ਆਪਣੇ ਸਮੇਂ ਵਿਚ ਵਜੀਰੀਆਂ ਮਾਨਣ ਅਤੇ ਲੋਕਾਂ ਦੀ ਹਾਲਤ ਤਰਸਯੋਗ ਬਣਾਉਣ ਵਾਲੇ ਹੁਣ ਮੋਗਾ ‘ਚ ਚੱਲ ਰਹੇ ਵਿਕਾਸ ਕਾਰਜਾਂ ’ਤੇ ਸਾੜਾ ਕਰਨ ਦੀ ਬਜਾਏ ਸ਼ਾਬਾਸ਼ ਦੇਣੀ ਸਿੱਖਣ : ਵਿਧਾਇਕ ਡਾ: ਹਰਜੋਤ ਕਮਲ

ਮੋਗਾ,28 ਜੂਨ (ਜਸ਼ਨ):ਯੂਥ ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ’ਤੇ ਲਾਏ ਦੋਸ਼ਾਂ ’ਤੇ ਪ੍ਰਤੀਕਰਮ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਵਿਕਾਸ ਵਿਹੂਣੇ ਮੋਗਾ ਵਾਸੀਆਂ ਲਈ ਮੇਰੇ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਆਪਣਾ ਹੱਕ ਜਤਾਉਣ ਵਾਲੇ ਆਗੂਆਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਕਾਲੀ ਭਾਜਪਾ ਦੇ 10 ਸਾਲ ਦੇ ਰਾਜ ਦੌਰਾਨ ਬਰਜਿੰਦਰ ਬਰਾੜ ਦੀ ਅਗਵਾਈ ਵਾਲੀ ਨਗਰ ਕੌਂਸਲ ਤੇ ਫਿਰ ਪੰਜ ਸਾਲ ਨਗਰ ਨਿਗਮ ਵਿੱਚ ਸਾਰੇ ਕੌਂਸਲਰ ਅਕਾਲੀ ਭਾਜਪਾ ਗਠਜੋੜ ਦੇ ਸਨ ਪਰ ਆਪਸੀ ਮਤਭੇਦਾਂ ਦੇ ਚਲਦਿਆਂ ਕੁੱਕੜ-ਖੇਹ ਉਡਾਉਂਦੇ ਰਹੇ, ਮੋਗੇ ਦਾ ਕੱਖ ਨਹੀਂ ਸੁਆਰਿਆ। ਉਹਨਾਂ ਆਖਿਆ ਕਿ ਅਕਾਲੀ ਭਾਜਪਾ ਸ਼ਾਸਨ ਦੌਰਾਨ ਪਹਿਲਾਂ ਮੋਗਾ ਨਗਰ ਕੌਂਸਲ ਸੀ ਅਤੇ ਉਸ ਦੇ ਪ੍ਰਧਾਨ ਵੀ ਬਰਜਿੰਦਰ ਬਰਾੜ ਸਨ ਅਤੇ ਉਸ ਉਪਰੰਤ 2015 ‘ਚ ਨਗਰ ਨਿਗਮ ਬਨਣ ’ਤੇ ਮੋਗਾ ਨਿਗਮ ਵਿਚ ਅਕਾਲੀ ਭਾਜਪਾ ਕੌਂਸਲਰਾਂ ਦਾ ਹੀ ਬਹੁਮਤ ਸੀ ਅਤੇ ਸੂਬੇ ਵਿਚ ਵੀ ਅਕਾਲੀ ਭਾਜਪਾ ਸ਼ਾਸਨ ਹੋਣ ਦੇ ਬਾਵਜੂਦ ਨਿਗਮ ਨੇ ਵਿਕਾਸ ਕਰਨ ਦੀ ਬਜਾਏ ਵਿਨਾਸ਼ ਦਾ ਰਾਹ ਫ਼ੜੀ ਰੱਖਿਆ ਅਤੇ ਸਾਰਾ ਮੋਗਾ ਜਾਣਦਾ ਹੈ ਕਿ ਦੋ ਸਿਆਸੀ ਪਰਿਵਾਰਾਂ ਦੀ ਆਪਸੀ ਖਹਿਬਾਜੀ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਰਹੀ । 
ਡਾ: ਹਰਜੋਤ ਨੇ ਆਖਿਆ ਕਿ ਬਰਜਿੰਦਰ ਬਰਾੜ ਕਿਸ ਮੂੰਹ ਨਾਲ ਉਹਨਾਂ ’ਤੇ ਦੋਸ਼ ਲਗਾਉਂਦੇ ਨੇ ਕਿ ਉਹਨਾਂ ਵਿਕਾਸ ਕਾਰਜ ਰੋਕੇ ਜਦਕਿ 2017 ਤੱਕ ਤਾਂ ਕਾਂਗਰਸ ਸਰਕਾਰ ਹੀ ਹੋਂਦ ਵਿੱਚ ਨਹੀਂ ਸੀ ਆਈ ਤੇ ਫਿਰ ਨਗਰ ਨਿਗਮ ਦੋ ਸਾਲ ਕੀ ਕਰਦੀ ਰਹੀ ਕਿਉਂਕਿ 2017 ਤੱਕ ਤਾਂ ਅਕਾਲੀਆਂ ਦਾ ਰਾਜ ਸੀ। ਉਹਨਾਂ ਆਖਿਆ ਕਿ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਦੱਸ ਦਿਓ ਕਿ ਉਸ ਦੋ ਸਾਲ ਦੇ ਅਰਸੇ ਵਿਚ ਤੁਹਾਡੇ ਕੌਂਸਲਰਾਂ ਨੇ ਕਿਹੜੇ ਮਹਿਲ ਉਸਾਰ ਦਿੱਤੇ ਅਤੇ ਜਿਹਨਾਂ ਕੌਂਸਲਰਾਂ ਦੀ ਏਕਤਾ ਦੀ ਗੱਲ ਕਰਦੇ ਹੋ ਤਾਂ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਵਿਚ ਮੇਅਰ ਅਕਸ਼ਿਤ ਜੈਨ ਕਿਉਂ ਹਾਜ਼ਰ ਨਹੀਂ ਸੀ । ਕੀ ਲੋਕਾਂ ਵੱਲੋਂ ਨਕਾਰੇ ਜਾਣ ਕਾਰਨ ਅਤੇ ਸਿਆਸੀ ਜ਼ਮੀਨ ਤਲਾਸ਼ਣ ਲਈ ਏ ਸੀ ਕੋਠੀਆਂ ਵਿਚ ਬੈਠ ਕੇ ਪ੍ਰੈਸ ਕਾਨਫਰੰਸਾਂ ਕਰਨਾ ਹੀ ਰਾਜਨੀਤੀ ਹੰੁਦੀ ਹੈ ? ਉਹਨਾਂ ਕਿਹਾ ਕਿ ਜਦੋਂ ਮੈਂ ਦਿਨ ਰਾਤ ਲੋਕਾਂ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣ ਲਈ ਹਲਕੇ ਵਿਚ ਤੁਰਿਆ ਫਿਰਦਾ ਸਾਂ ਤਾਂ ਉਦੋਂ ਵੀ ਤੁਸੀਂ ਡਰਦੇ ਮਾਰੇ ਕੋਠੀ ‘ਚ ਵੜ ਕੇ ਫੇਸਬੁੱਕ ’ਤੇ ਲਾਈਵ ਹੋਇਆ ਕਰਦੇ ਸੀ ।  ਉਹਨਾਂ ਆਖਿਆ ਕਿ ਮੇਰੇ ’ਤੇ ਦੋਸ਼ ਲਗਾਉਣ ਵਾਲੇ ਸ਼ਾਇਦ ਭੁੱਲ ਗਏ ਨੇ ਕਿ ਕੰਮ ਮੈਂ ਨਹੀਂ ਰੋਕੇ ਸਗੋਂ ਅਕਾਲੀ ਭਾਜਪਾ ਬਹੁਮਤ ਵਾਲੀ ਨਗਰ ਨਿਗਮ ਨੇ ਰੋਕੇ ਜਦੋਂ ਮੈਂ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ 100 ਸੀ ਸੀ ਟੀ ਵੀ ਕੈਮਰੇ ਲਗਾਉਣ ਦਾ ਮਤਾ ਲਿਆਂਦਾ ਤਾਂ ਤੁਹਾਡੇ ਹੀ ਕੌਂਸਲਰਾਂ ਨੇ ਮਤਾ ਰੱਦ ਕਰ ਦਿੱਤਾ ਸੀ । ਉਹਨਾਂ ਕਿਹਾ ਕਿ ਤੁਸੀਂ ਤਾਂ ਲੋਕਾਂ ਦੀ ਸੁਰੱਖਿਆ ਹੀ ਦਾਅ ’ਤੇ ਲਗਾ ਦਿੱਤੀ ਸੀ ਤੇ ਹੁਣ ਕਿਹੜੇ ਮੂੰਹ ਨਾਲ ਤੁਸੀਂ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹੋ । ਉਹਨਾਂ ਆਖਿਆ ਕਿ ਤਿੰਨ ਸਾਲ ਲੋਕਾਂ ਨੂੰ ਨਸ਼ਈ ਲੁੱਟਦੇ ਰਹੇ, ਪਰ ਹੁਣ ਉਹਨਾਂ ਦੇ ਯਤਨਾਂ ਸਦਕਾ 12 ਕਰੋੜ ਦੀ ਗਰਾਂਟ ਲਿਆਂਦੀ ਗਈ ਹੈ ਜਿਸ ਤਹਿਤ ਸ਼ਹਿਰ ਵਿਚ ਸੀ ਸੀ ਟੀਵੀ ਕੈਮਰਿਆਂ ਦਾ ਜਾਲ ਵਿਛਾਇਆ ਜਾ ਰਿਹਾ ਤਾਂ ਕਿ ਹਰ ਵਿਅਕਤੀ ਸੁਰੱਖਿਅਤ ਮਹਿਸੂਸ ਕਰ ਸਕੇ। 
 ਉਹਨਾਂ ਆਖਿਆ ਕਿ ਮੈਂ ਹੈਰਾਨ ਹਾਂ ਕਿ ਤੁਹਾਡੇ ਵਰਗਾ ਪਰਪੱਖ ਸਿਆਸਤਦਾਨ ਇਹਨਾਂ ਭੁਲੱਕੜ ਕਿਉਂ ਹੈ । ਉਹਨਾਂ ਆਖਿਆ ਕਿ ਅਜੇ ਦੋ ਹਫਤੇ ਪਹਿਲਾਂ ਹੀ ਮੱਖਣ ਬਰਾੜ ਜੀ ਨੇ ਆਪਣੀ ਕੋਠੀ ਵਿਚ ਸਮੁੱਚੀ ਪ੍ਰੈੱਸ ਸਾਹਮਣੇ ਆਖਿਆ ਸੀ ਕਿ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਮੋਗੇ ਦੇ ਵਿਕਾਸ ਦੇ ਨਾ ਹੋਣ ਦਾ ਭਾਂਡਾ ਅਕਾਲੀ-ਭਾਜਪਾ ਕੌਂਸਲਰਾਂ ਦੀ ਖਿੱਚਧੂਹ ਸਿਰ ਭੰਨਦੇ ਸਨ ਪਰ ਹੁਣ ਤਾਂ ਨਗਰ ਨਿਗਮ ਦੀ ਮਿਆਦ ਖਤਮ ਹੋ ਗਈ ਹੈ ਹੁਣ ਵਿਕਾਸ ਕਿਉਂ ਨਹੀਂ ਕਰਵਾਇਆ ਜਾ ਰਿਹਾ ? ਡਾ: ਹਰਜੋਤ ਨੇ ਆਖਿਆ ਕਿ ਮੈਂ  ਪੁਛਦਾ ਹਾਂ ਕਿ ਜੇ ਹੁਣ ਮੈਂ ਵਿਕਾਸ ਕਰਵਾ ਰਿਹਾ ਹਾਂ ਤਾਂ ਵੀ ਤੁਹਾਡੇ ਢਿੱਡੀਂ ਪੀੜ ਹੋ ਰਹੀ ਹੈ, ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਮੋਗੇ ਵਾਲਿਆਂ ਤੇ ਤਰਸ ਕਰੋ , ਇਨਾਂ ਪਿਛਲੇ 13 ਸਾਲਾਂ ਤੋਂ ਬਹੁਤ ਦੁਖ ਸਹੇ ਨੇ ,ਵਿਕਾਸ ਕਰਵਾ ਕੇ ਮੈਂ ਇਹਨਾਂ ਦੇ ਜਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼  ਕਰ ਰਿਹਾ ਹਾਂ, ਪਰ ਯਾਦ ਰੱਖਿਓ ਲੋਕ ਅਜੇ ਭੁੱਲੇ ਨਹੀਂ, ਉਨ੍ਹਾਂ ਦੇ ਜਖਮ ਅੱਲ੍ਹੇ ਨੇ, ਉਨਾਂ ਨੂੰ ਯਾਦ ਹੈ ਕਿ ਇਹ ਜ਼ਖਮ ਤੁਸੀਂ ਹੀ ਦਿੱਤੇ ਨੇ ਕਿਉਂਕਿ ਸਾਰੇ ਕੌਂਸਲਰ ਅਕਾਲੀ ਭਾਜਪਾ ਗੱਠਜੋੜ ਹੋਣ ਦੇ ਬਾਵਜੂਦ, ਤੁਹਾਡੇ ਆਪਸੀ ਕਲੇਸ਼ ਨੇ ਮੋਗੇ ਦੀ ਹਾਲਤ ਤਰਸਯੋਗ ਬਣਾ ਦਿੱਤੀ ਸੀ । 
ਡਾ: ਹਰਜੋਤ ਨੇ ਆਖਿਆ ਕਿ ਮੇਰੀਆਂ ਕਾਲੀਆਂ ਐਨਕਾਂ ’ਤੇ ਤੁਸੀਂ ਇਤਰਾਜ਼ ਕੀਤਾ ਸਿਰ ਮੱਥੇ ਪਰ ਤੁਹਾਨੂੰ ਦੱਸ ਦੇਵਾਂ ਕਿ ਜਦੋਂ 45 ਡਿਗਰੀ ਸੈਂਟੀਗਰੇਡ ਤਾਪਮਾਨ ਹੋਵੇ ਅਤੇ ਲੂੰਹਦੀ ਧੁੱਪ ਹੋਵੇ ਤਾਂ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਦਿਆਂ ਕਾਲੀਆਂ ਐਨਕਾਂ ਲਾਉਂਣੀਆਂ ਪੈਂਦੀਆਂ ਨੇ । ਉਹਨਾਂ ਕਿਹਾ ਕਿ ਮੱਖਣ ਬਰਾੜ ਜੀ ਮੈਨੂੰ ਤਾਂ ਇਹਨਾਂ ਕਾਲੀਆਂ ਐਨਕਾਂ ਵਿਚ ਦੀ ਮੋਗੇ ਦਾ ਵਿਕਾਸ ਜੋਬਨ ’ਤੇ ਹੰੁਦਾ ਨਜ਼ਰ ਆ ਰਿਹੈ ਪਰ ਲੱਗਦਾ ਏ ਤੁਹਾਡੀ ਨਿਗਾਹ ਕੋਠੀ ਅੰਦਰ ਬੈਠ ਬੈਠ ਕੇ ਕਾਫ਼ੀ ਕਮਜ਼ੋਰ ਹੋ ਗਈ ਹੈ ਇਸ ਕਰਦੇ ਜੇ ਤੁਸੀਂ ਨਿਗਾਹ ਚੈੱਕ ਕਰਵਾਹ ਲਵੋਂ ਤਾਂ ਮੈਂ ਤੁਹਾਨੂੰ ਨਿਗਾਹ ਵਾਲੀਆਂ ਐਨਕਾਂ ਭੇਜ ਦੇਵਾਂਗਾ ਤਾਂ ਕਿ ਤੁਸੀਂ ਆਪਣੀ ਕੋਠੀ ਦੇ ਬਿਲਕੁੱਲ ਸਾਹਮਣੇ ਉਸਰ ਰਿਹਾ ਆਯੂਸ਼ ਹਸਪਤਾਲ ਦੇਖ ਸਕੋਂ । ਉਹਨਾਂ ਆਖਿਆ ਕਿ ਲੋਕ ਇਹ ਵੀ ਜਾਣਦੇ ਨੇ ਕਿ ਤੁਹਾਡੇ ਵੱਲੋਂ ਅਧੂਰੇ ਛੱਡੇ ਕੰਮ ਵੀ ਗਲੇ ਦੀ ਹੱਡੀ ਬਣੇ ਹੋਏ ਨੇ । ਗੋਧੇਵਾਲਾ ਸਟੇਡੀਅਮ ਜਿੱਥੇ ਤੁਸੀਂ ਸੁਖਬੀਰ ਬਾਦਲ ਜੀ ਨੂੰ ਵਾਰ ਵਾਰ ਲੈ ਜਾ ਫੋਟੋਆ ਕਰਵਾਉਂਦੇ ਹੁੰਦੇ ਸੀ ਅਜੇ ਵੀ ਅਧੂਰਾ ਹੈ। ਤੁਹਾਡੇ ਵੱਲੋਂ ਅਧੂਰੀਆਂ ਛੱਡੀਆਂ 28 ਸੜਕਾਂ ਦਾ ਮੁੜ ਨਿਰਮਾਣ ਵੀ ਮੈਂ ਆਰੰਭ ਕਰਵਾ ਰਿਹਾ ਹਾਂ । ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਕੁਝ ਮਤੇ ਤੁਸੀਂ ਅਤੇ ਕੁਝ ਮਤੇ ਤੁਹਾਡੇ ਹੀ ਕੌਂਸਲਰਾਂ ਨੇ ਅਕਸ਼ਿਤ ਜੈਨ ਜੀ ਦੇ ਰਾਜਕਾਲ ਦੌਰਾਨ ਪਾਸ ਕੀਤੇ ਹੋਣਗੇ ਪਰ ਜਨਾਬ ਮਤਿਆਂ ਨਾਲ ਵਿਕਾਸ ਨਹੀਂ ਹੁੰਦਾ। ਮੈਂ ਤਾਂ ਜ਼ਮੀਨੀ ਹਕੀਕਤ ’ਤੇ ਕੰਮ ਕਰਨ ਵਿਚ ਯਕੀਨ ਰੱਖਦਾ ਹਾਂ ਕਿਉਂਕਿ ਮੈਨੂੰ ਲੋਕਾਂ ਨੇ ਆਸੀਰਵਾਦ ਦੇ ਕੇ ਲੋਕ ਆਗੂ ਬਣਾਇਆ ਹੈ ਨਾ ਕਿ ਮੈਨੂੰ ਵਿਰਾਸਤ ਵਿਚ ਸਿਆਸਤ ਮਿਲੀ ਹੈ। 
ਉਹਨਾਂ ਆਖਿਆ ਕਿ ਤੁਹਾਨੂੰ ਤਾਂ ਲੋਕ ਦੱਸ ਹੀ ਚੁੱਕੇ ਹਨ ਅਤੇ ਤੁਹਾਡੇ ਮਗਰ ਖੜ੍ਹੇ ਕੌਂਸਲਰ ਜਿਹੜੇ ਪਿਛਲੇ ਪੰਜ ਸਾਲ ਥਾਲ ਵਿਚ ਪਾਣੀ ਵਾਂਗ ਡੋਲਦੇ ਰਹੇ ਅਤੇ ਦੋ ਸਿਆਸੀ ਪਰਿਵਾਰਾਂ ਦਾ ਮੋਹਰਾ ਬਣੇ ਰਹੇ, ਇਹਨਾਂ ਨੂੰ ਲੋਕ ਦੁਬਾਰਾ ਮੌਕਾ ਨਹੀਂ ਦੇਣਗੇ, ਕਿਉਂਕਿ ਲੋਕ ਜਾਣਦੇ ਨੇ ਕਿ ਇਹਨਾਂ ਮੁੜ ਤੋਂ ਉਹੀ ਕੜ੍ਹੀ ਘੋਲਣੀ ਹੈ ਜਿਹੜੀ ਪਹਿਲਾਂ ਘੋਲਦੇ ਰਹੇ। 
ਉਹਨਾਂ ਆਖਿਆ ਕਿ ਤੁਸੀਂ ਮੇਰੇ ਹਵਾ ਵਿਚ ਉੱਡਣ ਦੀ ਗੱਲ ਕੀਤੀ ਹੈ ਪਰ ਮੈਂ ਹਵਾ ਵਿਚ ਨਹੀਂ ਉਡਦਾ ਸਗੋਂ ਮੋਗਾ ਹਲਕੇ ਦੇ ਆਪਣੇ ਵੱਡੇ ਪਰਿਵਾਰ ਦੇ ਆਸਰੇ ਉੱਡਦਾ ਹਾਂ । ਉਹਨਾਂ ਆਖਿਆ ਕਿ ਤੁਹਾਡੇ ਹਿੱਸੇ ਰਾਜ ਨਹੀਂ ਸੇਵਾ ਅਤੇ ਵਿਕਾਸ ਦੀਆਂ ਹਨੇਰ੍ਹੀਆਂ ਦੇ ਨਾਅਰੇ ਹੀ ਆਏ ਅਤੇ ਮੇਰੇ ਹਿੱਸੇ ਸੇਵਾ ਆਈ ਜੋ ਹੁਣ ਮੈਂ ਕਰ ਰਿਹਾ ਹਾਂ ਅਤੇ ਜੋ ਵੀ ਵਿਕਾਸ ਕਾਰਜ ਮੈਂ ਕਰਵਾ ਰਿਹਾ ਹਾਂ ਉਸ ਲਈ ਮੈਂ ਲੋਕਾਂ ਨੂੰ ਜਵਾਬਦੇਹ ਹਾਂ ਤੁਹਾਨੂੰ ਨਹੀਂ, ਕਿਉਂਕਿ ਮੈਨੂੰ ਇਹ ਰੁਤਬਾ ਲੋਕਾਂ ਨੇ ਬਖਸ਼ਿਆ ਹੈ ਤੁਹਾਡੇ ਤੋਂ ਖੈਰਾਤ ਵਿੱਚ ਨਹੀਂ ਲਿਆ।  ਉਹਨਾਂ ਆਖਿਆ ਕਿ ਮੈਂ ਮੋਗਾ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਲਈ ਵਚਨਬੱਧ ਹਾਂ ਅਤੇ ਮੈਨੂੰ ਮੇਰੇ ’ਤੇ ਸਾੜਾ ਕਰਨ ਵਾਲਿਆਂ ਦੀ ਕੋਈ ਪਰਵਾਹ ਨਹੀਂ । ਉਹਨਾਂ ਆਖਿਆ ਕਿ 2017 ਤੱਕ 10 ਸਾਲ ਸੂਬੇ ਵਿਚ ਤੁਹਾਡੀ ਸਰਕਾਰ ਰਹੀ ਅਤੇ ਕੇਂਦਰ ਵਿਚ ਵੀ ਤੁਸੀਂ ਭਾਈਵਾਲ ਸੀ ਪਰ ਲੁਧਿਆਣੇ ਤੋਂ ਤਲਵੰਡੀ ਤੱਕ ਬਨਣ ਵਾਲੀ ਸੜਕ ਜੋ 2014 ‘ਚ ਮੁੰਕਮਲ ਹੋਣੀ ਚਾਹੀਦੀ ਸੀ, ਨਹੀਂ ਹੋਈ, ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਕੀਮਤੀ ਜਾਨਾਂ ਜਾਂਦੀਆਂ ਰਹੀਆਂ ਪਰ ਤੁਸੀਂ ਵਜੀਰੀਆਂ ਮਾਣਦਿਆਂ ਮੂੰਹ ‘ਚ ਘੁੰਗਣੀਆਂ ਪਾਈ ਰੱਖੀਆਂ। ਉਸ ਸਮੇਂ ਤੁਹਾਨੂੰ ਪ੍ਰੈਸ ਕਾਨਫਰੰਸ ਕਰਨ ਦਾ ਚੇਤਾ ਨਹੀਂ ਆਇਆ ਜਦੋਂ ਇਸ ਸੜਕ ਕਾਰਨ ਲੋਕ ਮਰ ਰਹੇ ਸਨ ।