ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੂੰ ਕੋਰੇ ਝੂਠ ਅਤੇ ਦੋਗਲੇਪਣ ਲਈ ਆੜੇ ਹੱਥੀਂ ਲਿਆ.ਜੇਕਰ ਤੇਲ ਕੀਮਤਾਂ 'ਚ ਵਾਧੇ ਦਾ ਏਨਾ ਹੀ ਫਿਕਰ ਸਤਾਉਂਦਾ ਤਾਂ ਫੇਰ ਕੇਂਦਰੀ ਮੰਤਰੀ ਦੀ ਕੁਰਸੀ ਕਿਉਂ ਨਹੀਂ ਛੱਡਦੇ-ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਕੀਤਾ ਸਵਾਲ

ਚੰਡੀਗੜ੍ਹ, 3 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :     ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਕੋਵਿਡ ਦੇ ਸੰਕਟ ਦਰਮਿਆਨ ਆਪਣੇ ਸੌੜੇ ਸਿਆਸੀ ਮੁਫ਼ਾਦ ਅੱਗੇ ਵਧਾਉਣ ਲਈ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।
ਬਾਦਲ ਜੋੜੇ 'ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵੱਲੋਂ ਧੋਖੇਬਾਜ਼ੀ ਅਤੇ ਝੂਠ ਦੀ ਸਾਂਝੀ ਮੁਹਿੰਮ ਚਲਾਉਣ ਦੇ ਢੰਗ ਨੇ ਦੋਵਾਂ ਦੇ ਦੋਹਰੇ ਮਿਆਰ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਲੀਡਰਾਂ ਦੇ ਮੱਗਰਮੱਛ ਦੇ ਹੰਝੂ ਕੇਰਨ ਦੇ ਢਕਵੰਜ ਅਤੇ ਸਿਆਸੀ ਖੇਖਣਬਾਜ਼ੀਆਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਕਿ ਕਿਵੇਂ ਅਕਾਲੀਆਂ ਨੇ ਸੱਤਾ ਵਿੱਚ ਹੁੰਦਿਆਂ ਲੋਕਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਨ ਦੀ ਬਜਾਏ ਇਕ ਦਹਾਕਾ ਬੇਰਹਿਮੀ ਨਾਲ ਪੰਜਾਬ ਨੂੰ ਲੁੱਟਿਆ।
ਪੰਜਾਬ ਵਿੱਚ ਕਾਂਗਰਸੀਆਂ ਉਪਰ ਰਾਸ਼ਨ ਵਿੱਚ ਗਬਨ ਦੇ ਲਾਏ ਦੋਸ਼ਾਂ 'ਤੇ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਵਿਧਾਇਕਾਂ ਵੱਲੋਂ ਉਨ੍ਹਾਂ ਦੀ ਸਰਕਾਰ ਦੇ ਉਪਰਾਲਿਆਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜਿਆ ਹੁੰਦਾ ਹੈ ਅਤੇ ਉਹ ਭਲੀ ਭਾਂਤ ਜਾਣਦਾ ਹੈ ਕਿ ਫੌਰੀ ਤੌਰ 'ਤੇ ਮਦਦ ਸਭ ਤੋਂ ਪਹਿਲਾਂ ਲੋੜ ਕਿਸ ਨੂੰ ਦੇਣੀ ਹੈ ਅਤੇ ਇਹੀ ਯਕੀਨੀ ਬਣਾਉਣ ਲਈ ਉਹ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸੰਕਟ ਦੀ ਇਸ ਘੜੀ ਵਿੱਚ ਕੀਤੇ ਜਾ ਰਹੇ ਸੰਜੀਦਾ ਯਤਨਾਂ ਦੇ ਹਿੱਸੇ ਵਜੋਂ ਮੁਲਕ ਦੇ ਹਰੇਕ ਖੇਤਰ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਲੋਕਾਂ ਦੀ ਇਮਦਾਦ ਕੀਤੀ ਜਾ ਰਹੀ ਹੈ ਅਤੇ ਅਕਾਲੀ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੇ ਕਦੇ ਵੀ ਆਪਣੇ ਸਿਆਸੀ ਮੁਫ਼ਾਦਾਂ ਦੀ ਪੂਰਤੀ ਕਰਨ ਤੋਂ ਬਿਨਾਂ ਅੱਗੇ ਦੇਖਿਆ ਹੀ ਨਹੀਂ।
ਸੂਬਾ ਸਰਕਾਰ ਵੱਲੋਂ ਪ੍ਰਾਪਤ ਕੀਤੇ ਅਨਾਜ ਨੂੰ ਲੋਕਾਂ ਵਿੱਚ ਨਾ ਵੰਡਣ ਬਾਰੇ ਲਾਏ ਦੋਸ਼ਾਂ ਲਈ ਸੁਖਬੀਰ ਬਾਦਲ ਦਾ ਮੌਜੂ ਉਡਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਤਾਂ ਪੇਸ਼ ਕੀਤੇ ਤੱਥ ਵੀ ਪੂਰੀ ਤਰ੍ਹਾਂ ਗਲਤ ਹਨ ਜੋ ਇਹ ਦਰਸਾਉਂਦੇ ਹਨ ਉਹ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ।
ਤੱਥ ਇਹ ਹਨ ਕਿ ਪੰਜਾਬ ਸਰਕਾਰ ਵੱਲੋਂ ਜੂਨ ਤੱਕ ਪ੍ਰਾਪਤ ਕੀਤੇ ਅਨਾਜ ਪਦਾਰਥਾਂ ਦੀ ਮਿਕਦਾਰ ਸੁਖਬੀਰ ਵੱਲੋਂ ਦਿੱਤੇ ਅੰਕੜਿਆਂ ਨਾਲੋਂ ਵੱਧ ਸੀ ਅਤੇ ਇਨ੍ਹਾਂ ਵਿੱਚੋਂ 90 ਫੀਸਦੀ ਤੋਂ ਵਧੇਰੇ ਹਿੱਸਾ ਵੰਡਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸੂਬੇ ਨੂੰ 212164 ਮੀਟਰਿਕ ਟਨ ਕਣਕ ਅਲਾਟ ਕੀਤੀ ਗਈ ਜਿਸ ਵਿੱਚੋਂ 199091 ਮੀਟਿਰਿਕ ਟਨ ਕਣਕ ਵੰਡੀ ਜਾ ਚੁੱਕੀ ਹੈ ਜਦੋਂਕਿ 10800 ਮੀਟਰਿਕ ਟਨ ਅਲਾਟ ਦਾਲ ਵਿੱਚੋਂ 10305 ਮੀਟਰਿਕ ਟਨ ਦੀ ਵੰਡ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਕੇਂਦਰ ਸਰਕਾਰ ਦੀ ਆਤਮ-ਨਿਰਭਰ ਭਾਰਤ ਸਕੀਮ ਤਹਿਤ ਕਣਕ (ਪ੍ਰਤੀ ਵਿਅਕਤੀ) ਅਤੇ ਦਾਲ (ਪ੍ਰਤੀ ਪਰਿਵਾਰ)14.14ਲੱਖ ਵਿਅਕਤੀਆਂਨੂੰ ਮੁਹੱਈਆ ਕਰਵਾਈ ਗਈ ਅਤੇ ਸੂਬੇ ਵੱਲੋਂ ਕਣਕ ਦਾ ਆਟਾ ਤਿਆਰ ਕਰਕੇ, ਇਸ ਨਾਲ ਦਾਲ ਸ਼ਾਮਲ ਕਰਕੇ ਇਸ ਨੂੰ ਪ੍ਰਤੀ ਵਿਅਕਤੀ ਇਕ ਕਿਲੋ ਬਣਾਇਆ ਗਿਆ ਅਤੇ ਸੂਬੇ ਵੱਲੋਂ ਆਪਣੀ ਪੱਧਰ 'ਤੇ ਇਕ ਕਿਲੋ ਖੰਡ ਇਸ ਵਿੱਚ ਪਾਈ ਗਈ। ਅਸਲ ਵਿੱਚ, ਸੂਬਾ ਸਰਕਾਰ ਨੇ ਆਪਣੇ ਫੰਡਾਂ ਵਿੱਚੋਂ ਪ੍ਰਵਾਸੀ ਕਿਰਤੀਆਂ ਨੂੰ 17 ਲੱਖ ਖੁਰਾਕੀ ਪੈਕਟ ਵੰਡਣ ਲਈ 69 ਕਰੋੜ ਰੁਪਏ ਖਰਚੇ ਜਿਨ੍ਹਾਂ ਵਿੱਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕੇਟ ਸ਼ਾਮਲ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਅੰਕੜੇ ਇਹ ਦਰਸਾਉਣ ਲਈ ਕਾਫੀ ਹਨ ਕਿ ਖੁਰਾਕੀ ਅਨਾਜ ਦੀ ਵੰਡ ਸਬਧੀ ਸੁਖਬੀਰ ਵੱਲੋਂ ਕੀਤੇ ਦਾਅਵੇ ਅਤੇ ਲਗਾਏ ਦੋਸ਼ ਪੂਰੀ ਤਰ੍ਹਾਂ ਨਿਰਆਧਾਰ ਅਤੇ ਸਬੂਤ ਹੀਣੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਕਸਰ ਬੇਤੁੱਕੀ ਬਿਆਨਬਾਜ਼ੀ ਕਰਦੇ ਹਨ ਅਤੇ ਦੋਹਰਾ ਮਿਆਰ ਰੱਖਦੇ ਹਨ। ਮੁੱਖ ਮੰਤਰੀ ਨੇ ਹਾਲ ਹੀ ਵਿੱਚ ਖੇਤੀ ਖੇਤਰ ਸਬੰਧੀ ਆਰਡੀਨੈਂਸਾਂ ਦੇ ਮੁੱਦੇ 'ਤੇ ਪਿੱਛੇ ਹਟਣ ਅਤੇ ਇਸ ਤੋਂ ਪਹਿਲਾਂ ਸੀ.ਏ.ਏ ਦੇ ਮੁੱਦੇ 'ਤੇ ਅਕਾਲੀਆਂ ਵੱਲੋਂ ਅਪਣਾਏ ਆਪਾ ਵਿਰੋਧੀ ਸਟੈਂਡ ਵੱਲ ਵੀ ਇਸ਼ਾਰਾ ਕੀਤਾ।
ਤੇਲ 'ਤੇ ਲੱਗੇ ਵੈਟ ਦੇ ਮਸਲੇ 'ਤੇ ਹਰਸਿਮਰਤ ਬਾਦਲ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਹਰਸਿਮਰਤ ਤੇਲ ਕੀਮਤਾਂ ਦੇ ਵਧਣ ਨਾਲ ਆਮ ਆਦਮੀ ਦੇ ਪ੍ਰਭਾਵਿਤ ਹੋਣ ਬਾਰੇ ਏਨੀ ਚਿੰਤਾਤੁਰ ਹੈ ਤਾਂ ਉਸ ਨੇ ਕੇਂਦਰ ਸਰਕਾਰ, ਜਿਸ ਵਿੱਚ ਉਹ ਕੈਬਨਿਟ ਮੰਤਰੀ ਹੈ, 'ਤੇ ਡੀਜ਼ਲ ਅਤੇ ਪੈਟਰੋਲ ਕੀਮਤਾਂ ਦੀਆਂ ਕੀਮਤਾਂ ਵਿੱਚ ਬਿਨਾਂ ਨਿਯੰਤਰਣ ਦੇ ਲਗਾਤਾਰ 22 ਦਿਨ ਹੋਏ ਵਾਧੇ 'ਤੇ ਕਾਬੂ ਪਾਉਣ ਲਈ ਦਬਾਅ ਕਿਉਂ ਨਹੀਂ ਪਾਇਆ।
ਉਨ੍ਹਾਂ ਨੇ ਆਮ ਲੋਕਾਂ ਬਾਰੇ ਜਤਾਈ ਜਾ ਰਹੀ ਇਸ ਦਿਖਾਵੇ ਦੀ ਚਿੰਤਾ ਨੂੰ ਹਾਸੋਹੀਣੀ ਕਹਿ ਕੇ ਰੱਦ ਕੀਤਾ ਕਿ ਹਰਸਿਮਰਤ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਹੈਰਾਨਕੁਨ ਵਾਧੇ ਨੂੰ ਅੱਖੋਂ ਪਰੋਖੇ ਕਰਕੇ ਸੂਬਾ ਸਰਕਾਰ ਵੱਲੋਂ ਪੈਟਰੋਲੀਅਮ ਟੈਕਸ ਵਿੱਚ ਕੀਤੇ ਵਾਧੇ ਬਾਰੇ ਪ੍ਰਤੀਕ੍ਰਿਆ ਕਰ ਰਹੀ ਹੈ।
ਕੇਂਦਰੀ ਮੰਤਰੀ ਦੇ ਇਸ ਮਸਲੇ 'ਤੇ ਬਿਆਨਾਂ 'ਤੇ ਕਟਾਖਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਪਦਾ ਹੈ ਕਿ ਹਰਸਿਮਰਤ ਨੂੰ ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਵਿੱਚ ਵਾਧਾ ਕਰਕੇ 2 ਲੱਖ ਕਰੋੜ ਹਾਸਲ ਕਰਨ 'ਤੇ ਕੋਈ ਸਮੱਸਿਆ ਨਹੀਂ ਪਰ ਜਦੋਂ ਉਸਦੇ ਆਪਣੇ ਸੂਬੇ, ਜੋ ਕੋਵਿਡ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਇਹ ਲੋਕ ਵਿਰੋਧੀ ਲੱਗਦਾ ਹੈ।
ਉਨ੍ਹਾਂ ਪੁੱਛਿਆ ਕਿ, ''ਜੇਕਰ ਬਾਦਲ ਕੇਂਦਰ ਵੱਲੋਂ ਤੇਲ ਦੀਆਂ ਕੀਮਤਾਂ 'ਚ ਕੀਤੇ ਵਾਧੇ ਦਾ ਵਿਰੋਧ ਕਰਨ 'ਚ ਗੰਭੀਰ ਹਨ, ਜਿਸ ਤਰ੍ਹਾਂ ਉਹ ਦਾਅਵਾ ਕਰਦੇ ਹਨ, ਤਾਂ ਉਹ ਕੇਂਦਰ ਵਿੱਚ ਐਨ.ਡੀ.ਏ ਗੱਠਜੋੜ ਕਿਉਂ ਨਹੀਂ ਛੱਡ ਦਿੰਦੇ? ਹਰਸਿਮਰਤ ਹਾਲੇ ਤੱਕ ਕੇਂਦਰੀ ਕੈਬਨਿਟ ਵਿੱਚ ਕਿਉਂ ਹੈ? ਉਨ੍ਹਾਂ ਕਿਹਾ ਕਿ ਅਕਾਲੀ ਸਿਰਫ ਹਰ ਕੀਮਤ 'ਤੇ ਆਪਣੀ ਤਾਕਤ ਬਹਾਲ ਰੱਖਣ ਅਤੇ ਆਪਣੀਆਂ ਜੇਬਾਂ ਭਰਨ ਦੀ ਲਾਲਸਾ ਪਾਲਦੇ ਹਨ, ਭਾਵੇਂ ਇਸ ਨਾਲ ਪੰਜਾਬ ਬਰਬਾਦ ਕਿਉਂ ਨਾ ਹੋ ਜਾਵੇ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ