ਆਮ ਆਦਮੀ ਪਾਰਟੀ ਦੀ ‘ਪੰਜਾਬ ਜੋੜੋ ਰੈਲੀ’ ਐਨ ਮੌਕੇ ’ਤੇ ਮੁਲਤਵੀ,ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਲਿਆ ਫੈਸਲਾ : ਸੰਧਵਾਂ

ਕੋਟਕਪੂਰਾ, 12 ਸਤੰਬਰ (ਟਿੰਕੂ) :- ਕਈ ਦਿਨਾਂ ਦੀ ਤਿਆਰੀ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ‘ਪੰਜਾਬ ਜੋੜੋ ਰੈਲੀ’ ਨੂੰ ਐਨ ਮੌਕੇ ’ਤੇ ਮੁਅੱਤਲ ਕਰਦਿਆਂ ਪਾਰਟੀ ਆਗੂਆਂ ਨੇ ਅਕਾਲੀ ਦਲ ਬਾਦਲ ਦੀ 16 ਸਤੰਬਰ ਦੀ ਹੋਣ ਵਾਲੀ ਰੈਲੀ  ’ਤੇ ਕਿੰਤੂ-ਪਰੰਤੂ ਕੀਤਾ ਹੈ। ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਪਿਛਲੇ ਕਈ ਦਿਨਾਂ ਤੋਂ ਸੁਝਾਅ ਆ ਰਹੇ ਸਨ ਕਿ ਜਿੰਨਾ ਚਿਰ ਬਰਗਾੜੀ ਦੇ ਇਨਸਾਫ ਮੋਰਚੇ ’ਤੇ ਬੈਠੇ ਆਗੂਆਂ ਅਤੇ ਸੰਗਤਾਂ ਦੀਆਂ ਜਾਇਜ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾ ਚਿਰ ਜਿਲਾ ਫਰੀਦਕੋਟ ’ਚ ਕੋਈ ਵੀ ਧਿਰ ਸਿਆਸੀ ਰੈਲੀ ਕਰਨ ਦੀ ਬਜਾਇ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸੰਘਰਸ਼ੀ ਧਿਰਾਂ ਦਾ ਸਾਥ ਦੇਵੇ। ਉਨਾ ਦੱਸਿਆ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿੰਨਾ ਚਿਰ ਬਰਗਾੜੀ ਮੋਰਚਾ ਫਤਿਹ ਨਹੀਂ ਹੁੰਦਾ, ਉਨਾਂ ਚਿਰ ਜਿਲਾ ਫਰੀਦਕੋਟ ਦੇ ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ’ਚ ਕੋਈ ਵੱਡੀ ਕਾਨਫਰੰਸ ਨਹੀਂ ਕੀਤੀ ਜਾਵੇਗੀ। ਉਨਾ ਦੱਸਿਆ ਕਿ 13 ਸਤੰਬਰ ਦਿਨ ਵੀਰਵਾਰ ਨੂੰ ਨੇੜਲੇ ਪਿੰਡ ਢਿੱਲਵਾਂ ਕਲਾਂ ਵਿਖੇ ਹੋਣ ਵਾਲੀ ਪੰਜਾਬ ਜੋੜੋ ਰੈਲੀ ’ਚ ਪਾਰਟੀ ਪ੍ਰਧਾਨ ਭਗਵੰਤ ਮਾਨ ਸਮੇਤ ਸੀਨੀਅਰ ਆਗੂਆਂ ਦੀ ਸ਼ਮੂਲੀਅਤ ਸਬੰਧੀ ਹਰ ਤਰਾਂ ਦੀ ਤਿਆਰੀ ਕੀਤੀ ਜਾ ਚੁੱਕੀ ਸੀ, ਪਾਰਟੀ ਵਰਕਰਾਂ ਤੇ ਹੋਰਨਾ ਨੂੰ ਸੁਨੇਹੇ ਪਹੁੰਚਾਉਣ ਦੇ ਨਾਲ-ਨਾਲ ਇਸ਼ਤਿਹਾਰਬਾਜੀ ਅਤੇ ਹੋਰ ਤਿਆਰੀ ਦੇ ਮੁਕੰਮਲ ਹੋ ਜਾਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਬੇਅਦਬੀ ਅਤੇ ਗੋਲੀਕਾਂਡ ਦੇ ਅਸਲ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਦੀਆਂ, ਉਦੋਂ ਤੱਕ ਅਸੀ ਪੀੜਤ ਪਰਿਵਾਰਾਂ ਦੇ ਹਰ ਦੁੱਖ ਸੁੱਖ ’ਚ ਭਾਈਵਾਲ ਹੋਵਾਂਗੇ। ਉਨਾ ਆਖਿਆ ਕਿ ਹੁਣ ਸਪੱਸ਼ਟ ਹੋ ਜਾਵੇਗਾ ਕਿ ਆਪਣੇ ਆਪ ਨੂੰ ਪੰਥ ਦਾ ਅਖੌਤੀ ਅਲੰਬਰਦਾਰ ਕਹਾਉਣ ਵਾਲਾ ਬਾਦਲ ਟੋਲਾ ਵੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ 16 ਸਤੰਬਰ ਦੀ ਰੈਲੀ ਰੱਦ ਕਰਕੇ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ ਜਾਂ ਆਪਣੀ ਹਊਮੈਂ ਨੂੰ ਪੱਠੇ ਪਾਉਣ ਲਈ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਲਈ ਰੈਲੀ ਸਬੰਧੀ ਬਜਿੱਦ ਰਹਿੰਦਾ ਹੈ।