ਫਰੀਦਕੋਟ ਜ਼ਿਲੇ ਦੇ ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ’ਚ ਕੋਈ ਸਿਆਸੀ ਰੈਲੀ ਨਾ ਕੀਤੀ ਜਾਵੇ ਜਦੋਂ ਤੱਕ ਬੇਅਦਬੀ ਕਾਂਡ ਉਪਰੰਤ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਜਾਂਦਾ

ਕੋਟਕਪੂਰਾ, 12 ਸਤੰਬਰ (ਟਿੰਕੂ) :- ਵੱਖ-ਵੱਖ ਸਿਆਸੀ, ਗੈਰ ਸਿਆਸੀ ਅਤੇ ਸਮਾਜਸੇਵੀ ਸੰਸਥਾਵਾਂ-ਜਥੇਬੰਦੀਆਂ ਆਦਿ ਨਾਲ ਸਬੰਧਤ ਸ਼ਖਸ਼ੀਅਤਾਂ ਨੇ ਸਥਾਨਕ ਮਿਉਂਸਪਲ ਪਾਰਕ ਵਿਖੇ ਮੀਟਿੰਗ ਕਰਦਿਆਂ ਮੌਜੂਦਾ ਸਰਕਾਰ, ਜਿਲਾ ਪ੍ਰਸ਼ਾਸ਼ਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਵਿਗੜਦੇ ਜਾ ਰਹੇ ਹਾਲਾਤਾਂ ਪ੍ਰਤੀ ਚਿੰਤਾ ਕਰਨ। ਉੱਘੇ ਸਮਾਜਸੇਵੀ ਓਮਕਾਰ ਗੋਇਲ, ਬਾਸਕਿਟਬਾਲ ਕੋਚ ਪ੍ਰੋ. ਦਰਸ਼ਨ ਸਿੰਘ ਸੰਧੂ, ਬਲਜੀਤ ਸਿੰਘ ਬਰਾੜ ਤੇ ਕਿਸਾਨ ਆਗੂ ਮਾ ਮਹਿੰਦਰ ਸਿੰਘ ਸੈਣੀ ਨੇ ਆਖਿਆ ਕਿ ਜਿਲੇ ਦੇ ਕਸਬੇ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦਾ ਸੰਤਾਪ ਕੋਟਕਪੂਰੇ ਦੇ ਵਸਨੀਕਾਂ ਨੂੰ ਹੰਢਾਉਣਾ ਪਿਆ ਤੇ ਇੱਥੋਂ ਦੀ ਅਮਨ ਕਾਨੂੰਨ ਦੀ ਸਥਿੱਤੀ ਨੂੰ ਖਤਰਾ ਪੈਦਾ ਹੋ ਗਿਆ। ਉਨਾ ਦੱਸਿਆ ਕਿ 1978 ਤੋਂ 1993 ਤੱਕ ਦਾ ਡੇਢ ਦਹਾਕੇ ਤੋਂ ਵੀ ਜਿਆਦਾ ਸਮਾਂ ਪੰਜਾਬ ਦੇ ਵਸਨੀਕਾਂ ਨੂੰ ਕਾਲੇ ਦੌਰ ’ਚੋਂ ਗੁਜਰਦਿਆਂ ਕਾਲੀਆਂ ਹਨੇਰੀਆਂ ਦਾ ਸਾਹਮਣਾ ਕਰਨਾ ਪਿਆ। ਹੁਣ ਕੁਝ ਕੁ ਸਿਆਸਤਦਾਨਾ ਦੀਆਂ ਕਾਰਵਾਈਆਂ ਸਦਕਾ ਇੱਥੋਂ ਦੀ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਹੋ ਗਿਆ ਹੈ ਤੇ ਭਾਈਚਾਰਕ ਸਾਂਝ ਤਰੇੜਾਂ ਪੈਣ ਦੇ ਆਸਾਰ ਦਿਖਾਈ ਦੇਣ ਲੱਗ ਪਏ ਹਨ। ਉਨਾ ਅਪੀਲ ਕੀਤੀ ਕਿ ਜਦੋਂ ਤੱਕ ਬੇਅਦਬੀ ਕਾਂਡ ਅਤੇ ਪੁਲਿਸ ਵੱਲੋਂ ਚਲਾਈ ਗੋਲੀ ਉਪਰੰਤ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਫਰੀਦਕੋਟ ਜਿਲੇ ਦੇ ਕਿਸੇ ਵੀ ਪਿੰਡ, ਸ਼ਹਿਰ ਜਾਂ ਕਸਬੇ ’ਚ ਕੋਈ ਸਿਆਸੀ ਰੈਲੀ ਨਾ ਕੀਤੀ ਜਾਵੇ। ਉਨਾ ਆਖਿਆ ਕਿ ਜਿਲਾ ਫਰੀਦਕੋਟ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ,ਸਭਾ-ਸੁਸਾਇਟੀਆਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੂੰ ਨਿੱਜੀ ਦਿਲਚਸਪੀ ਲੈ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਭਾਈਚਾਰਕ ਸਾਂਝ ’ਚ ਤਰੇੜਾਂ ਪੈਣ ਦੇ ਖਦਸ਼ੇ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇਕਬਾਲ ਸਿੰਘ ਖਾਲਸਾ, ਬਾਬੂ ਸਿੰਘ ਫਿੱਡੇ, ਹਰਭਜਨ ਸਿੰਘ ਢਿੱਲੋਂ, ਸਾਧੂ ਰਾਮ ਦਿਉੜਾ, ਜਰਨੈਲ ਸਿੰਘ ਢੀਮਾਂਵਾਲੀ, ਹਰਵਿੰਦਰ ਸਿੰਘ ਜਟਾਣਾ, ਰਾਜ ਲਾਹੌਰੀਆ, ਹਾਕਮ ਸਿੰਘ ਢੀਮਾਂਵਾਲੀ ਆਦਿ ਵੀ ਹਾਜ਼ਰ ਸਨ।