ਕਰੋਨਾ ਪਾਜ਼ਿਟਿਵ ਆਏ ਕੇਸਾਂ ਕਾਰਨ ਸੀਲ ਕੀਤੇ ਨਿਊ ਟਾਊਨ ਵਾਸੀਆਂ ਲਈ ਚਿੰਤਾਤੁਰ ਵਿਧਾਇਕ ਡਾ: ਹਰਜੋਤ ਕਮਲ ਨੇ ਸਿਵਲ ਹਸਪਤਾਲ ਵਿਖੇ ਕੀਤਾ ਦੌਰਾ

ਮੋਗਾ,8 ਜੁਲਾਈ (ਜਸ਼ਨ): ਮੋਗਾ ਦੇ ਨਿਊ ਟਾਊਨ ਇਲਾਕੇ ‘ਚ ਕਰੋਨਾ ਪਾਜ਼ਿਟਿਵ ਆਏ ਕੇਸਾਂ ਕਾਰਨ ਮਾਈਕਰੋਕੰਟੇਨਮੈਂਟ ਜ਼ੋਨ ਐਲਾਨੇ ਜਾਣ ’ਤੇ ਚਿੰਤਾਤੁਰ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਮੋਗਾ ਦੇ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਦੌਰਾ ਕੀਤਾ। ਉਹਨਾਂ ਸਿਵਲ ਸਰਜਨ ਮੈਡਮ ਅਮਰਪ੍ਰੀਤ ਕੌਰ ਬਾਜਵਾ, ਡਾ: ਸੁਖਪ੍ਰੀਤ ਸਿੰਘ ਬਰਾੜ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਡਾ: ਰਾਜੇਸ਼ ਮਿੱਤਲ,ਜ਼ਿਲ੍ਹਾ ਐਪਡੋਮੋਲੋਜਿਸਟ ਡਾ: ਮੁਨੀਸ਼, ਫਾਰਮੇਸੀ ਅਫਸਰ ਰਾਜੇਸ਼ ਭਾਰਦਵਾਜ ਅਤੇ ਸਿਹਤ ਅਧਿਕਾਰੀ ਹਾਜ਼ਰ ਸਨ । ਇਸ ਮੌਕੇ ਉਹਨਾਂ ਕਰੋਨਾ ਦੇ ਆਏ ਨਵੇਂ ਕੇਸਾਂ ਸਬੰਧੀ ਜਾਣਕਾਰੀ ਹਾਸਲ ਕੀਤੀ । ਮੋਗਾ ਵਿਚ ਅਚਾਨਕ ਕਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਸਿਵਲ ਸਰਜਨ ਨੂੰ ਪੂਰਨ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਆਖਿਆ ਕਿ ਉਹ ਹਰ ਪਲ ਲੋਕਾਂ ਲਈ ਹਾਜ਼ਰ ਹਨ ਅਤੇ ਕਰੋਨਾ ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਛੇਤੀ ਸਿਹਤਯਾਬੀ ਲਈ ਹਰ ਯਤਨ ਕਰਨ ਦੇ ਇਛੁੱਕ ਹਨ । ਉਹਨਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਨਿਊ ਟਾਊਨ ਦੇ ਸ਼ੱਕੀ ਕਰੋਨਾ ਮਰੀਜ਼ਾਂ ਦੇ ਟੈਸਟਾਂ ਲਈ ਲੋਕਾਂ ਨੂੰ ਹਸਪਤਾਲ ਲਿਆਉਣ ਦੀ ਬਜਾਏ ਐਂਬੂਲੈਂਸ ਭੇਜ ਕੇ ਨਿਊ ਟਾਊਨ ਇਲਾਕੇ ਵਿਚ ਘਰੋ ਘਰੀਂ ਉਥੋਂ ਦੇ ਵਾਸੀਆਂ ਦੇ ਸੈਂਪਲ ਲਏ ਜਾਣ ਤਾਂ ਕਿ ਉਹਨਾਂ ਨੂੰ ਸਿਵਲ ਹਸਪਤਾਲ ਨਾ ਆਉਣਾ ਪਵੇ । ਇਸ ਮੌਕੇ ਉਹਨਾਂ ਮੋਗਾ ਨਗਰ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨਾਲ ਫੋਨ ’ਤੇ ਸੰਪਰਕ ਕਰਦਿਆਂ ਸਮੁੱਚੇ ਨਿਊ ਟਾਊਨ ਇਲਾਕੇ ਨੂੰ ਸੈਨੇਟਾਈਜ਼ ਕਰਨ ਲਈ ਆਖਿਆ ਤਾਂ ਕਿ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੋਗਾ ‘ਚ ਕਰੋਨਾ ਕਰਕੇ ਨਿਊ ਟਾਊਨ ਇਲਾਕੇ ਨੂੰ ਬੰਦ ਕਰਨਾ ਪਿਆ ਹੈ ਪਰ ਮੇਰੇ ਮੋਗਾ ਹਲਕੇ ਦੇ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ,ਕਿਉਂਕਿ ਉਸ ਇਲਾਕੇ ਦੇ ਵਸਨੀਕਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਨੂੰ ਧਿਆਨ ਵਿਚ ਰੱਖਦਿਆਂ ਅਹਿਤਿਆਤਨ ਕੁਝ ਗਲੀਆਂ ਨੂੰ ਸੀਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮਾਈਕਰੋਕੰਟੇਨਮੈਂਟ ਖੇਤਰ ਦੇ ਵਸਨੀਕ ਉਹਨਾਂ ਨੂੰ ਜਦ ਵੀ ਚਾਹੁਣ ਉਹਨਾਂ ਦੇ ਫੋਨ 99889-10001 ਅਤੇ 77540-00001 ’ਤੇ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ ’ਤੇ ਹੱਲ ਕਰਵਾਈ ਜਾਵੇਗੀ । ਉਹਨਾਂ ਆਖਿਆ ਕਿ ਮੋਗਾ ਮੇਰਾ ਪਰਿਵਾਰ ਹੈ ਅਤੇ ਮੈਂ ਕਰੋਨਾ ਮਹਾਂਮਾਰੀ ਦੇ ਦੌਰ ਵਿਚ ਦਿਨ ਰਾਤ ਆਪਣੇ ਪਰਿਵਾਰ ਨਾਲ ਖੜ੍ਹਾ ਹਾਂ । ਉਹਨਾਂ ਐੱਸ ਡੀ ਐੱਮ ਸਤਵੰਤ ਸਿੰਘ ਨੂੰ ਵੀ ਫੋਨ ’ਤੇ ਹਦਾਇਤ ਕੀਤੀ ਕਿ ਕੰਟੇਨਮੈਂਟ ਖੇਤਰ ਦੇ ਵਾਸੀਆਂ ਦੀ ਹਰ ਜ਼ਰੂਰੀ ਲੋੜ ਪੂਰੀ ਕੀਤੀ ਜਾਵੇ ਅਤੇ ਪ੍ਰਸ਼ਾਸਨਿਕ ਦੇਖਭਾਲ ਵਿਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ। ਇਸ ਮੌਕੇ ਡਾ: ਹਰਜੋਤ ਕਮਲ ਨੇ ਐਮਜੈਂਸੀ ਵਿਚ ਦਾਖਲ ਹੋਰ ਮਰੀਜ਼ਾਂ ਨਾਲ ਮੁਲਾਕਾਤ ਕਰਦਿਆਂ ਉਹਨਾਂ ਦਾ ਹਾਲ ਚਾਲ ਵੀ ਪੁੱਛਿਆ। ਇਸ ਮੌਕੇ ਉਹਨਾਂ ਹਸਪਤਾਲ ਵਿਚ ਜੱਚਾ ਬੱਚਾ ਵਾਰਡ ਦੇ ਉਸਾਰੀ ਕਾਰਜਾਂ ਅਤੇ ਸਮੁੱਚੇ ਹਸਪਤਾਲ ਵਿਚ ਨਿਰਮਾਣ ਅਧੀਨ ਇੰਟਰਲਾਕ ਸੜਕਾਂ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ ਅਤੇ ਉਹਨਾਂ ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ਨਾਲ ਵਿਚਾਰ ਚਰਚਾ ਕਰਦਿਆਂ ਉਸਾਰੀ ਦੇ ਕੰਮ ਨੂੰ ਹੋਰ ਤੇਜ਼ ਕਰਨ ਦੀ ਇੱਛਾ ਜ਼ਾਹਰ ਕੀਤੀ।