ਬੇਰੋਜ਼ਗਾਰ ਨੌਜਵਾਨ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਨੂੰ ਤਰਜੀਹ ਦੇਣ-ਡੀ.ਪੀ.ਐਸ. ਖਰਬੰਦਾ

ਮੋਗਾ 12 ਸਤੰਬਰ: (ਜਸ਼ਨ): ਬੇਰੋਜ਼ਗਾਰ ਨੌਜਵਾਨ ਸਰਕਾਰੀ ਨੌਕਰੀਆਂ ਅਤੇ ਵਿਦੇਸ਼ਾਂ ਵੱਲੋ ਦੌੜਨ ਦੀ ਬਜਾਏ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਨੂੰ ਤਰਜੀਹ ਦੇਣ। ਇਹ ਪ੍ਰੇਰਨਾ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਆਈ.ਏ.ਐਸ. ਨੇ ਦਿਹਾਤੀ ਸਵੈ ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਮੋਗਾ ਵਿਖੇ ਸੰਸਥਾ ਤੋ ਸਿਖਲਾਈ ਪ੍ਰਾਪਤ ਕਰ ਰਹੇ ਅਤੇ ਕਰ ਚੁੱਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਖਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਵੈ ਰੋਜ਼ਗਾਰ ਅਪਣਾ ਕੇ ਆਪਣੇ ਪੈਰਾਂ ਤੇ ਖੜਾ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਅਪਨਾਉਣ ਵਾਲੇ ਕੰਮ ਧੰਦੇ ਬਾਰੇ ਭਵਿੱਖ ਦੀ ਯੋਜਨਾ ਤਿਆਰ ਕਰਕੇ ਦਿ੍ਰੜ ਇਰਾਦੇ ਨਾਲ ਉਸ ਟੀਚੇ ਦੀ ਪ੍ਰਾਪਤੀ ਲਈ ਯਤਨ ਕਰਨ। ਉਨਾਂ ਵੱਖ-ਵੱਖ ਬੈਕਾਂ ਤੋ ਆਏ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋ ਵੱਧ ਕਰਜ਼ੇ ਮੁਹੱਈਆ ਕਰਵਾਉਣ ਤਾਂ ਜੋ ਬੇਰੋਜ਼ਗਾਰ ਨੌਜਵਾਨ ਸਵੈ ਰੋਜ਼ਗਾਰ ਦਾ ਧੰਦਾ ਅਪਣਾ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਯੋਗ ਹੋ ਸਕਣ। ਉਨਾਂ ਬੈਕ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਬੇਰੋਜ਼ਗਾਰ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦੇ ਹੀ ਕਰਜ਼ੇ ਦੇਣ ਨੂੰ ਪਹਿਲ ਦੇਣ ਤਾਂ ਜੋ ਨੌਜਵਾਨ ਕਰਜ਼ੇ ਦੀ ਰਾਸ਼ੀ ਦੀ ਯੋਗ ਵਰਤੋ ਕਰਕੇ ਲਾਭ ਉਠਾ ਸਕਣ। ਉਨਾਂ ਸਿਖਿਆਰਥੀਆਂ ਨੂੰ ਵੀ ਸਿੱਖਲਾਈ ਪ੍ਰਾਪਤ ਕਰਨ ਉਪਰੰਤ ਬੈਕਾਂ ਤੋ ਕਰਜ਼ੇ ਲੈ ਕੇ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਨੌਜਵਾਨ ਆਪਣੇ ਪਰਿਵਾਰਕ ਖੁਸ਼ਹਾਲੀ ‘ਚ ਯੋਗਦਾਨ ਪਾ ਸਕਣ।ਇਸ ਮੌਕੇ ਆਰਸੇਟੀ ਡਾਇਰੈਕਟਰ ਐਚ.ਪੀ. ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ 2009 ਤੋ ਸ਼ੁਰੂ ਹੋਈ ਇਸ ਸੰਸਥਾ ਵੱਲੋ ਹੁਣ ਤੱਕ ਵੱਖ ਵੱਖ ਸਿਖਲਾਈ ਕੋਰਸਾਂ ਦੇ 164 ਬੈਚ ਸਫ਼ਲਤਾ ਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 4,892 ਸਿਖਿਆਰਥੀ ਸਿਲਾਈ ਕਢਾਈ, ਬਿਊਟੀ ਪਾਰਲਰ, ਡੇਅਰੀ ਫਾਰਮਿੰਗ, ਕੰਪਿਊਟਰ ਬੇਸਿਕ ਅਤੇ ਪਲੰਬਰ ਆਦਿ ਵੱਖ ਵੱਖ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਸ ਮੌਕੇ ਲੀਡ ਜ਼ਿਲਾ ਮੈਨੇਜਰ ਸਵਰਨਜੀਤ ਸਿੰਘ ਗਿੱਲ ਨੇ ਜ਼ਿਲੇ ਦੀਆਂ ਸਮੂਹ ਬੈਕਾਂ ਵੱਲੋ ਭਰੋਸਾ ਦਿਵਾਇਆ ਕਿ ਬੈਕਾਂ ਵੱਲੋ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋ ਵੱਧ ਕਰਜ਼ੇ ਮੁਹੱਈਆ ਕਰਵਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਤੋ ਪਹਿਲਾਂ ਆਰਸੇਟੀ ਮੋਗਾ ਦੀ ਤਿਮਾਹੀ ਮੀਟਿੰਗ ਦੌਰਾਨ ਤਿਮਾਹੀ ਰਿਪੋਰਟ ਪੇਸ਼ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਨੇ ਪੰਜਾਬ ਐਡ ਸਿੰਘ ਬੈਕ ਆਰਸੇਟੀ ਦੇ ਕੰਮ-ਕਾਜ ਦਾ ਨਿਰੀਖਣ ਕਰਦਿਆਂ ਵਿਸਥਾਰ ਵਿੱਚ ਮੈਂਬਰਾਂ ਪਾਸੋਂ ਜਾਣਕਾਰੀ ਹਾਸਲ ਕੀਤੀ।ਇਸ ਮੋਕੇ ਜ਼ਿਲਾ ਰੋਜ਼ਗਾਰ ਅਫ਼ਸਰ ਪਰਮਿੰਦਰ ਕੌਰ, ਡਿਪਟੀ ਡਾਇਰੈਕਟਰ ਕਿ੍ਰਸ਼ੀ ਵਿਗਿਆਨ ਕੇਦਰ ਅਮਨਦੀਪ ਸਿੰਘ, ਐਨ.ਜੀ.ਓ. ਐਸ.ਕੇ. ਬਾਂਸਲ, ਬਲਵਿੰਦਰ ਸਿੰਘ ਅਤੇ ਆਰਸੇਟੀ ਦੇ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਿਖਿਆਰਥੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।