ਸ਼ਹੀਦ ਭਗਤ ਸਿੰਘ ਦੀ ਧਰਤੀ ਨੂੰ ਸਿਜਦਾ ਕਰ ਲੋਕ ਇਨਸਾਫ ਪਾਰਟੀ ਦੀ ਰੋਸ ਯਾਤਰਾ ਚੌਥੇ ਦਿਨ ਪੁੱਜੀ ਗੁਰਦੁਆਰਾ ਟਿੱਬੀ ਸਾਹਿਬ

ਰੋਪੜ, 25 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਲੋਕ ਇਨਸਾਫ ਪਾਰਟੀ ਵਲੋਂ ਕੇਂਦਰੀ ਸਰਕਾਰ ਵਲੋਂ ਖੇਤੀ ਸੁਧਾਰ ਆਰਡੀਨੈਂਸ ਦੇ ਖਿਲਾਫ ਸ਼ੁਰੂ ਕੀਤੀ ਗਈ ਸਾਈਕਲ ਰੋਸ ਯਾਤਰਾ ਵੀਰਵਾਰ ਦੇਰ ਸ਼ਾਮ ਰੋਪੜ ਸਥਿਤ ਗੁਰਦੁਆਰਾ ਟਿੱਬੀ ਸਾਹਿਬ ਵਿੱਖੇ ਪੁੱਜੀ। ਇਸ ਤੋਂ ਪਹਿਲਾਂ ਸਵੇਰੇ ਖਟਕੜਕਲਾਂ ਵਿੱਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿੱਖੇ ਸ਼ਰਧਾਂਜਲੀ ਦੇਣ ਉਪਰੰਤ ਕਾਠਗੜ ਦੇ ਰਸਤੇ ਗੁਰਦੁਆਰਾ ਸਾਹਿਬ ਪੁੱਜੇ। ਇਸ ਦੌਰਾਨ ਨਵਾਂ ਸ਼ਹਿਰ ਦੀ ਦਾਣਾ ਮੰਡੀ ਵਿੱਖੇ ਪੁੱਜ ਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੰਡੀ ਵਿੱਚ ਪਈ ਫਸਲ ਸਬੰਧੀ ਵੀ ਜਾਣਕਾਰੀ ਲਈ। ਖਟਕੜਕਲਾਂ ਤੋਂ ਸ਼ੁਰੂ ਹੋਈ ‘ਕਿਸਾਨ ਬਚਾਓ, ਪੰਜਾਬ ਬਚਾਓ’ ਰੋਸ ਮਾਰਚ (ਸਾਈਕਲ ਰੈਲੀ) ਵੱਖ ਵੱਖ ਕਸਬਿਆਂ ਪਿੰਡਾਂ, ਤੋਂ ਹੁੰਦੀ ਹੋਈ ਖਟਕੜਕਲਾਂ ਤੋਂ ਸਾਈਕਲ ਯਾਤਰਾ ਵੀਰਵਾਰ ਸਵੇਰੇ ਰਵਾਨਾ ਹੋਈ। ਇਹ ਰੋਸ ਯਾਤਰਾ ਰਵਾਨਾ ਹੋ ਕੇ ਰੋਪੜ ਸਥਿਤ ਗੁਰਦੁਆਰਾ ਟਿੱਬੀ ਸਾਹਿਬ ਪੁੱਜ ਕੇ ਵਿਸ਼ਰਾਮ ਕਰੇਗੀ। ਰੋਸ ਯਾਤਰਾ ਆਖਰੀ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਰਵਾਨਾ ਹੋ ਕੇ ਖਰੜ, ਮੋਹਾਲੀ ਤੋਂ ਹੁੰਦੇ ਹੋਏ ਚੰੜੀਗੜ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਪੁੱਜੇਗੀ ਅਤੇ ਕੇਂਦਰ ਵਲੋਂ ਜਾਰੀ ਕੀਤੇ ਗਏ ਕਾਲੋੇ ਕਾਨੂੰਨ ਸਬੰਧੀ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬੁਲਾਉਣ ਸਬੰਧੀ ਮੰਗ ਪੱਤਰ ਦੇ ਕੇ ਸਮਾਪਤ ਹੋਵੇਗੀ। ਇਸ ਦੌਰਾਨ ਰਸਤੇ ਵਿੱਚ ਪੈਂਦੇ ਅਨੇਕਾਂ ਪਿੰਡਾਂ ਦੇ ਅਨੇਕਾਂ ਲੋਕਾਂ ਨੇ ਵਿਧਾਇਕ ਬੈਂਸ ਭਰਾਵਾਂ ਅਤੇ ਸਾਈਕਲ ਯਾਤਰਾ ਵਿੱਚ ਸ਼ਾਮਲ ਹੋਰਨਾਂ ਆਗੂਆਂ ਅਤੇ ਵਰਕਰਾਂ ਨੂੰ ਜਿੱਥੇ ਸਿਰੋਪਾਓ ਦਿੰਦੇ ਹੋਏ ਸਨਮਾਨਤ ਕੀਤਾ ਉੱਥੇ ਦੁਜੇ ਪਾਸੇ ਫੁੱਲਾਂ ਦੀ ਵਰਖਾਂ ਵੀ ਕੀਤੀ। ਰੋਸ ਯਾਤਰਾ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪੂਰਾ ਖਿਆਲ ਰੱਖਿਆ ਗਿਆ। ਇਸ ਮੌਕੇ ਤੇ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਸਿਵਿਆ, ਰਣਜੀਤ ਸਿੰਘ ਬਿੱਟੂ ਘਟੌੜੇ, ਹਰਵਿੰਦਰ ਸਿੰਘ ਕਲੇਰ, ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ, ਪ੍ਰਕਾਸ਼ ਸਿੰਘ ਮਾਹਲ, ਚਰਨਦੀਪ ਸਿੰਘ ਭਿੰਡਰ, ਜਰਨੈਲ ਨੰਗਲ, ਪਵਨਦੀਪ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ, ਰਵਿੰਦਰ ਪਾਲ ਸਿੰਘ ਰਾਜਾ, ਹਰਵਿੰਦਰ ਸਿੰਘ ਨਿੱਕਾ, ਪ੍ਰਦੀਪ ਸਿੰਘ ਬੰਟੀ, ਰਾਜੀਵ ਮੌਰਿਆ ਸਮੇਤ ਪਾਰਟੀ ਦੀ ਸੀਨੀਅਰ ਆਗੂ ਅਤੇ ਵਰਕਰ ਸ਼ਾਮਲ ਸਨ।

ਐਮ ਐਸ ਪੀ ਬੇਸ਼ੱਕ ਰਹੇਗੀ ਪਰ ਫਸਲ ਨਹੀਂ ਚੁੱਕੇਗੀ ਸਰਕਾਰ : ਬੈਂਸ
ਇਸ ਦੌਰਾਨ ਨਵਾਂ ਸ਼ਹਿਰ ਦੀ ਦਾਣਾ ਮੰਡੀ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਦਿੱਤੇ ਬਿਆਨ ਸਬੰਧੀ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਹ ਗੱਲ ਸਹੀ ਹੈ ਕਿ ਐਮਐਸਪੀ ਰਹੇਗੀ ਪਰ ਕਿਸਾਨ ਦੀ ਫਸਲ ਚੁੱਕਣ ਲਈ ਨਾ ਹੀ ਸਰਕਾਰ ਅਤੇ ਨਾ ਹੀ ਕੋਈ ਸਰਕਾਰੀ ਏਜੰਸੀ ਆਏਗੀ। ਜਿਸ ਤੋਂ ਬਾਅਦ ਮਜਬੂਰਨ ਕਿਸਾਨ ਨੂੰ ਆਪਣੀ ਫਸਲ ਅਡਾਨੀ ਵਰਗੇ ਘਰਾਣਿਆਂ ਨੂੰ ਅੱਧੇ ਪੌਣੇ ਭਾਅ ਤੇ ਵੇਚਣੀ ਪਵੇਗੀ। ਉਨ੍ਹਾਂ ਮੰਡੀ ਵਿੱਖੇ ਆਏ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਵਿਸਤਾਰ ਸਹਿਤ ਦੱਸਿਆ ਕਿ ਮੱਕੀ ਲਈ ਵੀ ਸਰਕਾਰ ਨੇ ਐਮਐਸਪੀ ਰਾਹੀਂ 1800 ਰੁਪਏ ਪ੍ਰਤੀ ਕਵਿੰਟਲ ਦਾ ਭਾਅ ਨਿਸ਼ਚਿਤ ਕੀਤਾ ਹੈ ਪਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੱਕੀ ਦੀ ਫਸਲ ਸਿਰਫ 650 ਰੁਪਏ ਤੋਂ 850 ਰੁਪਏ ਕਵਿੰਟਲ ਹੀ ਵਿਕੀ ਹੈ। ਵਿਧਾਇਕ ਬੈਂਸ ਨੇ ਦੱਸਿਆ ਕਿ ਠੀਕ ਇਸੇ ਤਰਾਂ ਹੀ ਕਣਕ, ਝੋਨੇ ਅਤੇ ਕਪਾਹ ਦੀ ਖਰੀਦ ਵੇਲੇ ਹੋਵੇਗਾ ਅਤੇ ਸਰਕਾਰ ਐਮਐਸਪੀ ਜਾਰੀ ਕਰੇਗੀ ਪਰ ਜਦੋਂ ਕੋਈ ਸਰਕਾਰੀ ਖਰੀਦ ਏਜੰਸੀ ਖਰੀਦ ਕਰਨ ਨਹੀਂ ਆਵੇਗੀ ਤਾਂ ਕਿਸਾਨ ਨੂੰ ਮਜਬੂਰੀ ਵੱਸ ਵੱਡੇ ਅਡਾਨੀ ਵਰਗੇ ਘਰਾਣਿਆਂ ਨੂੰ ਆਪਣੀ ਫਸਲ ਅੱਧੇ ਰੇਟ ਤੇ ਵੇਚਣੀ ਪਵੇਗੀ। ਜਿਸ ਤਰਾਂ ਨਾਲ ਮੱਕੀ ਦੀ ਖਰੀਦ ਵੇਲੇ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 70 ਤੋਂ 75 ਫੀਸਦੀ ਤੱਕ ਦੇ ਛੋਟੇ ਅਤੇ ਮੱਧਮ ਵਰਗ ਦੇ ਕਿਸਾਨ ਪੰਜਾਬ ਵਿੱਚ ਹਨ ਅਤੇ ਜਿਨ੍ਹਾਂ ਦੀਆਂ ਜਮੀਨਾਂ ਤੇ ਵੱਡੇ ਘਰਾਣੇ ਆਉਣ ਵਾਲੇ ਕੁਝ ਸਾਲਾਂ ਵਿੱਚ ਹੀ ਕਬਜਾ ਕਰ ਲੈਣਗੇ ਜਦੋਂ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਬੇੈਂਕਾਂ ਦਾ ਕਰਜਾਈ ਹੈ ਅਤੇ ਅਖੀਰ ਕਿਸਾਨ ਵੱਡੇ ਘਰਾਣਿਆਂ ਕੋਲ ਨੌਕਰੀ ਕਰਨ ਲੱਗ ਜਾਵੇਗਾ।  ਉਨ੍ਹਾਂ ਸਪਸ਼ਟ ਕੀਤਾ ਕਿ ਅਡਾਨੀ ਵਲੋਂ ਫਿਰੋਜਪੁਰ ਰੋਡ ਤੇ ਮੋਗਾ ਨੇੜੇ 2500 ਏਕੜ ਜਗ੍ਹਾ ਖਰੀਦ ਕਰਕੇ ਆਪਣਾ ਪਲਾਂਟ ਲਗਾਇਆ ਜਾ ਰਿਹਾ ਹੈ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਜਿਸ਼ ਤਹਿਤ ਹੀ ਪੰਜਾਬ ਦੇ ਕਿਸਾਨਾਂ ਨੂੰ ਖਤਮ ਕਰਨ ਲਈ ਅਜਿਹਾ ਕੀਤਾ ਹੈ, ਜਿਸ ਨੂੰ ਲੋਕ ਇਨਸਾਫ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਅਤੇ ਅਡਾਨੀ ਵਰਗੇ ਘਰਾਣਿਆਂ ਨੂੰ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਨਹੀਂ ਕਰਨ ਦੇਵੇਗੀ।