਰੜ ਸੰਕਲਪ ਹੋ ਕੇ ਹਮਾਇਤ ਦੇ ਰਹੇ ਹਨ। ਹਮਾਇਤੀਆਂ ਨੇ ਇਸ ਗੱਲ ’ਤੇ  ਗਿਲਾ ਕੀਤਾ ਕਿ ਕਾਂਗਰਸ ਦੇ ਹੀ ਕੁਝ ਸੀਨੀਅਰ ਆਗੂ ਤਖਤੂਪੁਰਾ ਦੇ ਚੋਣ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਦੇ ਨਾਕਾਮ ਯਤਨ ਕਰ ਰਹੇ ਹਨ ਜਦਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਲੈ ਕੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਤੱਕ ਸਮੁੱਚੀ ਕਾਂਗਰਸ ਤਖਤੂਪੁਰਾ ਦੀ ਪਿੱਠ ’ਤੇ ਖੜੀ ਹੈ। ਉਹ ਦਆਵਾ ਕਰਦੇ ਨੇ ਕਿ 35 ਸਾਲ ਸਾਫ਼ ਸੁਥਰੀ ਰਾਜਨੀਤੀ ਕਰਨ ਵਾਲੇ ਜਗਰੂਪ ਸਿੰਘ ਤਖਤੂਪੁਰਾ ਇਤਿਹਾਸਕ ਜਿੱਤ ਦਰਜ ਕਰਨਗੇ ਅਤੇ ਇਲਾਕੇ ਦਾ ਸਮੁੱਚਾ ਵਿਕਾਸ ਹੋ ਸਕੇਗਾ। 
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।