ਵਿਰਸੇ ਦੀਆਂ ਬਾਤਾਂ- ਇਉ ਬਹਿ ਲੱਡੂ ਵੱਟਦੇ ਨਹੀਓਂ।ਮੰਜੇ ਜੋੜ ਸਪੀਕਰ ਲੱਗਦੇ ਨਹੀਓਂ॥

ਪੰਜਾਬ ਵਿੱਚ ਇੱਕ ਸਮਾਂ ਇਹ ਵੀ ਰਿਹਾ ਹੈ ਜਦੋਂ ਕਿਸੇ ਵੀ ਵਿਆਹ ਸ਼ਾਦੀ ਵੇਲੇ ਘਰ ਘਰ ਤੋਂ ਮੰਜੇ ਇਕੱਠੇ ਕਰਨੇ ਬਿਸਤਰੇ ਇਕੱਠੇ ਕਰਨੇ ਘਰਾਂ ਵਿੱਚ ਵਿਆਹ ਕਰਨੇ ਸਾਰੇ ਪਿੰਡ ਵਾਲੇ ਘਰ ਵਿੱਚ ਹੀ ਦੁੱਧ ਦੇ ਜਾਇਆ ਕਰਦੇ ਸਨ ਤੇ ਘਰ ਦੁੱਧ ਦੇਣ ਜੋ ਵੀ ਪਿੰਡ ਦਾ ਸੱਜਣ ਆਉਦਾ ਉਸ ਨੂੰ ਚਾਹ ਪਿਆਉਣੀ ਤੇ ਨਾਲ ਕੁੱਝ ਖਾਣ ਲਈ ਵੀ ਦੇਣਾ।ਦੋ ਤਿੰਨ ਦਿਨ ਪਹਿਲਾਂ ਹੀ ਕੋਠੇ ਦੇ ਉੱਪਰ ਮੰਜੇ ਜੋੜ ਕੇ ਸਪੀਕਰ ਲਾ ਦੇਣਾ, ਸਪੀਕਰ ਵਿੱਚ ਦੀ ਹੀ ਦੁੱਧ ਦਾ ਮੰਜੇ ਬਿਸਤਰੇ ਇਕੱਠੇ ਕਰਨ ਦਾ,ਰੋਪਣਾ ਭਾਵ ਮੰਗਣੇ ਦੀ ਅਨਾਊਂਸਮੈਂਟ ਵੀ ਕਰਨੀ ਸਮੇਂ ਚੰਗੇ ਸਨ ਸਾਰੇ ਘਰਾਂ ਦੇ ਵਿੱਚ ਲਵੇਰਾ ਰੱਖਿਆ ਹੁੰਦਾ ਸੀ,ਤੇ ਪਿੰਡ ਵਿਚੋਂ ਹੀ ਮਣਾਂ ਮੂੰਹੀਂ ਦੁੱਧ ਇਕੱਠਾ ਹੋ ਜਾਇਆ ਕਰਦਾ ਸੀ। ਕਦੇ ਵੀ ਦੁੱਧ ਮੁੱਲ ਲੈਣ ਦੀ ਨੌਬਤ ਨਹੀਂ ਸੀ ਆਉਦੀ। ਘਰਾਂ ਦੇ ਮੁੰਡੇ ਹੀ ਰਲਮਿਲ ਕੇ ਸੇਵਾ ਭਾਵਨਾ ਨਾਲ ਆਈ ਹੋਈ ਬਰਾਤ ਦੀ ਜਾਂ ਫਿਰ ਮੇਲ ਗੇਲ ਦੀ ਸੇਵਾ ਵੀ ਕਰਦੇ ਸਨ। ਕੋਈ ਹੀਣ ਭਾਵਨਾ ਕਦੇ ਵੀ ਨਹੀਂ ਰੱਖਦਾ ਸੀ।
       ਮਠਿਆਈਆਂ ਮੁੱਲ ਲੈਣ ਦਾ ਬਿਲਕੁਲ ਵੀ ਰਿਵਾਜ ਹੀ ਨਹੀਂ ਸੀ ਸਗੋਂ ਲੜਕੀ ਵਾਲੇ ਪਾਸੇ ਤੇ ਮੁੰਡੇ ਵਾਲੇ ਪਾਸੇ ਵੀ ਘਰਾਂ ਵਿੱਚ ਹੀ ਹਲਵਾਈ ਬਿਠਾ ਕੇ ਮਨਮਰਜ਼ੀ ਨਾਲ ਲੱਡੂ ਜਲੇਬੀਆਂ ਸ਼ਕਰਪਾਰੇ ਮਿੱਠੀਆਂ ਪਕੌੜੀਆਂ ਪਕੌੜੇ ਆਦਿ ਬਣਾਏ ਜਾਂਦੇ ਰਹੇ ਹਨ।ਦੋ ਤਿੰਨ ਦਿਨ ਪਹਿਲਾਂ ਹੀ ਹਲਵਾਈ ਨੇ ਕੜ੍ਹਾਹੀ ਚੜਾ ਦੇਣੀ ਤੇ ਜਦੋਂ ਲੱਡੂ ਵੱਟਣੇ ਓਦੋਂ ਹੀ ਸ਼ਰੀਕੇ ਕਬੀਲੇ ਚੋਂ ਹਰ ਘਰ ਦਾ ਇੱਕ ਇੱਕ ਆਦਮੀ ਕੜ੍ਹਾਹੀ ਤੇ ਬੁਲਾਉਣਾ ਤਾਂ ਕਿ ਹੱਥੋ ਹੱਥੀਂ ਸਾਰੇ ਲੱਡੂ ਵੱਟਕੇ ਜਲਦੀ ਕੰਮ ਵੀ ਨਿਪਟਾ ਲੈਣ ਤੇ ਸਾਰਿਆਂ ਦਾ ਮਾਣ ਸਤਿਕਾਰ ਵੀ ਕੀਤਾ ਜਾਂਦਾ ਰਿਹਾ ਹੈ। ਬਹੁਤ ਪਿਆਰ ਮੁਹੱਬਤ ਅਪਣੱਤ ਦੇ ਸਮੇਂ ਸਨ ਪੰਜਾਬ ਵਿੱਚ।
        ਇੱਕ ਦੋ ਦਿਨ ਪਹਿਲਾਂ ਮੰਗਣਾ (ਰੋਪਣਾ)ਪਾਉਣੀ ਤੇ ਅਗਲੇ ਹੀ ਦਿਨ ਬਰਾਤ ਲੈ ਕੇ ਜਾਣੀ ਤੇ ਘਰ ਘਰ ਦੇ ਇੱਕ ਇੱਕ ਬੰਦੇ ਨੂੰ ਬਰਾਤ ਲੈ ਕੇ ਜਾਣਾ। ਰਿਸ਼ਤੇਦਾਰਾਂ ਦੇ ਬਿਨਾਂ ਹੋਰ ਵੀ ਕਾਫ਼ੀ ਬਰਾਤ ਹੋ ਜਾਇਆ ਕਰਦੀ ਸੀ। ਜੇਕਰ ਸਿਆਲ ਦਾ ਵਿਆਹ ਹੋਣਾ ਓਹ ਵੀ ਸਾਰਾ ਹੀ ਸ਼ਰੀਕਾ ਕਬੀਲਾ ਰਲਮਿਲ ਕੇ ਸੰਭਾਲਦੇ ਰਹੇ ਹਨ ਗੱਲਾਂ ਇਤਬਾਰ ਦੀਆਂ ਸਨ ਅਜੋਕੇ ਸਮੇਂ ਮੁਤਾਬਿਕ ਕੋਈ ਹੇਰਾਫੇਰੀ ਜਾ ਮਨਮੁਟਾਵ ਦੇ ਤਾਂ ਬਿਲਕੁਲ  ਸਮੇਂ ਹੀ ਨਹੀਂ ਸਨ ਸਗੋਂ ਆਂਢ ਗੁਆਂਢ ਖੁਸ਼ ਹੋ ਕੇ ਸਾਰਾ ਕੰਮ ਹੱਥੀਂ ਕਰਕੇ ਸ਼ਾਬਾਸ਼ ਲੈਂਦੇ ਰਹੇ ਹਨ।
     ਮੰਗਣੇ (ਰੋਪਣਾ) ਤੇ ਆਏ ਪਿੰਡ ਦੀ ਪੰਚਾਇਤ ਤੇ ਸ਼ਰੀਕੇ ਕਬੀਲੇ ਨੂੰ ਚਾਹ ਪਾਣੀ ਪਿਆਇਆ ਜਾਂਦਾ ਤੇ ਰੰਗ ਬਿਰੰਗੇ ਕਾਗਜ਼ ਦੇ ਲਿਫਾਫਿਆਂ ਵਿੱਚ ਪਤਾਸੇ ਪਾ ਕੇ ਨਿਸ਼ਾਨੀ ਦੇ ਤੌਰ ਤੇ ਦੇਣੇ। ਬੇਸ਼ੱਕ ਹੌਲੀ ਹੌਲੀ ਇਹ ਨਿਸ਼ਾਨੀ ਪਤਾਸਿਆਂ ਤੋਂ ਬਦਲਕੇ ਫਿਰ ਚਾਰ ਲੱਡੂ ਪਾਕੇ ਦੇਣ ਦੀ ਵੀ ਰਹੀ ਹੈ।
      ਇਸੇ ਤਰ੍ਹਾਂ ਮੰਜੇ ਬਿਸਤਰੇ ਜਦ ਇਕੱਠੇ ਕਰਨੇ ਤਾ ਕਲਮ ਦਵਾਤ ਨਾਲ ਲੈ ਕੇ ਜਾਣੀ ਬਿਸਤਰੇ ਅਤੇ ਮੰਜਿਆਂ ਤੇ ਨੰਬਰ ਲਾਉਣੇ ਤੇ ਘਰਦਿਆਂ ਨੂੰ ਦੱਸ ਦੇਣਾ ਤੇ ਕਾਰਜ ਸੰਪੰਨ ਹੋਣ ਤੋਂ ਬਾਅਦ ਮੰਜੇ ਬਿਸਤਰੇ ਸੱਭਨੇ ਆਪੋ ਆਪਣੇ ਪਛਾਣਕੇ ਤੇ ਜਾਂ ਫਿਰ ਨੰਬਰ ਮਿਲਾ ਕੇ ਲੈ ਜਾਣੇ। ਜੇਕਰ ਕੋਈ ਚਾਦਰ ਸਰਾਹਣਾ ਅੱਗੇ ਪਿੱਛੇ ਵੀ ਹੋ ਜਾਣਾ ਤਾਂ ਮਜਾਲ ਆ ਕੋਈ ਕਿਸੇ ਕਿਸਮ ਦਾ ਹਰਜਾਨਾ ਨਹੀਂ ਸੀ ਭਰਾਇਆ ਜਾਂਦਾ। ਕੋਠੇ ਤੇ ਮੰਜੇ ਜੋੜ ਕੇ ਸਪੀਕਰ ਦੋ ਦਿਨ ਪਹਿਲਾਂ ਹੀ ਲਗਾ ਲੈਣਾ ਤੇ ਦੋ ਦਿਨ ਬਾਅਦ ਵਿੱਚ ਵੀ ਚੱਲਦਾ ਰਹਿੰਦਾ ਸੀ। ਵਿਆਹ ਕੇ ਲਿਆਉਣ ਤੋਂ ਬਾਅਦ ਦੂਸਰੇ ਦਿਨ ਮੁਕਲਾਵਾ ਲੈਣ ਜਾਇਆ ਕਰਦੇ ਸਨ ਤੇ ਓਦੋਂ ਤੱਕ ਵੀ ਸਪੀਕਰ ਲੱਗਿਆ ਰਹਿੰਦਾ ਸੀ।
       ਲਾਲ ਚੰਦ ਯਮਲਾ ਜੱਟ ਜੀ, ਸੁਰਿੰਦਰ ਕੌਰ ਪ੍ਰਕਾਸ਼ ਕੌਰ,ਕੇ ਦੀਪ ਜਗਮੋਹਨ ਕੌਰ,ਚਾਂਦੀ ਰਾਮ ਵਲੀਪੁਰੀਆ,ਆਸਾ ਸਿੰਘ ਮਸਤਾਨਾ ਜੀ,ਆਲਮ ਲੁਹਾਰ ਤੇ ਵਾਰਾਂ ਦਾ ਰਿਵਾਜ ਪੁਰਾਤਨ ਪੰਜਾਬ ਵਿੱਚ ਸਿਖਰਾਂ ਤੇ ਰਿਹਾ ਹੈ ਜਿਸ ਨੂੰ ਕਿ ਸਾਡੇ ਪੁਰਖਿਆਂ ਦੀ ਫਰਮਾਇਸ਼ ਤੇ ਲਗਾਇਆ ਜਾਂਦਾ ਰਿਹਾ ਹੈ। ਕੋਈ ਬਹੁਤੇ ਧੂਮ ਧੜੱਕੇ ਵਾਲੇ ਸਾਜ਼ਾਂ ਵਾਲੇ ਗੀਤ ਨਹੀਂ ਸੀ ਹੁੰਦੇ ਸਗੋਂ ਮਿੱਠਾ ਮਿੱਠਾ ਤੇ ਮਿੰਨਾਂ ਮਿੰਨਾ ਸਾਜ ਕੰਨਾਂ ਵਿੱਚ ਰਸ ਘੋਲਦਾ ਰਿਹਾ ਹੈ। ਸਾਰੇ ਹੀ ਗਾਇਕਾਂ ਦੇ ਗੀਤਾਂ ਵਿਚ ਲੱਚਰਤਾ ਨਾਮ ਦੀ ਕੋਈ ਵੀ ਚੀਜ਼ ਨਹੀਂ ਸੀ। ਬਹੁਤ ਹੀ ਪਿਆਰ ਮੁਹੱਬਤ ਇਤਫ਼ਾਕ ਨਾਲ ਸਾਰੇ ਕਾਰਜ ਸੰਪੰਨ ਹੋਇਆ ਕਰਦੇ ਸਨ। ਕਦੇ ਵੀ ਕਿਸੇ ਨੇ ਲੈਣ ਦੇਣ ਪਿੱਛੇ ਝਗੜਾ ਨਹੀਂ ਸੀ ਕੀਤਾ, ਸਗੋਂ ਨਿਉਦੇ ਦੇ ਰੂਪ ਚ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ। ਜਿਵੇਂ ਉਦਾਹਰਣ ਦੇ ਤੌਰ ਤੇ ਮੈਂ ਕਿਸੇ ਦੇ ਮੁੰਡੇ ਦੇ ਵਿਆਹ ਤੇ ਸ਼ਗਨ ਪੰਜ ਸੌ ਪਾਇਆ ਹੈ ਤੇ ਉਹ ਜਦ ਮੈਂ ਕੋਈ ਵਿਹਾਰ ਆਪਣੇ ਘਰ ਕੀਤਾ ਤਾਂ ਪੰਜ ਸੌ ਮੇਰੇ ਵਾਲੇ ਨਾਲ ਓਹ ਮੈਨੂੰ ਇੱਕ ਹਜ਼ਾਰ ਦਿੰਦਾ ਜਿਸ ਨਾਲ ਮੇਰੀ ਆਰਥਿਕ ਮਦਦ ਵੀ ਹੋ ਜਾਣੀ ਤੇ ਸ਼ਗਨ ਵਾਪਸ ਆ ਵੀ ਜਾਣਾ ਤੇ ਹੋਰ ਭਾਜੀ ਵੀ ਚੜ੍ਹ ਜਾਣੀ।
      ਪਰ ਅਜੋਕੇ ਬਦਲੇ ਹਾਲਾਤਾਂ ਵਿੱਚ ਹੋਰ ਹੀ ਗੁੱਡੀਆਂ ਪਟੋਲੇ ਹੋ ਗਏ ਹਨ,ਓਹੋ ਜਿਹਾ ਨਾ ਤਾਂ ਪਿਆਰ ਸਤਿਕਾਰ ਅਪਣੱਤ ਰਿਹਾ ਹੈ ਤੇ ਨਾ ਹੀ ਬਰਦਾਸ਼ਤ ਦਾ ਮਾਦਾ। ਹੁਣ ਓਹ ਸਮੇਂ ਕਿਧਰੇ ਗਵਾਚ ਗਏ ਨੇ।ਪਰ ਓਹ ਸਾਡੀ ਵਿਰਾਸਤ ਸਾਨੂੰ ਅੱਜ ਵੀ ਰਹਿ ਰਹਿ ਕੇ ਯਾਦ ਆ ਰਹੀ ਹੈ। ਕਾਸ਼!ਕਿਤੇ ਓਹ ਸਮੈਂ ਵਾਪਸ ਆ ਜਾਣ।ਪਰ ਆਮ ਕਹਾਵਤ ਹੈ ਕਿ ਕਦੇ ਵੀ ਗਿਆ ਸਮਾਂ ਵਾਪਸ ਨਹੀਂ ਆਉਣਾ ਪਰ ਓਹਦੀ ਯਾਦ ਜ਼ਰੂਰ ਆ ਜਾਂਦੀ ਹੈ ਜੋ ਪਾਠਕਾਂ ਸੱਜਣਾ ਮਿੱਤਰਾਂ ਨਾਲ ਸਾਂਝੀ ਕਰ ਲਈਦੀ ਹੈ ਦੋਸਤੋ।

ਪੇਸ਼ਕਸ਼ : ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556