ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜਿਲ੍ਹਾ ਪੱਧਰੀ ਰੋਸ ਰੈਲੀ

Tags: 

ਮੋਗਾ 27 ਅਗਸਤ (ਜਸ਼ਨ)- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਮੁਕੰਮਲ ਹੜਤਾਲ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਜ਼ਿਲ੍ਹਾ ਪੱਧਰੀ ਰੋਸ ਰੈਲੀ ਕੀਤੀ ਗਈ। ਡੀ.ਐਮ. ਕਾਲਜ ਮੋਗਾ, ਕੋਕਰੀ, ਨੱਥੂਵਾਲਾ ਜਦੀਦ, ਰੋਡੇ ਕਾਲਜ, ਸਰਕਾਰੀ ਆਈ.ਟੀ.ਆਈ. ਮੁੰਡੇ ਤੇ ਕੁੜੀਆਂ ਆਦਿ ਸੰਸਥਾਵਾਂ ਵਿਚ ਹੜਤਾਲ ਦਾ ਪੂਰਾ ਅਸਰ ਦਿਖਾਈ ਦਿੱਤਾ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਬੁੱਕਣਵਾਲਾ ਅਤ ਪ੍ਰੈਸ ਸਕੱਤਰ ਪ੍ਰਵੇਜ਼ ਖ਼ਾਨ ਨੇ ਕਿਹਾ ਕਿ ਇਹ ਹੜਤਾਲ ਦਲਿਤ ਵਿਦਿਆਰਥੀਆਂ ਤੋਂ ਭਰਾਈਆਂ ਫੀਸਾਂ ਵਾਪਿਸ ਕਰਾਉਣ, ਘੱਟ ਗਿਣਤੀਆਂ, ਛੋਟੀ ਕਿਸਾਨੀ ਤੇ ਦੁਕਾਨਦਾਰ ਨੂੰ ਵੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਵਿਚ ਸ਼ਾਮਲ ਕਰਨ ਅਤੇ ਸਿੱਖਿਆ ਦੇ ਹੋ ਰਹੇ ਭਗਵੇਂਕਰਨ ਨੂੰ ਰੋਕਣ ਲਈ ਪੰਜਾਬ ਪੱਧਰ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮੈਟਿ੍ਰਕ ਸਕੀਮ ਅਧੀਨ ਜੋ ਐਸ.ਸੀ. ਵਿਦਿਆਰਥੀਆਂ ਨੂੰੂ ਮੁਫਤ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ, ਨੂੰ ਜਿੱਥੇ ਇਸ ਵਾਰ ਸਰਕਾਰ ਨੇ ਬੰਦ ਕਰਨ ਲਈ ਕਦਮ ਚੁੱਕਦਿਆਂ ਸਕੀਮ ਲਈ ਜਾਰੀ ਹੋਣ ਵਾਲੇ ਪੈਸਿਆਂ ਵਿਚ ਕਟੌਤੀ ਕੀਤੀ, ਉੱਥੇ ਪੈਸੇ ਭਰਵਾਉਣ ਲਈ ਵੀ ਹੁਕਮ ਜਾਰੀ ਕਰ ਦਿੱਤੇ ਸਨ। ਉਨ੍ਹਾਂ ਆਖਿਆ ਕਿ ਭਾਜਪਾ ਵੱਲੋਂ ਲਗਾਤਾਰ ਆਰ.ਐਸ.ਐਸ. ਦੇ ਹੁਕਮਾਂ ਮੁਤਾਬਿਕ ਸਿੱਖਿਆ ਦੇ ਭਗਵੇਂਕਰਨ ਦੀ ਨੀਤੀ ਜੋਰਾਂ-ਸ਼ੋਰਾਂ ’ਤੇ ਲਾਗੂ ਕੀਤੀ ਜਾ ਰਹੀ ਹੈ। ਜਿਸ ਦੇ ਨਤੀਜੇ ਵਜੋਂ ਗੁਜਰਾਤ ਦੇ 42000 ਸਕੂਲਾਂ ਵਿਚ ਦੀਨ ਨਾਥ ਬੱਤਰਾ ਦੀ ਮਿਥਿਹਾਸਕ ਕਿਤਾਬ ਨੂੰ ਜਬਰਦਸਤੀ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ‘ਚਿਲਡਰਨ ਫਿਲਮ ਸੁਸਾਇਟੀ’ ਦਾ ਅਹੁਦੇਦਾਰ ਮੁਕੇਸ਼ ਖੰਨਾ ਨੂੰ ਬਣਾਇਆ ਗਿਆ ਹੈ, ਜੋ ਟੀ.ਵੀ. ਉਪਰ ਧਾਗੇ ਤਵੀਤਾਂ ਨੂੰ ਵੇਚਣ ਦਾ ਕੰਮ ਕਰਦਾ ਹੈ ਅਤੇ ਵਿਚ ਰਜੇਂਦਰ ਚੌਹਾਨ ਨੂੰ ਚੇਅਰਮੈਨ ਲਾਇਆ ਗਿਆ ਹੈ, ਜੋ ਕਿ ਕਿਸੇ ਵੀ ਪੱਖੋਂ ਇਸ ਸੰਸਥਾ ਦਾ ਮੁਖੀ ਬਣਨ ਦੇ ਕਾਬਲ ਨਹੀਂ ਹੈ, ਪਰ ਫਿਰ ਭਾਜਪਾ ਵੱਲੋਂ ਉਸ ਨੂੰ ਅਜੇ ਤੱਕ ਨਹੀਂ ਹਟਾਇਆ ਗਿਆ। ਇਸ ਤੋਂ ਇਲਾਵਾ ਦਲਿਤ ਵਿਦਿਆਰਥੀਆਂ ਲਈ ਜਾਰੀ ਕੀਤਾ ਜਾਣ ਵਾਲਾ ਪੈਸਾ ਵੀ ਰੋਕ ਦਿੱਤਾ ਗਿਆ ਹੈ ਤੇ ਸਿੱਖ ਘੱਟ ਗਿਣਤੀਆਂ ਤੋਂ ਇਲਾਵਾ ਹੋਰ ਛੋਟੇ ਕਿਸਾਨ, ਦੁਕਾਨਦਾਰਾਂ ਜਿਨ੍ਹਾਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਇਸ ਸਕੀਮ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਡੇ ਸਿਲੇਬਸ ਵਿਚ ਕਰਤਾਰ ਸਿੰਘ ਸਰਾਭੇ, ਗਦਰੀ ਬਾਬਿਆਂ ਦਾ ਜੀਵਨ ਪਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਜ਼ਿਲ੍ਹਾ ਆਗੂ ਤੀਰਥ ਚੜਿੱਕ, ਬਲਕਰਨ ਵੈਰੋਕੇ, ਦਵਿੰਦਰ ਭਿੰਡਰ, ਮੋਹਨ ਔਲਖ, ਜਗਦੀਪ ਜੈਮਲਵਾਲਾ ਆਦਿ ਨੇ ਵੱਖ-ਵੱਖ ਸੰਸਥਾਵਾਂ ਵਿਚ ਜਾ ਕੇ ਜਿੱਥੇ ਵੀ ਵਿਦਿਆਰਥੀ ਆਏ ਸਨ, ਉਨ੍ਹਾਂ ਨਾਲ ਗੱਲਬਾਤ ਕਰਕੇ ਵਾਪਸ ਭੇਜ ਦਿੱਤਾ ਅਤੇ ਇਸ ਹੜਤਾਲ ਦੇ ਸੱਦੇ ਤੋਂ ਬਾਅਦ ਵਿਦਿਆਰਥੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਸੜਕਾਂ ਉਪਰ ਉਤਰਨਗੇ ਅਤੇ ਇਸ ਦੌਰਾਨ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਕੁਲਦੀਪ ਕੁਮਾਰ, ਰੋਹਿਤ, ਅਭੀਸ਼ੇਕ, ਹਰਜੀਤ ਸਿੰਘ, ਜਗਦੀਪ ਸਿੰਘ, ਸਾਧੂ ਸਿੰਘ, ਪਵਨ ਕੌਰ, ਪ੍ਰਗਟ ਸਮਾਧ ਭਾਈ, ਗੁਰਵੀਰ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ।