ਮੋਗਾ ਜ਼ਿਲ੍ਹੇ ਵਿੱਚ 82 ਮਰੀਜਾਂ ਨੇ ਦਿੱਤੀ ਕਰੋਨਾ ਨੂੰ ਮਾਤ,ਜ਼ਿਲ੍ਹੇ ਵਿੱਚ ਹੁਣ ਕਰੋਨਾ ਦੇ ਐਕਟਿਵ ਕੇਸ 13, ਕਰੋਨਾ ਦੇ 449 ਸੈਂਪਲ ਰਿਪੋਰਟ ਲਈ ਭੇਜੇ: ਡਾ. ਅਮਰਪ੍ਰੀਤ ਕੌਰ ਬਾਜਵਾ

ਮੋਗਾ 27 ਜੂਨ(ਜਸ਼ਨ):ਪੰਜਾਬ ਸਰਕਾਰ ਵੱਲੋ ਕਰੋਨਾ ਉੱਪਰ ਫਤਿਹ ਹਾਸਲ ਕਰਨ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਰਕਾਰ ਨੇ ਆਪਣੀ ਪ੍ਰਚਾਰ ਮੁਹਿੰਮ ਹੋਰ ਤੇਜ ਕਰ ਦਿੱਤੀ ਹੈ ਤਾਂ ਕਿ ਵੱਧ ਤੋ ਵੱਧ ਲੋਕ ਕਰੋਨਾ ਤੋ ਬਚਣ ਲਈ ਸੁਚੇਤ ਹੋ ਸਕਣ, ਕਿਉਕਿ ਸਾਵਧਾਨੀ ਹੀ ਕਰੋਨਾ ਵਾਈਰਸ ਤੋ ਬਚਾਅ ਦਾ ਸਾਧਨ ਹੈ। ਪੰਜਾਬ ਸਰਕਾਰ ਮਿਸ਼ਨ ਫਤਿਹ ਤਹਿਤ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਪੰਜਾਬ ਨੂੰ ਛੇਤੀ ਤੋ ਛੇਤੀ ਕਰੋਨਾ ਮੁਕਤ ਕੀਤਾ ਜਾ ਸਕੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਇਸ ਤੋ ਇਲਾਵਾ ਸਿਹਤ ਵਿਭਾਗ ਨੇ ਆਪਣੀ ਟੈਸਟਿੰਗ ਮੁਹਿੰਮ ਵਿੱਚ ਤੇਜੀ ਲਿਆਂਦੀ ਹੈ ਤਾਂ ਕਿ ਵੱਧ ਤੋ ਵੱਧ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਬਣਦੀ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ। ਸਿਵਲ ਸਰਜਨ ਨੇ ਜ਼ਿਲ੍ਹੇ ਵਿੱਚ ਕਰੋਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕਰੋਨਾ ਦੇ ਕੁੱਲ 13 ਐਕਟਿਵ ਕੇਸ ਹਨ ਜਿੰਨ੍ਹਾਂ ਵਿੱਚੋ 9 ਪਾਜੀਟਿਵ ਮਰੀਜ਼ਾਂ ਨੂੰ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ, ਇੱਕ ਮਰੀਜ਼ ਨੂੰ ਸਰਕਾਰੀ ਆਈਸੋਲੇਸ਼ਨ ਕੇਦਰ ਵਿੱਚ ਰੱਖਿਆ ਗਿਆ ਹੈ, ਇੱਕ ਪਟਿਆਲਾ ਵਿਖੇ ਅਤੇ 2 ਵਿਅਕਤੀ ਡੀ.ਐਮ.ਸੀ. ਲੁਧਿਆਣਾ ਵਿਖੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਹੁਣ ਤੱਕ ਕੁੱਲ 134492 ਨਮੂਨੇ ਇਕੱਤਰ ਕੀਤੇ ਗਏ ਹਨ ਜਿੰਨ੍ਹਾਂ ਵਿੱਚੋ 12465 ਨਮੂਨਿਆਂ ਦੀ ਰਿਪੋਰਟ ਨੇਗੇਟਿਵ ਆਈ ਹੈ ਅਤੇ  930 ਨਮੂਨਿਆਂ ਦੀ ਰਿਪੋਰਟ ਦਾ ਅਜੇ ਇੰਤਜਾਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 82 ਵਿਅਕਤੀਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਅਤੇ ਕਰੋਨਾ ਨਾਲ ਹੁਣ ਤੱਕ 2 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਅੱਜ ਕੁੱਲ 449 ਨਮੂਨਿਆਂ ਨੂੰ ਇਕੱਤਰ ਕਰਕੇ ਰਿਪੋਰਟ ਲਈ ਭੇਜ ਦਿੱਤਾ ਹੈ। 

--