ਤੇਜ਼ਾਬੀ ਹਮਲੇ ਰੋਕਣ ਦੀ ਕੋਸ਼ਿਸ਼ ਜਾਰੀ-ਤਰਸੇਮ ਮੰਗਲਾ

ਮੋਗਾ 12 ਸਤੰਬਰ:(ਜਸ਼ਨ)-ਮਾਣਯੋਗ ਤਰਸੇਮ ਮੰਗਲਾ, ਇੰਚਾਰਜ਼ ਜ਼ਿਲਾ ਤੇ ਸੈਸ਼ਨਜ਼ ਜੱਜ, ਮੋਗਾ ਦੀਆਂ ਹਦਾਇਤਾਂ ਅਨੁਸਾਰ ਤੇਜ਼ਾਬੀ ਹਮਲਿਆਂ ਦੀ ਰੋਕਥਾਮ ਕਰਨ ਲਈ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਪੈਰਾ ਲੀਗਲ ਵਲੰਟੀਅਰਜ਼ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਪੈਰਾ ਲੀਗਲ ਵਲੰਟੀਅਰਜ਼ ਨੂੰ ਜਾਣਕਾਰੀ ਦਿੱਤੀ ਕਿ ਤੇਜ਼ਾਬੀ ਹਮਲਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਤੇਜ਼ਾਬੀ ਹਮਲੇ ਨਾਲ ਪੀੜਤ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਜੇਕਰ ਕਿਸੇ ਨਾਲ ਇਸ ਤਰਾਂ ਦੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਦੇ ਅਪਰਾਧ ਪੀੜਤਾਂ ਲਈ ਮੁਆਵਜ਼ਾ ਸਕੀਮ 2017 ਅਨੁਸਾਰ ਤੇਜ਼ਾਬੀ ਹਮਲਾ ਹੋਣ ਤੇ ਉਸ ਪੀੜਤ ਵਿਅਕਤੀ ਨੂੰ ਘੱਟ ਤੋਂ ਘੱਟ 3 ਲੱਖ ਰੁਪਏ ਦਾ ਮੁਆਵਜ਼ਾ, ਤੇਜ਼ਾਬੀ ਹਮਲੇ ਨਾਲ ਮੌਤ ਹੋਣ ਤੇ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਤੇਜ਼ਾਬੀ ਹਮਲੇ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਡਾਕਟਰੀ ਇਲਾਜ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਹਸਪਤਾਲ  ਪੰਜਾਬ ਸਰਕਾਰ ਵੱਲੋਂ ਪ੍ਰਵਾਨਿਤ ਹਸਪਤਾਲਾਂ ਵਿੱਚ ਦਵਾਈਆਂ, ਖਾਣੇ, ਬਿਸਤਰਾ ਅਤੇ ਪਲਾਸਟਿਕ ਸਰਜਰੀ/ਮੁੜ ਨਿਰਮਾਣ ਸਰਜਰੀ ਸਮੇਤ 100 ਫੀਸਦੀ ਮੈਡੀਕਲ ਇਲਾਜ ਕਰਵਾਉਣ ਦੀ ਸਹੂਲਤ ਹੈ। ਉਨਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਜ਼ਿਲਾ ਮੈਜਿਸਟਰੇਟ ਤੋ ਪ੍ਰਾਪਤ ਲਾਇਸੰਸ ਬਗੈਰ ਤੇਜ਼ਾਬ ਨਹੀਂ ਵੇਚ ਸਕਦਾ। ਜੇਕਰ ਦੁਕਾਨਦਾਰ ਨੂੰ ਸ਼ੱਕ ਹੋਵੇ ਕਿ ਇਹ ਖ੍ਰੀਦਦਾਰ ਤੇਜ਼ਾਬ ਦੀ ਗਲਤ ਵਰਤੋਂ ਕਰੇਗਾ ਤਾਂ ਉਹ ਖ਼ਰੀਦਦਾਰ ਨੂੰ ਤੇਜ਼ਾਬ ਦੇਣ ਤੋ ਨਾਂਹ ਵੀ ਕਰ ਸਕਦਾ ਹੈ। ਇਸ ਮੌਕੇ ਤੇ ਉਨਾਂ ਹਾਜ਼ਰ ਪੈਰਾ ਲੀਗਲ ਵਲੰਟੀਅਰਜ਼ ਨੂੰ ਇਹ ਜਾਣਕਾਰੀ ਘਰ-ਘਰ ਪਹੁੰਚਾਉੇਣ ਬਾਰੇ ਵੀ ਹਦਾਇਤ ਕੀਤੀ, ਤਾਂ ਜੋ ਲੋਕਾਂ ਨੂੰ ਵੀ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋ ਸਕੇ। ਉਨਾਂ ਕਿਹਾ ਕਿ ਕੋਈ ਵੀ ਤੇਜ਼ਾਬ ਅਪਰਾਧ ਪੀੜਤ ਵਿਅਕਤੀ ਮੁਆਵਜ਼ੇ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲਾ ਅਦਾਲਤਾਂ ਮੋਗਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।