ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਦਿਅਕ ਮੁਕਾਬਲਿਆਂ ਦੀ ਲੜੀ 6 ਤੋਂ

ਚੰਡੀਗੜ੍ਹ, 5 ਜੁਲਾਈ (ਜਸ਼ਨ) :  ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸਾਢੇ ਪੰਜ ਮਹੀਨੇ ਚੱਲਣ ਵਾਲੇ ਵਿਦਿਅਕ ਮੁਕਾਬਲੇ 6 ਜੁਲਾਈ ਤੋਂ ਸ਼ੁਰੂ ਹੋਣਗੇ ਜਿਸ ਦੇ ਸਬੰਧ ਵਿੱਚ ਸਿੱਖਆ ਵਿਭਾਗ ਅਤੇ ਅਧਿਆਪਕਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ।ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ  ਕੁਮਾਰ ਵੱਲੋਂ 6 ਜੁਲਾਈ 2020 ਤੋਂ 21 ਦਸੰਬਰ 2020 ਤੱਕ ਚੱਲਣ ਵਾਲੇ ਮੁਕਾਬਲਿਆਂ ਲਈ ਪਹਿਲਾਂ ਹੀ ਰੂਪ ਰੇਖਾ ਜਾਰੀ ਕਰ ਦਿੱਤੀ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਗੀਤ, ਕਾਵਿ ਉਚਾਰਣ, ਭਾਸ਼ਣ, ਸੰਗੀਤ ਸਾਜੋ-ਸਾਜੋ ਸਮਾਨ ਵਜਾਉਣ (ਹਰਮੋਨੀਅਮ, ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ, ਢੱਡ) ਪੋਸਟਰ ਬਨਾਉਣ, ਪੇਂਟਿੰਗ ਬਨਾਉਣ, ਸਲੋਗਨ ਲੇਖਣ, ਸੁੰਦਰ ਲਿਖਾਈ ਲਿਖਣ, ਪੀ.ਪੀ.ਟੀ. ਮੇਕਿੰਗ ਅਤੇ ਦਸਤਾਰਬੰਦੀ ਦੇ ਮੁਕਾਬਲੇ ਸ਼ਾਮਲ ਹਨ।ਬੁਲਾਰੇ ਨੇ ਦੱਸਿਆ ਕਿ ਇਹ ਮੁਕਾਬਲੇ ਸਿਰਫ਼ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ, ਸਿੱਖਿਆਵਾਂ, ਬਾਣੀ ਅਤੇ ਕੁਰਬਾਨੀ ਨਾਲ ਸਬੰਧਿਤ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੀ ਹਿੱਸਾ ਲੈ ਸਕਣਗੇ। ਸਾਰੇ ਮੁਕਾਬਲੇ ਪ੍ਰਾਇਮਰੀ, ਮਿਡਲ, ਸੈਕੰਡਰੀ ਤਿੰਨ ਪੱਧਰਾਂ ’ਤੇ ਕਰਵਾਏ ਜਾਣਗੇ। ਇਸੇ ਤਰ੍ਹਾਂ ਹੀ ਸਪੈਸ਼ਲ ਨੀਡ (ਸੀ.ਡਬਲਯੂ.ਐਸ.ਐਨ) ਵਾਲੇ ਬੱਚਿਆਂ ਦੇ ਮੁਕਾਬਲੇ ਵੀ ਤਿੰਨ ਪੱਧਰਾਂ ’ਤੇ ਹੀ ਹੋਣਗੇ। ਇੱਕ ਵਿਦਿਆਰਥੀ ਵੱਧ ਤੋਂ ਵੱਧ ਦੋ ਆਈਟਮਾਂ ਵਿੱਚ ਹਿੱਸਾ ਲੈ ਸਕਦਾ ਹੈ।ਬੁਲਾਰੇ ਅਨੁਸਾਰ ਇਹ ਮੁਕਾਬਲੇ ਮੌਜੂਦਾ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨਜ਼ ਤੇ ਸੋਲੋ ਆਈਟਮਜ਼ ਦੇ ਰੂਪ ਵਿੱਚ ਕਰਵਾਏ ਜਾਣਗੇ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ