ਵਾਲਾਂ ਨੂੰ ਝੜਨ ਤੋਂ ਕਿਵੇਂ ਰੋਕੀਏ ? -ਡਾ. ਅਮਨਦੀਪ ਸਿੰਘ ਟੱਲੇਵਾਲੀਆ

ਮੋਗਾ,9 ਜੁਲਾਈ  (ਸਾਡਾ ਮੋਗਾ ਡੈਸਕ ਤੋਂ) ਲੰਮੇ ਵਾਲ ਔਰਤ ਦੇ ਸ਼ਿੰਗਾਰ ਨੂੰ ਚਾਰ ਚੰਨ ਲਾਉਂਦੇ ਹਨ। ਗਿੱਟਿਆਂ ਤੱਕ ਲਮਕਦੀ ਗੁੱਤ ਜਾਂ ਜਲੇਬੀ ਜੂੜੇ ਦਾ ਜ਼ਿਕਰ ਅਸੀਂ ਆਮ ਲੋਕ ਗੀਤਾਂ ਵਿਚ ਸੁਣਦੇ ਹਾਂ। ਭਾਵੇਂ ਅੱਜਕੱਲ੍ਹ ਦੀਆਂ ਕੁੜੀਆਂ ਨੇ ਫੈਸ਼ਨ ਦੀ ਦੌੜ ਵਿਚ ਆਪਣੇ ਵਾਲਾਂ ਨੂੰ ਵੱਖੋ-ਵੱਖਰੇ ਢੰਗਾਂ ਨਾਲ ਡਿਜ਼ਾਇਨ ਕੀਤਾ ਹੋਇਆ ਹੈ ਪਰ ਫਿਰ ਵੀ ਬਹੁਤ ਸਾਰੀਆਂ ਮੁਟਿਆਰਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਆਪਣੀ ਲੰਮੀ ਗੁੱਤ 'ਤੇ ਮਾਣ ਹੈ ਅਤੇ ਉਹਨਾਂ ਲਈ ਵਾਲਾਂ ਦਾ ਟੁੱਟਣਾ ਅਕਹਿ ਅਤੇ ਅਸਹਿ ਹੁੰਦਾ ਹੈ। ਇਕੱਲੀਆਂ ਔਰਤਾਂ ਹੀ ਨਹੀਂ, ਮਰਦਾਂ ਵਿਚ ਵੀ ਵਾਲਾਂ ਦਾ ਝੜਨਾ ਇਕ ਗੰਭੀਰ ਸਮੱਸਿਆ ਹੈ। ਮਰਦਾਂ ਵਿਚ ਸਿਰਫ਼ ਵਾਲ ਝੜਦੇ ਹੀ ਨਹੀਂ, ਸਗੋਂ ਗੰਜ ਪੈਣ ਲੱਗ ਜਾਂਦਾ ਹੈ। ਭਾਵੇਂ ਕਿ ਵਾਲਾਂ ਨੂੰ ਚਮਕਾਉਣ ਵਾਲੇ ਅਤੇ ਵਾਲ ਲੰਮੇ ਕਰਨ ਦਾ ਦਾਅਵਾ ਕਰਨ ਵਾਲੀਆਂ ਕੰਪਨੀਆਂ ਨਿੱਤ ਦਿਨ ਨਵੇਂ-ਨਵੇਂ ਸ਼ੈਂਪੂ ਅਤੇ ਹੇਅਰ ਆਇਲ ਮਾਰਕੀਟ ਵਿਚ ਸੁੱਟ ਰਹੀਆਂ ਹਨ ਪਰ ਜਦ ਤੱਕ ਵਾਲਾਂ ਦੇ ਟੁੱਟਣ ਦੇ ਅਸਲੀ ਕਾਰਨ ਦਾ ਪਤਾ ਨਹੀਂ ਲਾਇਆ ਜਾਂਦਾ, ਉਦੋਂ ਤੱਕ ਵਾਲ ਟੁੱਟਣੋਂ ਨਹੀਂ ਰੁਕਦੇ। ਕਾਰਨ :- 1. ਪੌਸ਼ਟਿਕ ਤੱਤਾਂ ਵਾਲੀ ਖੁਰਾਕ ਦੀ ਘਾਟ : ਅੱਜਕੱਲ੍ਹ ਫਾਸਟ ਫੂਡ ਦਾ ਰਿਵਾਜ ਜ਼ਿਆਦਾ ਹੋ ਗਿਆ ਹੈ। ਵਧੀਆ ਦੁੱਧ, ਘਿਓ, ਦਹੀਂ, ਲੱਸੀ ਖਾ-ਪੀ ਕੇ ਕੋਈ ਖ਼ੁਸ਼ ਨਹੀਂ। ਕਈਆਂ ਨੂੰ ਤਾਂ ਦੁੱਧ-ਘਿਓ ਮਿਲਦਾ ਹੀ ਨਹੀਂ ਪਰ ਜਿਨ੍ਹਾਂ ਨੂੰ ਮਿਲਦਾ ਹੈ, ਉਹ ਪੀਂਦੇ ਨਹੀਂ। ਇਹੀ ਕਾਰਨ ਹੈ ਸਰੀਰ ਵਿਚ ਜ਼ਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਸ ਕਾਰਨ ਇਕੱਲੇ ਵਾਲ ਹੀ ਨਹੀਂ ਟੁੱਟਦੇ, ਸਗੋਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਸਰੀਰ ਨੂੰ ਲੱਗ ਸਕਦੀਆਂ ਹਨ। 2. ਕਿਸੇ ਲੰਮੀ ਬਿਮਾਰੀ ਤੋਂ ਪਿੱਛੋਂ : ਜਿਵੇਂ ਕਿ ਲੰਮਾ ਸਮਾਂ ਟਾਇਫਾਇਡ, ਟੀ.ਬੀ. ਆਦਿ ਬਿਮਾਰੀਆਂ ਤੋਂ ਪਿੱਛੋਂ ਸਰੀਰਕ ਕਮਜ਼ੋਰੀ ਪੈਦਾ ਹੋ ਜਾਂਦੀ ਹੈ, ਜਿਸ ਕਾਰਨ ਵਾਲ ਝੜਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਸਿਰ ਦੀ ਚਮੜੀ ਦੇ ਰੋਗ (ਸਿਕਰੀ, ਸਰਾਇਸਜ਼) ਥਾਇਰਾਇਡ, ਅਨੀਮੀਆ ਕਾਰਨ ਵੀ ਵਾਲ ਝੜਨ ਲੱਗ ਜਾਂਦੇ ਹਨ। 3. ਚਿੰਤਾ : ਚਿੰਤਾ ਚਿਖਾ ਬਰਾਬਰ। ਚਿੰਤਾ ਹਰੇਕ ਬਿਮਾਰੀ ਨੂੰ ਜਨਮ ਦੇ ਸਕਦੀ ਹੈ ਪਰ ਜ਼ਿਆਦਾ ਸੋਚਣ ਨਾਲ ਵੀ ਵਾਲ ਝੜਨ ਲੱਗ ਸਕਦੇ ਹਨ। 4. ਰੇਸ਼ਾ : ਪੁਰਾਣਾ ਨਜ਼ਲਾ, ਰੇਸ਼ਾ, ਜੁਕਾਮ ਵੀ ਵਾਲ ਟੁੱਟਣ ਦਾ ਕਾਰਨ ਬਣ ਸਕਦਾ ਹੈ। 5. ਜੱਦੀ ਪੁਸ਼ਤੀ : ਅਗਰ ਕਿਸੇ ਦੀ ਪੀੜ੍ਹੀ-ਦਰ-ਪੀੜ੍ਹੀ ਵਾਲ ਝੜਦੇ ਹਨ ਜਾਂ ਪਰਿਵਾਰ ਵਿਚ ਗੰਜਾਪਣ ਹੈ ਤਾਂ ਅਗਲੀਆਂ ਪੀੜ੍ਹੀਆਂ ਵਿਚ ਵੀ ਇਸਦੇ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੁੰਦੀ ਹੈ। 6. ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਜਾਂ ਗਰਭਵਤੀ ਔਰਤਾਂ ਦੇ ਵਾਲ ਝੜਨਾ ਆਮ ਗੱਲ ਹੈ। ਇਸ ਦੌਰਾਨ ਬਹੁਤੀਆਂ ਦਵਾਈਆਂ ਦੀ ਲੋੜ ਨਹੀਂ ਪੈਂਦੀ। ਜਦ ਬੱਚਾ ਦੁੱਧ ਪੀਣਾ ਛੱਡ ਦਿੰਦਾ ਹੈ ਤਾਂ ਵਾਲ ਝੜਨੋਂ ਰੁਕ ਜਾਂਦੇ ਹਨ। 7. ਕੈਮੀਕਲ, ਤੇਜ਼ ਦਵਾਈਆਂ : ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਤਾਂ ਬਿਲਕੁਲ ਗੰਜਾ ਹੀ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ ਵਾਲ ਕਾਲੇ ਕਰਨ ਵਾਲੀਆਂ ਡਾਈਆਂ, ਇਥੋਂ ਤੱਕ ਕਿ ਵਾਲ ਲੰਮੇ ਕਰਨ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਸ਼ੈਂਪੂ ਵੀ ਵਾਲ ਟੁੱਟਣ ਦਾ ਕਾਰਨ ਬਣ ਸਕਦੇ ਹਨ ਕਿਉਂਕਿ ਸ਼ੈਂਪੂਆਂ ਵਿਚ ਵਰਤਿਆ ਜਾਣ ਵਾਲਾ ਕੈਮੀਕਲ ਵੀ ਵਾਲਾਂ ਦੀ ਜੜ੍ਹ ਨੂੰ ਕਮਜ਼ੋਰ ਕਰ ਦਿੰਦਾ ਹੈ, ਜਿਸ ਨਾਲ ਇਕ ਵਾਰ ਤਾਂ ਵਾਲ ਚਮਕੀਲੇ ਹੋ ਜਾਂਦੇ ਹਨ ਪਰ ਬਾਅਦ ਵਿਚ ਟੁੱਟਣ ਲੱਗ ਜਾਂਦੇ ਹਨ। ਜਿੱਥੋਂ ਤੱਕ ਹੋ ਸਕੇ, ਦਹੀਂ ਜਾਂ ਲੱਸੀ ਨਾਲ ਨਹਾ ਕੇ ਵਾਲਾਂ ਨੂੰ ਕੋਈ ਵਧੀਆ ਤੇਲ ਲਗਾਇਆ ਜਾਵੇ। ਹਰ ਰੋਜ਼ ਅੌਲੇ ਦਾ ਮੁਰੱਬਾ ਦੁੱਧ ਨਾਲ ਖਾਓ, ਬਿਨਾਂ ਮਤਲਬ ਤੋਂ ਬਦਲ-ਬਦਲ ਕੇ ਸ਼ੈਂਪੂ ਨਾ ਲਗਾਓ। ਜੇਕਰ ਇਕੱਲੇ ਸ਼ੈਂਪੂ ਲਗਾਉਣ ਨਾਲ ਹੀ ਵਾਲ ਟੁੱਟਣੋਂ ਰੁਕਦੇ ਹੁੰਦੇ ਤਾਂ ਗੰਜਿਆਂ ਨੂੰ ਸਿਰ ਲੁਕੋਣ ਦੀ ਲੋੜ ਨਾ ਪੈਂਦੀ। ਆਪਣੀ ਬਿਮਾਰੀ ਦਾ ਮਾਹਿਰ ਡਾਕਟਰ ਦੀ ਰਾਏ ਅਨੁਸਾਰ ਇਲਾਜ ਕਰਵਾਓ। ਵਾਲਾਂ ਨੂੰ ਦੱਬ ਕੇ ਰਗੜਨਾ ਨਹੀਂ ਚਾਹੀਦਾ, ਸਗੋਂ ਪੋਲਾ-ਪੋਲਾ ਵਾਹੁਣਾ ਚਾਹੀਦਾ ਹੈ ਤਾਂ ਕਿ ਵਾਲਾਂ ਦੀ ਜੜ ਕਮਜ਼ੋਰ ਨਾ ਹੋਵੇ। ਨਹਾਉਣ ਤੋਂ ਪਹਿਲਾਂ ਖਾਲਸ ਸਰ੍ਹੋਂ, ਸ਼ੁੱਧ ਨਾਰੀਅਲ ਜਾਂ ਅੌਲੇ ਦੇ ਤੇਲ ਦੀ ਮਾਲਿਸ਼ ਕਰਕੇ ਫਿਰ ਨਹਾਓ। ਨਹਾਉਣ ਤੋਂ ਬਾਅਦ ਕਿਸੇ ਹੇਅਰ ਡਰਾਇਰ ਨਾਲ ਵਾਲ ਸੁਕਾਉਣ ਦੀ ਕੋਸ਼ਿਸ਼ ਨਾ ਕਰੋ। ਉਸ ਨਾਲ ਵਾਲਾਂ ਦੀ ਜੜ੍ਹ ਕਮਜ਼ੋਰ ਹੁੰਦੀ ਹੈ ਅਤੇ ਵਾਲ ਟੁੱਟਣ ਲੱਗ ਜਾਂਦੇ ਹਨ। ਧੰਨਵਾਦ ਸਹਿਤ ------

ਡਾ. ਅਮਨਦੀਪ ਸਿੰਘ ਟੱਲੇਵਾਲੀਆ   ,ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ 98146-99446