ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਸਰਕਾਰ ਦੀ ਸਰਪ੍ਰਸਤੀ ਕੇ ਬਿਨਾ ਸੰਭਵ ਨਹੀਂ ਕੋਈ ਵੀ ਗੈਰ-ਕਾਨੂੰਨੀ ਧੰਦਾ-ਅਮਨ ਅਰੋੜਾ

ਚੰਡੀਗੜ੍ਹ,  14 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਸੂਬੇ 'ਚ ਧੜੱਲੇ ਨਾਲ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਕੈਪਟਨ ਸਰਕਾਰ ਦੀ ਸਿੱਧੀ ਸਰਪ੍ਰਸਤੀ ਹੈ। ਇਹੋ ਕਾਰਨ ਹੈ ਕਿ ਸਰਕਾਰ ਸਰਕਾਰੀ ਖ਼ਜ਼ਾਨੇ ਲਈ ਨਿੱਤ-ਨਵੇਂ ਟੈਕਸ ਲਗਾ ਕੇ ਜਨਤਾ ਦੀਆਂ ਜੇਬਾਂ ਤਾਂ ਕੱਟ ਰਹੀ ਹੈ, ਪਰੰਤੂ ਰੇਤ ਮਾਫ਼ੀਆ ਦੀ ਅੰਨ੍ਹੀ ਲੁੱਟ ਨਹੀਂ ਰੋਕੀ ਜਾ ਰਹੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਮੀਤ ਹੇਅਰ ਨੇ ਸ਼ਰੇਆਮ ਹੋ ਰਹੀ ਨਜਾਇਜ਼ ਮਾਈਨਿੰਗ ਦੇ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਲੰਬੇ ਹੱਥੀ ਲਿਆ। ਅਮਨ ਅਰੋੜਾ ਨੇ ਕਿਹਾ ਕਿ ਸੂਬੇ ਅੰਦਰ ਕੋਈ ਵੀ ਗੈਰ-ਕਾਨੂੰਨੀ ਧੰਦਾ ਜਾਂ ਨਜਾਇਜ਼ ਮਾਈਨਿੰਗ ਸਰਕਾਰ ਦੀ ਸਰਪ੍ਰਸਤੀ ਦੇ ਬਿਨਾ ਸੰਭਵ ਨਹੀਂ। ਸ੍ਰੀ ਅਨੰਦਪੁਰ ਸਾਹਿਬ, ਰੋਪੜ, ਨਵਾਂ ਸ਼ਹਿਰ, ਲੁਧਿਆਣਾ, ਜਗਰਾਉਂ ਅਤੇ ਮੋਹਾਲੀ 'ਚ ਵੱਡੇ ਪੱਧਰ 'ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਲਈ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਰੇਤ ਮਾਫ਼ੀਆ ਦੀ ਮੁੱਖ ਮੰਤਰੀ ਖ਼ੁਦ ਪੁਸ਼ਤ ਪਨਾਹੀ ਕਰ ਰਹੇ ਹਨ, ਇਹੋ ਕਾਰਨ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਵੱਲੋਂ ਰੇਤ ਕਾਰੋਬਾਰੀਆਂ ਨੂੰ ਨਜਾਇਜ਼ ਮਾਈਨਿੰਗ ਕਾਰਨ ਲਗਾਏ ਕਰੋੜਾਂ ਰੁਪਏ ਦੇ ਜੁਰਮਾਨੇ ਵੀ ਸਰਕਾਰ ਵਸੂਲ ਨਹੀਂ ਰਹੀ। ਅਮਨ ਅਰੋੜਾ ਨੇ ਵਿਧਾਨ ਸਭਾ ਸਦਨ 'ਚ ਦਰਜ਼ ਰਿਕਾਰਡ ਦੇ ਹਵਾਲੇ ਨਾਲ ਕਿਹਾ ਕਿ ਅਕਾਲੀ-ਭਾਜਪਾ ਦੇ ਰੇਤ ਮਾਫ਼ੀਆ ਦੀ ਸੂਚੀ ਮੁੱਖ ਮੰਤਰੀ ਕੋਲ ਹੋਣ ਦੇ ਬਾਵਜੂਦ ਰੇਤ ਮਾਫ਼ੀਆ 'ਤੇ ਕੋਈ ਕਾਰਵਾਈ ਸਾਢੇ ਤਿੰਨ ਸਾਲਾਂ 'ਚ ਕੈਪਟਨ ਸਰਕਾਰ ਨੇ ਨਹੀਂ ਕੀਤੀ। ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਬੇਸ਼ੱਕ ਅਕਾਲੀ-ਭਾਜਪਾ ਸਰਕਾਰ ਦੇ ਸਾਰੇ 'ਮਾਫ਼ੀਏ' ਨੂੰ ਖ਼ਤਮ ਕਰਨ ਦਾ ਪ੍ਰਣ ਲਿਆ ਸੀ, ਪਰੰਤੂ ਸੱਤਾ 'ਚ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਮਾਫ਼ੀਆ ਦੀ ਕਮਾਨ ਹੀ ਖ਼ੁਦ ਸੰਭਾਲ ਲਈ। ਇਹੋ ਕਾਰਨ ਹੈ ਕਿ ਬੱਸਾਂ ਦੇ ਕਿਰਾਏ, ਡੀਜ਼ਲ-ਪੈਟਰੋਲ, ਬਿਜਲੀ, ਰਜਿਸਟਰੀਆਂ-ਇੰਤਕਾਲ ਆਦਿ ਮਹਿੰਗੇ ਕਰਕੇ ਲੋਕਾਂ 'ਤੇ ਰੋਜ਼ ਨਵਾਂ ਬੋਝ ਖ਼ਜ਼ਾਨਾ ਭਰਨ ਦੇ ਨਾਂਅ 'ਤੇ ਪਾ ਦਿੱਤਾ ਜਾਂਦਾ ਹੈ, ਪਰੰਤੂ ਸਰਕਾਰੀ ਖ਼ਜ਼ਾਨੇ ਦੀ ਅੰਨ੍ਹੀ ਲੁੱਟ ਕਰ ਰਹੇ ਮਾਫ਼ੀਆ ਨੂੰ ਖੁੱਲ੍ਹਾ ਛੱਡ ਰੱਖਿਆ ਹੈ।