ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮੰਤਰੀ ਵੱਲੋਂ ਬੱਸਾਂ ’ਤੇ 50 ਫੀਸਦੀ ਸਵਾਰੀਆਂ ਲਿਜਾਣ ਦੀ ਰੋਕ ਹਟਾਉਣ ਦਾ ਕੀਤਾ ਸਵਾਗਤ

ਮੋਗਾ,27 ਜੂਨ(ਜਸ਼ਨ): ਅੱਜ ਮੁੱਖ ਮੰਤਰੀ ਵੱਲੋਂ ਫੇਸਬੁੱਕ ’ਤੇ ਲਾਈਵ ਹੰੁਦਿਆਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਬੱਸਾਂ ’ਤੇ 50 ਫੀਸਦੀ ਸਵਾਰੀਆਂ ਲਿਜਾਣ ਦੀ ਰੋਕ ਹਟਾਉਣ ਦੇ ਫੈਸਲੇ ਦਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਵਾਗਤ ਕਰਦਿਆਂ ਆਖਿਆ ਕਿ ਬੱਸਾਂ ਨਾ ਚੱਲਣ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਢੁੱਕਵੇਂ ਸਮੇਂ ’ਤੇ ਕੈਪਟਨ ਸਾਬ੍ਹ ਵੱਲੋਂ ਲਏ ਫੈਸਲੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਡਾ: ਹਰਜੋਤ ਨੇ ਆਖਿਆ ਕਿ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਣ ਕਰਕੇ ਜਨਤਕ ਆਵਾਜਾਈ ਦੀ ਬੇਵੱਸੀ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿੰਨੀ ਬੱਸਾਂ ਸਮੇਤ ਸਾਰੀਆਂ ਬੱਸਾਂ ਵਿੱਚ ਸਵਾਰੀਆਂ ਲਿਜਾਣ ਦੀ ਸਮਰਥਾ ’ਤੇ ਲਾਈ ਰੋਕ ਨੂੰ ਹਟਾਉਣ ਦਾ ਐਲਾਨ ਕਰਦਿਆਂ ਬੱਸਾਂ ਵਿੱਚ ਸਫਰ ਦੌਰਾਨ ਹਰੇਕ ਸਵਾਰੀ ਨੂੰ ਮਾਸਕ ਪਹਿਨਣਾ ਲਾਜ਼ਮੀ ਕੀਤਾ ਹੈ । ਡਾ: ਹਰਜੋਤ ਨੇ ਆਖਿਆ ਕਿ ਹੁਣ ਸਮੂਹ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਉਹ ਮਾਸਕ ਪਹਿਨਣ ਦੇ ਅਮਲ ਨੂੰ ਆਪਣਾ ਫਰਜ਼ ਸਮਝਣ ਤਾਂ ਕਿ ਪੰਜਾਬ ਵਿਚ ਕਰੋਨਾ ਦੇ ਫੈਲਾਅ ਨੂੰ ਕਾਬੂ ਵਿਚ ਰੱਖਿਆ ਜਾ ਸਕੇ। ਵਿਧਾਇਕ ਨੇ ਆਖਿਆ ਕਿ ਸਫ਼ਰ ਉਪਰੰਤ ਹਰ ਸਵਾਰੀ ਸੈਨੇਟਾਈਜ਼ਰ ਦੀ ਵਰਤੋਂ ਜ਼ਰੂਰ ਕਰੇ ਖਾਸਕਰ ਆਪਣੇ ਘਰੀਂ ਜਾ ਕੇ ਹੱਥਾਂ ਨੂੰ ਚੰਗੀ ਤਰਾਂ ਧੋਤਾ ਜਾਵੇ ਤਾਂ ਕਿ ਮਿਸ਼ਨ ਫਤਿਹ ਦੀ ਪ੍ਰਾਪਤੀ ਕੀਤੀ ਜਾ ਸਕੇ।