ਨਸ਼ਿਆਂ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਿ੍ਰਤ ਕਰਨ ਲਈ ਵਿਲੱਖਣ ਮੁਹਿੰਮ ਤੰਦਰੁਸਤ ਪੰਜਾਬ, ਜੀਵੇ ਪੰਜਾਬ ’ ਦੀ ਹੋਈ ਸ਼ੁਰਆਤ-ਐੱਸ ਐੱਸ ਪੀ ਗੁਰਪ੍ਰੀਤ ਸਿੰਘ ਤੂਰ

ਮੋਗਾ 12 ਸਤੰਬਰ(ਜਸ਼ਨ)-ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਅਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਿ੍ਰਤ ਕਰਨ ਲਈ ਵਰਲਡ ਕੈਂਸਰ ਕੇਅਰ ਅਤੇ ਜ਼ਿਲਾ ਪੁਲੀਸ ਮੋਗਾ ਵੱਲੋਂ ਸਾਝਾਂ ਉਪਰਾਲਾ ਕਰਦਿਆਂ ਇੱਕ ਵਿਲੱਖਣ ਮੁਹਿੰਮ ਦੀ ਸ਼ੁਰਆਤ ਕੀਤੀ ਗਈ ਹੈ। ਨਸ਼ਿਆਂ ਵਿਰੁੱਧ ਆਰੰਭੀ ਇਸ ਜਾਗ੍ਰਤੀ ਮੁਹਿੰਮ ਤਹਿਤ ਅੱਜ ਜਿਲੇ ਦੇ ਪਿੰਡ ਡਾਲਾ ਵਿਖੇ ’ ਤੰਦਰੁਸਤ ਪੰਜਾਬ, ਜੀਵੇ ਪੰਜਾਬ ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸੀਨੀਅਰ ਕਪਤਾਨ ਪੁਲੀਸ ਮੋਗਾ ਸ਼੍ਰੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂੁਕ ਕਰਨ ਲਈ ਵਰਲਡ ਕੈਂਸਰ ਕੇਅਰ ਵੱਲੋਂ ਇੱਕ ਵਿਸ਼ੇਸ਼ ਬੱਸ ਮੁਹੱਈਆ ਕਰਵਾਈ ਗਈ ਹੈ, ਜਿਸ ਰਾਹੀਂ ਲੋਕਾਂ ਵਿੱਚ ਨਸ਼ਿਆਂ ਵਿਰੁੱਧ ਜਾਗਿ੍ਰਤੀ ਪੈਦਾ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਬੱਸ ਰਾਹੀਂ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੌਰਾਨ ਨਸ਼ਿਆਂ ਵਿਰੁੱਧ ਕੋਰੀਓਗ੍ਰਾਫੀ ਅਤੇ ਨੁੱਕੜ ਨਾਟਕਾਂ ਦਾ ਪ੍ਰਬੰਧ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸ: ਤੂਰ ਨੇ ਦੱਸਿਆ ਕਿ ਇਹ ਬੱਸ ਰੋਜਾਨਾ ਵੱਖ-ਵੱਖ ਚਾਰ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ। ਉਨਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਇੱਕ ਮਹੀਨੇ ਦੌਰਾਨ 100 ਤੋਂ ਵੱਧ ਪਿੰਡਾਂ ਨੂੰ ਕਵਰ ਕਰਕੇ ਲੋਕਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰਹਿਣ ਬਾਰੇ ਪ੍ਰੇਰਿਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨਾ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਾਮਵਰ ਸ਼ਖਸ਼ੀਅਤਾਂ ਵੱਲੋਂ ਲੋਕਾਂ ਦੇ ਰੂਬਰੂ ਹੋ ਕੇ ਨਸ਼ਿਆਂ ਵਿਰੁੱਧ ਸੰਦੇਸ਼ ਦਿੱਤਾ ਜਾਵੇਗਾ। ਉਨਾਂ ਦੱਸਿਆ ਅੱਜ ਇਸ ਮੁਹਿੰਮ ਦੇ ਪਹਿਲੇ ਦਿਨ ਡਾਲਾ, ਬੁੱਕਣਵਾਲਾ, ਬਾਘਾਪੁਰਾਣਾ ਅਤੇ ਮਾਣੂੰਕੇ ਪਿੰਡਾਂ ਦੇ ਲੋਕਾਂ ਨੂੰ ਇਸ ਵਿਸ਼ੇਸ਼ ਬੱਸ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ। ਸੀਨੀਅਰ ਕਪਤਾਨ ਪੁਲੀਸ ਮੋਗਾ ਨੇ ਜ਼ਿਲੇ ਦੇ ਹਰ ਨਾਗਰਿਕ ਨੂੰ ਸਮਾਜ ਵਿੱਚੋਂ ਨਸ਼ਿਆਂ ਦੀ ਸਪਲਾਈ ਲਾਈਨ ਰੋਕਣ ਲਈ ਪੁਲੀਸ ਪ੍ਰਸ਼ਾਸ਼ਨ ਦੀ ਸਹਾਇਤਾ ਕਰਨ ਅਤੇ ਨਸ਼ਿਆਂ ਵਿਰੁੱਧ ਅਰੰਭੀਂ ਜੱਦੋ-ਜਹਿਦ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਸੱਭਿਆਚਾਰਕ ਵਿਰਸੇ, ਕਲਾ, ਸਾਹਿਤਕ ਕਿਤਾਬਾਂ ਤੇ ਖੇਡਾਂ ਨਾਲ ਜੁੜਨ ਲਈ ਵੀ ਆਖਿਆ। ਉਨਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਓਟ ਸੈਟਰਾਂ ਚ ਦਾਖਲ ਕਰਵਾ ਕੇ ਉਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਨੌਜਵਾਨਾਂ ਵਿੱਚ ਜਾਗਿ੍ਰਤੀ ਪੈਦਾ ਕਰਨਾ ਸਮਂੇਂ ਦੀ ਮੁੱਖ ਲੋੜ ਹੈ। ਉਨਾਂ ਸਮੂਹ ਨਗਰ ਪੰਚਾਇਤਾਂ, ਸਾਹਿਤਕ ਸਭਾਵਾਂ, ਖੇਡ ਕਲੱਬਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਸੇਵਾ ਮੁਕਤ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋ ਕੇ ਨਸ਼ਿਆਂ ਦੇ ਮੁਕੰਮਲ ਖਾਤਮੇਂ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ। ਉਨਾਂ ਲੋਕਾਂ ਨੂੰ ਆਪਸੀ ਧੜੇਬੰਦੀ ਤੋ ਉੱਪਰ ਉੱਠ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ  ਕਰਨ ਅਤੇ ਵਿਆਹਾਂ ਆਦਿ ਸਮਾਗਮਾਂ ‘ਤੇ ਫ਼ਜੂਲ ਖਰਚੀ ਘੱਟ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਮੈਡਮ ਸ਼ਾਲਿਨੀ, ਡੀ.ਐਸ.ਪੀ. ਅਜੇ ਰਾਜ ਸਿੰਘ, ਮੈਡਮ ਹਰਜੀਤ ਕੌਰ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਆਦਿ ਹਾਜ਼ਰ ਸਨ।ਇਸ ਮੌਕੇ ਸ੍ਰੀ ਕੁਲਵੰਤ ਸਿੰਘ  ਨੇ ਗੁਰੂਆਂ ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ‘ਤੇ ਨਸ਼ਿਆਂ ਦੇ ਵਗ ਰਹੇ ਦਰਿਆ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮਾਜ ਵਿੱਚੋ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ ਦਿੱਤਾ।  ਉਨਾਂ ਕਿਹਾ ਕਿ ਨਸ਼ਿਆਂ ਕਾਰਣ ਅਨੇਕਾਂ ਰੋਗ ਪੈਦਾ ਹੁੰਦੇ ਹਨ ਇਸ ਲਈ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤਿਆਗ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦੀ ਲੋੜ ਹੈ।ਇਸ ਮੌਕੇ ਉਨਾਂ ਨਸ਼ਾ ਵਿਰੋਧੀ ਜਾਗਰੂਕਤਾ ਵੈਨ ਨੂੰ ਵੀ ਰਿਬਨ ਕੱਟ ਕੇ ਰਵਾਨਾ ਕੀਤਾ ਗਿਆ।