‘ਅਸੀਸ ਸਮਾਗਮ’ ਦੇ ਰੀਵਿਊ ਲਈ ਰੱਖੀ ਮੀਟਿੰਗ ਦੌਰਾਨ ਅਗਲੇਰੇ ਕਾਰਜਾਂ ਬਾਰੇ ਵਿਚਾਰ ਵਟਾਂਦਰਾ

ਕੋਟਕਪੂਰਾ, 9 ਸਤੰਬਰ (ਜਸ਼ਨ) :- ਸਥਾਨਕ ਅਰੋੜਬੰਸ ਸਭਾ ਵੱਲੋਂ ਨਿਵੇਕਲੇ ਢੰਗ ਨਾਲ ਕਰਵਾਏ ਗਏ ‘ਅਸੀਸ ਸਮਾਗਮ’ ਦੇ ਰੀਵਿਊ ਲਈ ਪ੍ਰਧਾਨ ਜਗਦੀਸ਼ ਸਿੰਘ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਅਗਲੇਰੇ ਕਾਰਜਾਂ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਮਾਣ ਨਾਲ ਦੱਸਿਆ ਕਿ ਪ੍ਰਧਾਨ ਜੀ ਦੀ ਕੈਨੇਡਾ ਦੀ ਵਸਨੀਕ ਬੇਟੀ ਜਸਮੀਤ ਕੌਰ ਨੇ ਪਿਛਲੇ ਸਮਾਗਮ ਲਈ 500 ਡਾਲਰ ਅਤੇ ਇਸ ਸਮਾਗਮ ਵਾਸਤੇ ਵੀ 500 ਡਾਲਰ ਭੇਜ ਕੇ ਜਿੱਥੇ ਸੰਸਥਾ ਦੀ ਮਾਇਕ ਮੱਦਦ ਕੀਤੀ, ਉੱਥੇ ਸੰਸਥਾ ਦਾ ਮਾਣ ਵੀ ਵਧਾਇਆ, ਉਪਰੰਤ ਉਨਾ ਖਰਚੇ ਦੀ ਰਿਪੋਰਟ ਸਾਂਝੀ ਕਰਦਿਆਂ ਸੁਝਾਅ ਮੰਗੇ ਤਾਂ ਮਾ. ਹਰਨਾਮ ਸਿੰਘ ਨੇ ਕਮੀਆਂ ਪੇਸ਼ੀਆਂ ਅਤੇ ਪ੍ਰਾਪਤੀ ਬਾਰੇ ਵਿਸਥਾਰ ’ਚ ਜਿਕਰ ਕੀਤਾ। ਉਨਾ ਦੱਸਿਆ ਕਿ ਕੋਟਕਪੂਰੇ ਦੇ ਜੰਮਪਲ ਪ੍ਰਵਾਸੀ ਭਾਰਤੀ ਅਵਤਾਰ ਸਿੰਘ ਮਦਾਨ ਦੀ ਬੇਨਤੀ ’ਤੇ ਇਸ ਵਾਰ ਮਾਂ ਬੋਲੀ ਪੰਜਾਬੀ ਦੇ ਮਾਣ ਸਨਮਾਨ ਲਈ ਯਤਨਸ਼ੀਲ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮੋਹਨ ਲਾਲ ਗੁਲਾਟੀ ਨੇ ਦੱਸਿਆ ਕਿ ਅਸੀਸ ਸਮਾਗਮ ਤੋਂ ਬਾਅਦ ਅਧਿਆਪਕ ਦਿਵਸ ਮੌਕੇ ਕੰਨਿਆ ਕੰਪਿਊਟਰ ਸੈਂਟਰ ਦੀਆਂ ਅਧਿਆਪਕਾਵਾਂ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਨੰਦ ਲਾਲ ਬਹਾਵਲਪੁਰੀ ਅਤੇ ਸ਼ਾਮ ਲਾਲ ਚਾਵਲਾ ਨੇ ਬਰਾਦਰੀ ਦਾ ਯੂਥ ਵਿੰਗ ਕਾਇਮ ਕਰਨ, ਜਨਮਦਿਨ ਅਤੇ ਵਿਆਹ ਦੀ ਵਰੇਗੰਢ ਮੌਕੇ ਖੁਸ਼ੀਆਂ ਸਾਂਝੀਆਂ ਕਰਨ ਸਬੰਧੀ ਸੰਖੇਪ ਸਮਾਗਮ ਰੱਖਣ ਦੇ ਸੁਝਾਅ ਦਿੱਤੇ। ਭੁਪਿੰਦਰ ਸਿੰਘ ਪਾਲੀ ਅਤੇ ਗੁਰਮੀਤ ਸਿੰਘ ਮੱਕੜ ਅਨੁਸਾਰ ਯੂਥ ਵਿੰਗ ਦੀ ਸਥਾਪਤੀ ਲਈ ਅਮਰਦੀਪ ਸਿੰਘ ਦੀਪਾ ਨੂੰ ਜਿੰਮੇਵਾਰੀ ਸੰਭਾਲੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵਿਜੈ ਕੁਮਾਰ ਟੀਟੂ, ਰਮੇਸ਼ ਸਿੰਘ ਗੁਲਾਟੀ, ਜਗਦੀਸ਼ ਛਾਬੜਾ, ਗੁਰਿੰਦਰ ਸਿੰਘ, ਕੇਸਰ ਗੁਲਾਟੀ ਆਦਿ ਵੀ ਹਾਜਰ ਸਨ।