ਹੁਣ ਵਿਦੇਸ਼ ਜਾਣ ਦੀਆਂ ਇਛੁੱਕ ਨਰਸਾਂ ਕਰ ਸਕਣਗੀਆਂ ਵੈਰੀਫਿਕੇਸ਼ਨ ਲਈ ਆਨਲਾਈਨ ਅਪਲਾਈ,ਸ੍ਰੀ ਓ.ਪੀ.ਸੋਨੀ,ਵਲੋਂ ਵਿਰਚੂਅਲੀ ਵੈਬਸਾਈਟ ਲਾਂਚ

ਚੰਡੀਗੜ੍ਹ,10 ਜੁਲਾਈ : (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਵਿਦੇਸ਼ ਜਾਣ ਦੀਆਂ ਇਛੁੱਕ ਪੰਜਾਬ ਰਾਜ ਦੀਆਂ ਨਰਸਾਂ ਹੁਣ ਆਨਲਾਈਨ ਅਪਲਾਈ ਕਰਕੇ ਆਪਣੇ ਦਸਤਾਵੇਜ਼ ਤਸਦੀਕ ਕਰਵਾ ਸਕਣਗੀਆਂ। ਅੱਜ ਇੱਥੇ ਪੰਜਾਬ ਰਾਜ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ.ਸੋਨੀ,ਵਲੋਂ ਵੈਬਸਾਈਟ ਦਾ ਵਿਰਚੂਅਲੀ ਲਾਂਚ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਵਿਦੇਸ਼  ਵਿੱਚ ਜਾਣ ਦੀਆਂ ਇਛੁੱਕ ਜਾਂ ਪਹਿਲਾਂ ਤੋਂ ਹੀ ਉਥੇ ਕੰਮ ਕਰ ਰਹੀਆਂ ਨਰਸਾਂ ਲਈ ਫੌਰਨ ਵੈਰੀਫਿਕੇਸ਼ਨ/ ਗੁੱਡ ਸਟੈਂਡਿੰਗ ਸਰਟੀਫਿਕੇਟ ਜਾਰੀ ਕਰਨ ਸਬੰਧੀ ਆਨਲਾਈਨ ਮਾਧਿਆਮ ਰਾਹੀਂ ਅਪਲਾਈ ਕਰ ਸਕਣਗੀਆਂ ਅਤੇ ਉਹਨਾਂ ਨੂੰ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ (ਪੀ.ਐਨ.ਆਰ.ਸੀ.) ਦੇ ਦਫ਼ਤਰ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਆਨਲਾਈਨ ਪੋਰਟਲ ਜੋ ਕਿ www.pnrconline.com ਤੇ ਉਪਲਬਧ ਹੈ, ਬਿਨੈਕਾਰਾਂ ਨੂੰ ਵੈਬਸਾਇਟ ਰਾਹੀਂ ਵੈਰੀਫਿਕੇਸ਼ਨ/ ਗੁੱਡ ਸਟੈਂਡਿੰਗ ਸਰਟੀਫਿਕੇਟ ਲਈ ਆਨਲਾਇਨ ਅਪਲਾਈ ਕਰਨ ਲਈ ਸੁਵਿਧਾ ਪ੍ਰਦਾਨ ਕਰੇਗਾ। ਇਸ ਲਈ 10 ਜੁਲਾਈ 2020 ਤੋਂ ਦਸਤੀ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾਣਗੇ। ਆਨਲਾਇਨ ਰਾਹੀਂ ਅਪਲਾਈ ਕਰਨ ਤੋਂ ਬਾਅਦ ਬਿਨੈਕਾਰਾਂ ਨੂੰ ਡਾਕ ਰਾਹੀਂ ਜਾਂ ਦਸਤੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਬਿਨੈਕਾਰ ਨੂੰ ਐਸ.ਐਮ.ਐਸ. ਜਾਂ ਵੈਬਸਾਇਟ ਰਾਹੀਂ ਉਸਦੀ ਪ੍ਰਤੀਬੇਨਤੀ ਦਾ ਸਟੇਟਸ ਸੂਚਿਤ ਕੀਤਾ ਜਾਵੇਗਾ। ਪੀ.ਐਨ.ਆਰ.ਸੀ. ਲਾਜ਼ਮੀ ਤੌਰ ਤੇ ਫੌਰਨ ਵੈਰੀਫਿਕੇਸ਼ਨ/ ਗੁੱਡ ਸਟੈਂਡਿੰਗ ਸਰਟੀਫਿਕੇਟ ਵਿਦੇਸ਼ ਨੂੰ ਭੇਜਣ ਲਈ ਸਪੀਡ ਪੋਸਟ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਵਿੱਚ ਹਰੇਕ ਬਿਨੈਕਾਰ ਦਾ ਵੱਖਰੇ ਤੌਰ ਤੇ ਫਾਰਮ ਭੇਜਿਆ ਜਾਇਆ ਕਰੇਗਾ।ਸ੍ਰੀ ਸੋਨੀ ਨੇ ਦੱਸਿਆ ਕਿ ਫੌਰਨ ਵੈਰੀਫਿਕੇਸ਼ਨ ਜਾਂ ਗੁੱਡ ਸਟੈਂਡਿੰਗ ਸਰਟੀਫਿਕੇਟ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ ਤਾਂ ਜੋ ਵੈਰੀਫਿਕੇਸ਼ਨ ਸਮੇਂ ਸਿਰ ਅਤੇ ਸੁਰੱਖਿਅਤ ਪਹੁੰਚ ਸਕੇ। ਬਿਨੈਕਾਰ ਨੂੰ ਐਸ.ਐਮ.ਐਸ. ਜਾਂ ਵੈਬਸਾਇਟ ਰਾਹੀਂ ਸਪੀਡ ਪੋਸਟ ਦਾ ਟਰੈਕਿੰਗ ਨੰਬਰ ਪ੍ਰਦਾਨ ਕੀਤਾ ਜਾਵੇਗਾ ਅਤੇ ਬਿਨੈਕਾਰ ਖੁੱਦ ਵੀ ਇਸਨੂੰ ਆਨਲਾਇਨ ਟਰੈਕ ਕਰ ਸਕੇਗਾ। ਇਹ ਸੁਵਿਧਾ ਬਿਨੈਕਾਰਾਂ ਨੂੰ ਫੌਰਨ ਵੈਰੀਫਿਕੇਸ਼ਨ ਦੇ ਪਹਿਲਾਂ ਤੋਂ ਚੱਲ ਰਹੇ ਸਿਸਟਮ ਵਿੱਚ ਵੱਧ ਤੋਂ ਵੱਧ ਪਾਰਦਰਸ਼ਤਾ ਅਤੇ ਜਲਦ ਤੋਂ ਜਲਦ ਦਸਤਾਵੇਜ ਭੇਜਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ।