ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੁਗਿੰਦਰ ਸਿੰਘ ਦੇ ਪੋਤਰੇ ਦੀ ਇਲਾਜ ਖੁਣੋਂ ਮੌਤ,ਸਰਕਾਰ ਨੂੰ ਸ਼ਹੀਦ ਦੇ ਪਰਿਵਾਰ ਦੀ ਸਾਰ ਲੈਣ ਦੀ ਅਪੀਲ

ਬਾਘਾਪੁਰਾਣਾ,18 ਸਤੰਬਰ (ਰਾਜਿੰਦਰ ਸਿੰਘ ਕੋਟਲਾ): ਸੰਨ 1962 ਦੀ ਭਾਰਤ-ਚੀਨ ਜੰਗ ਦੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਮਾਹਲਾ ਦੇ ਅਪਾਹਜ ਪੋਤਰੇ ਕੁਲਵੀਰ ਸਿੰਘ ਬਿੱਟੂ ਦੀ ਲੰਬੀ ਬਿਮਾਰੀ ਦੀ ਹਾਲਤ ’ਚ ਆਰਥਿਕ ਹਾਲਤ ਮੰਦੀ ਹੋਣ ਕਰਕੇ ਇਲਾਜ ਖੁਣੋਂ ਪਿਛਲੇ ਦਿਨੀਂ ਮੌਤ ਹੋ ਗਈ। ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਜੀ ਵਿਧਵਾ ਨੂੰਹ ਹਰਬੰਸ ਕੌਰ ਅਤੇ ਪੋਤਰੀ ਮਨਦੀਪ ਕੌਰ ਨੇ ਦੱਸਿਆ ਕਿ ਕੁਲਵੀਰ ਸਿੰਘ ਅਪਾਹਜ ਤਾਂ ਸ਼ੁਰੂ ਤੋਂ ਹੀ ਸੀ ਪਰ ਜਿਸ ਨੂੰ ਕਈ ਬਿਮਾਰੀ ਗੰਭੀਰ ਬਿਮਾਰੀਆਂ ਨੇ ਆਪਣੀ ਜਕੜ ’ਚ ਲਿਆ ਹੋਇਆ ਸੀ। ਉਨਾਂ ਦੱਸਿਆ ਕਿ ਉਨਾਂ ਨੇ ਆਪਣੇ ਵਿੱਤ ਤੋਂ ਵੀ ਕਿਤੇ ਵੱਧ ਉਸ ਦੇ ਇਲਾਜ ਲਈ ਉਪਰਾਲੇ ਕੀਤੇ ਇੱਥੋਂ ਤੱਕ ਕਿ ਘਰ ਦੇ ਗਹਿਣੇ ਗੱਟੇ ਵੀ ਵੇਚ ਕੇ ਘਰ ’ਤੇ ਖਰਚ ਕਰ ਦਿੱਤੇ ਪਰ ਬਿਮਾਰੀ ਰੁਕਣ ਦੀ ਬਜਾਏ ਦਿਨੋਂ-ਦਿਨ ਵਧਦੀ ਗਈ। ਉਨਾਂ ਕਿਹਾ ਕਿ ਸਾਡੇ ਪਰਿਵਾਰ ਦੀ ਆਰਥਿਕ ਮਦਦ ਲਈ ਤਾਂ ਪੰਜਾਬ ਸਰਕਾਰ ਨੇ ਪਹਿਲਾ ਹੀ ਹੱਥ ਖੜੇ ਕਰ ਦਿੱਤੇ ਸੀ । ਉਹਨਾਂ ਦੱਸਿਆ ਕਿ ਪਰ ਪਿਛਲੇ ਸਮੇਂ ਦੌਰਾਨ ਪ੍ਰਸਿੱਧ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਦੇ ਨਾਮ ’ਤੇ ਫਿਲਮ ਬਣਾ ਕੇ ਕਾਫੀ ਸ਼ੋਹਰਤ ਵੀ ਖੱਟੀ ਅਤੇ ਕਰੋੜਾਂ ਰੁਪਿਆ ਵੀ ਕਮਾਇਆ । ਇੱਥੇ ਇਹ ਵੀ ਦੱਸਣਾ ਬਣਦਾ ਹੈ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਦਾ ਕਿਰਦਾਰ ਨਿਭਾਉਣ ਵਾਲਾ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਨੇ ਫਿਲਮ ਰਿਲੀਜ਼ ਕਰਨ ਤੋਂ ਪਹਿਲਾ ਪ੍ਰੈਸ ਰਾਹੀਂ ਵਾਅਦਾ ਕੀਤਾ ਸੀ ਕਿ ਉਹ ਸੂਬੇਦਾਰ ਦੇ ਪੋਤਰੇ ਕੁਲਵੀਰ ਸਿੰਘ ਦਾ ਇਲਾਜ ਕਰਵਾਉਣ ਅਤੇ ਆਰਥਿਕ ਮਦਦ ਕਰੇਗਾ ਪਰ ਉਹ ਵੀ ਵਫ਼ਾ ਨਾ ਹੋਇਆ ਅਤੇ ਇੱਥੋਂ ਤੱਕ ਕਿ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਦੇ ਨਾਮ ’ਤੇ ਬਣੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਗਿੱਪੀ ਗਰੇਵਾਲ ਨੇ ਪਰਿਵਾਰਕ ਮੈਂਬਰਾਂ ਦਾ ਫੋਨ ਚੁੱਕਣਾ ਵੀ ਮੁਨਾਸਬ ਨਾ ਸਮਝਿਆ। ਜ਼ਿਕਰਯੋਗ ਹੈ ਕਿ ਸੂਬੇਦਾਰ ਜੁਗਿੰਦਰ ਸਿੰਘ ਦੇ ਸਪੁੱਤਰ ਅਮਰਜੀਤ ਸਿੰਘ ਦੀ 26 ਸਾਲ ਪਹਿਲਾ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਸੂਬੇਦਾਰ ਜੁਗਿੰਦਰ ਸਿੰਘ ਦੇ ਇੱਕ ਪੋਤਰੇ ਦੀ ਵੀ ਮੌਤ ਹੋ ਚੁੱਕੀ ਹੈ ਪਰ ਇਸ ਤੋਂ ਬਾਅਦ ਸੂਬੇਦਾਰ ਜੁਗਿੰਦਰ ਸਿੰਘ ਦੀ ਵਿਧਵਾ ਨੂੰਹ ਪਿੰਡ ਆਲਮ ਵਾਲਾ ਕਲਾਂ ਨੇੜੇ ਬਾਘਾਪੁਰਾਣਾ (ਮੋਗਾ) ਵਿਖੇ ਆਪਣੇ ਅਪਾਹਜ ਲੜਕੇ ਅਤੇ ਪੁੱਤਰੀ ਨਾਲ ਆਰਥਿਕ ਮੰਦਹਾਲੀ ਅਤੇ ਜਿੰਦਗੀ ਦੀਆਂ ਤੰਗੀਆਂ-ਤੁਰਸੀਆਂ ਨਾਲ ਰਹਿ ਰਹੀ ਸੀ ਅਤੇ ਹੁਣ ਇਲਾਜ ਖੁਣੋਂ ਆਪਣੇ ਰਹਿੰਦੇ ਪੁੱਤ ਨੂੰ ਵੀ ਗਵਾਉਣਾ ਪਿਆ। ਪਿੰਡ ਦੇ ਅਗਾਂਹਵਧੂ ਸੋਚ ਦੇ ਧਾਰਨੀ ਲੇਖਕ ਲਖਵੀਰ ਕੋਮਲ,ਪੱਤਰਕਾਰ ਰਾਜਿੰਦਰ ਕੋਟਲਾ,ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ,ਜਸਪਾਲ ਸਿੰਘ,ਗੁਰਸੇਵਕ ਸਿੰਘ ਆਦਿ ਨੇ ਜਿੱਥੇ ਇਸ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਉੱਥੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੰੂੁ ਵੀ ਮੁੜ ਅਪੀਲ ਕੀਤੀ ਕਿ ਮਗਰ ਰਹਿ ਗਏ ਸ਼ਹੀਦ ਸੂਬੇਦਾਰ ਜੁਗਿੰਦਰ ਸਿੰਘ ਦੀ ਵਿਧਵਾ ਨੂੰਹ ਹਰਬੰਸ ਕੌਰ ਅਤੇ ਪੋਤਰੀ ਦੀ ਢੁਕਵੀਂ ਮਦਦ ਕੀਤੀ ਜਾਵੇ। ਸ਼ਹੀਦ ਦੇ ਪੋਤਰੇ ਮਿ੍ਰਤਕ ਕੁਲਵੀਰ ਸਿੰਘ ਦਾ ਸਰਧਾਂਜਲੀ ਸਮਾਰੋਹ 25 ਸਤੰਬਰ ਨੂੰ ਗੁਰਦੁਅਰਾ ਬਾਬਾ ਗੁਰਦਿਆਲ ਸਿੰਘ ਪਿੰਡ ਆਲਮਵਾਲਾ ਕਲਾਂ (ਮੋਗਾ) ਵਿਖੇ ਹੋਵੇਗਾ।