ਬੇਅਦਬੀਆਂ ਦੀ ਪੜਤਾਲ ਕਰ ਰਹੀ ਐਸ.ਆਈ.ਟੀ ਨੇ ਅਸਲ ਦੋਸ਼ੀਆਂ ਨੂੰ ਅੰਜਾਮ ਤੱਕ ਪਹੁੰਚਾਕੇ ਕੀਤਾ ਸ਼ਲਾਘਾਯੋਗ ਕੰਮ :ਪੰਥਕ ਜੱਥੇਬੰਦੀਆਂ

ਬਾਘਾਪੁਰਾਣਾ 10 ਜੁਲਾਈ (ਰਾਜਿੰਦਰ ਸਿੰਘ ਕੋਟਲਾ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਦੀਆਂ ਹੋਈਆਂ ਬੇਅਦਬੀਆਂ ਨੂੰ ਲੈਕੇ ਜੋਂ ਪੜਤਾਲ ਐਸ.ਆਈ.ਟੀ ਦੇ ਮੁਖੀ ਵੱਲੋਂ ਕਰਕੇ ਅਸਲ ਦੋਸ਼ੀਆਂ ਨੂੰ ਉਨਾਂ ਦੇ ਅੰਜਾਮ ਪਹੁੰਚਾਉਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਉਸ ਤੋਂ ਸਮੁੱਚੇ ਸਿੱਖ ਕੌਮ ਨੂੰ ਇਨਸਾਫ ਮਿਲਣ ਦੀ ਆਸ ਬੱਝੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੇਅਦਬੀ ਕਾਂਡ ਦੇ ਮੁੱਖ ਗਵਾਹ ਗੁਰਸੇਵਕ ਸਿੰਘ ਫ਼ੌਜੀ ਪਿੰਡ ਮੱਲਕੇ, ਬਾਬਾ ਅਰਸ਼ਦੀਪ ਸਿੰਘ ਖਾਲਸਾ ਤਰਨਾ ਦਲ, ਭਾਈ ਜਸਵਿੰਦਰ ਸਿੰਘ ਸਾਹੋਕੇ ਜਿਲਾ ਜੱਥੇਦਾਰ ਪੰਥਕ ਸੇਵਾ ਲਹਿਰ ਦਾਦੂਵਾਲ, ਭਾਈ ਬਲਜੀਤ ਸਿੰਘ ਸਤਿਕਾਰ ਕਮੇਟੀ, ਰਾਜਾ ਸਿੰਘ ਖੁਖਰਾਣਾ ਸਤਿਕਾਰ ਕਮੇਟੀ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਆਜ਼ਾਦ, ਭਾਈ ਵਰਿਆਮ ਸਿੰਘ, ਮਨਜੀਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਇੱਕ ਜੂਨ 2015 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜਿਲ੍ਹਾ ਫਰੀਦਕੋਟ ਤੋਂ ਚੋਰੀ ਕਰਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਜਿਸ ਦੀ ਪੜਤਾਲ ਐਸ.ਆਈ.ਟੀ ਵੱਲੋਂ ਗੰਭੀਰਤਾ ਨਾਲ ਕਰਦਿਆਂ ਅਸਲ ਦੋਸ਼ੀ ਸੌਦਾ ਸਾਧ ਤੇ ਉਸ ਚੇਲਿਆਂ ਜਿੰਮੇਵਾਰ ਸਮਝਦਿਆਂ ਉਨ੍ਹਾਂ ਤੇ ਕੇਸ ਦਰਜ ਕੀਤੇ ਹਨ ਕਿਉਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਦਰ ਦਿੱਤੇ ਸਨ। ਪਰ ਉਸ ਸਮੇਂ ਸੱਤਾ ਤੇ ਕਾਬਜ ਬਾਦਲ ਪਰਵਾਰ ਵੱਲੋਂ ਸੌਦਾ ਸਾਧ ਤੇ ਉਸ ਚੇਲਿਆਂ ਦੀ ਪੁਸ਼ਤ ਪਨਾਹੀ ਕਰਕੇ ਸਮੁੱਚੀ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਉਚੇੜਿਆਂ ਸੀ ਤੇ ਸਿੱਖ ਨੌਜਵਾਨਾਂ ਨੂੰ ਹੀ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਤੇ ਕੋਟਕਪੂਰਾ ਵਿਖੇ ਇਨਸਾਫ ਦੀ ਮੰਗ ਕਰ ਰਹੀ ਸਿੱਖ ਸੰਗਤ ਤੇ ਪੁਲਸ ਨੇ ਅੰਨਾ ਤਸ਼ੱਦਦ ਢਾਇਆ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ।  ਪਰ ਹੁਣ ਐਸ.ਆਈ.ਟੀ ਵੱਲੋਂ ਆਪਣੀ ਜਾਂਚ ਦੌਰਾਨ ਸੌਦਾ ਸਾਧ ਦੀ ਸ਼ਮੂਲੀਅਤ ਨੇ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਹੈ। ਇਸ ਲਈ ਸਮੁੱਚੀਆਂ ਜੱਥੇਬੰਦੀਆਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ 16 ਜੁਲਾਈ ਨੂੰ ਪਿੰਡ ਮੱਲਕੇ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਵਾਇਆ ਜਾਵੇਗਾ। ਜਿਸ ਦੇ ਭੋਗ 18 ਜੁਲਾਈ ਨੂੰ ਪਾਏ ਜਾਣਗੇ। ਇਸ ਸਮਾਗਮ ਦੌਰਾਨ ਸਰਬੱਤ ਖਾਲਸਾ ਥਾਪੇ ਗਏ  ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸਿੰਘ ਸਾਹਿਬ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੀ ਵਿਸੇਸ਼ ਤੌਰ ਤੇ ਸ਼ਮੂਲੀਅਤ ਕਰਨਗੇ।