ਸੀ.ਐਚ.ਸੀ. ਢੁੱਡੀਕੇ ਵਿਖੇ ਮਨਾਏ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਡਾ: ਭਾਟੀਆ ਨੇ ਆਖਿਆ ‘‘ਮਜਬੂਤ ਇੱਛਾ ਸ਼ਕਤੀ ਨਾਲ ਹੀ ਛੱਡਿਆ ਜਾ ਸਕਦਾ ਹੈ ਨਸ਼ਾ’’

ਅਜੀਤਵਾਲ, 27 ਜੂਨ (ਜਸ਼ਨ): ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ’ਤੇ ਸੀ.ਐਚ.ਸੀ. ਢੁੱਡੀਕੇ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ: ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਮੋਗਾ ਡਾ: ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ ਅਧੀਨ  ਮਨਾਏ ਗਏ ਇਸ ਦਿਹਾੜੇ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ: ਨੀਲਮ ਭਾਟੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਦੇ ਨਾਲ ਹੀ ਨਸ਼ਾ ਛੱਡਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਦਲਦਲ ਵਿੱਚ ਅਕਸਰ ਹੀ ਇਨਸਾਨ ਦੂਜਿਆਂ ਨੂੰ ਦੇਖਕੇ ਫਸਦਾ ਹੈ, ਪਰ ਜਦ ਇਸ ਤੋਂ ਮੁਕਤੀ ਪਾਉਣ ਦੀ ਸਥਿਤੀ ਆਉਂਦੀ ਹੈ ਤਾਂ ਉਸ ਲਈ ਹਾਲਤ ਸੁਖਾਲੀ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਲਈ ਵਿਸੇਸ਼ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਖੋਲ੍ਹੇ ਗਏ ਨਸ਼ਾ ਮੁਕਤੀ ਕੇਂਦਰਾਂ ਵਿੱਚੋਂ ਹਜ਼ਾਰਾਂ ਲੋਕ ਆਪਣਾ ਇਲਾਜ਼ ਕਰਵਾ ਕੇ ਨਸ਼ੇ ਤੋਂ ਮੁਕਤੀ ਪਾ ਰਹੇ ਹਨ।ਆਪਣੇ ਸੰਬੋਧਨ ਵਿੱਚ ਮੈਡੀਕਲ ਅਫ਼ਸਰ ਡਾ: ਸਾਕਸ਼ੀ ਬਾਂਸਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਇਸ ਅਲਾਮਤ ਤੋਂ ਮੁਕਤੀ ਦਿਵਾਉਣ ਲਈ ਮੈਡੀਕਲ ਅਫ਼ਸਰਾਂ ਦੀ ਦੇਖਰੇਖ ਅਤੇ ਕੌਂਸਲਰ ਦੀ ਪ੍ਰੇਰਣਾ ਨਾਲ ਉਨ੍ਹਾਂ ਨੂੰ ਇਲਾਜ਼ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਕੇਂਦਰਾਂ ਤੋਂ ਇਲਾਜ਼ ਕਰਵਾ ਰਹੇ ਮਰੀਜਾਂ ਨੂੰ ਕਿਹਾ ਕਿ ਉਹ ਹੌਲੀ-ਹੌਲੀ ਨਸ਼ਾ ਮੁਕਤੀ ਲਈ ਦਿੱਤੀਆਂ ਜਾਂਦੀਆਂ ਗੋਲੀਆਂ ਦੀ ਮਾਤਰਾ ਘਟਾਉਣ।ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਨਫ਼ਰਤ ਨਹੀਂ ਬਲਕਿ ਹਮਦਰਦੀ ਦੀ ਜਰੂਰਤ ਹੁੰਦੀ ਹੈ। ਜਿਸ ਦੀ ਬਦੌਲਤ ਹੀ ਉਹ ਸਮਾਜ ਵਿੱਚ ਨਸ਼ੇ ਤੋਂ ਮੁਕਤ ਇੱਕ ਜਿੰਮੇਵਾਰ ਨਾਗਰਿਕ ਬਨਣ ਲਈ ਤਿਆਰ ਹੋ ਸਕਦੇ ਹਨ। ਇਸ ਮੌਕੇ ਬੋਲਦਿਆਂ ਫਾਰਮੇਸੀ ਅਫ਼ਸਰ ਰਾਜ ਕੁਮਾਰ ਅਤੇ ਓਟ ਸੈਂਟਰ ਦੀ ਕੌਂਸਲਰ ਅਮਨਦੀਪ ਕੌਰ ਨੇ ਦੱਸਿਆ ਕਿ ਢੁੱਡੀਕੇ ਓਟ ਸੈਂਟਰ ਤੋਂ ਇਸ ਸਮੇਂ1150 ਤੋਂ ਵੱਧ ਮਰੀਜ਼ ਆਪਣਾ ਇਲਾਜ਼ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਜਿਹੇ ਮਰੀਜਾਂ ਨੂੰ ਘਰ ਵਿੱਚ ਦਵਾਈ ਖਾਣ ਦੀ ਸਹੂਲਤ ਦਿੱਤੀ ਗਈ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਫਾਰਮੇਸੀ ਅਫ਼ਸਰ ਚਮਕੌਰ ਸਿੰਘ, ਐਮ.ਐਲ.ਟੀ. ਪਰਮਜੀਤ ਸਿੰਘ, ਸੀਨੀਅਰ ਸਹਾਇਕ ਜਸਵਿੰਦਰ ਸਿੰਘ, ਆਪਥਾਲਮਿਕ ਅਫ਼ਸਰ ਸਿਮਰਪਾਲ ਸਿੰਘ ਢਿੱਲੋਂ, ਓਟ ਸੈਂਟਰ ਦੇ ਸਿਮਰਜੋਤ ਸਿੰਘ, ਡਾਟਾ ਐਂਟਰੀ ਆਪਰੇਟਰ ਚੰਨਪ੍ਰੀਤ ਸਿੰਘ ਸਰਾਂ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।