ਮੋਗਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਧਾਇਕ ਡਾ: ਹਰਜੋਤ ਕਮਲ ਨਗਰ ਨਿਗਮ ‘ਚ ਹੋ ਰਹੇ ਨੇ ਲੋਕਾਂ ਦੇ ਰੂਬਰੂ

ਮੋਗਾ,25 ਜੂਨ (ਜਸ਼ਨ):ਮੋਗਾ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੇ ਮਕਸਦ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਯਤਨਾਂ ਤਹਿਤ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਬਕਾਇਦਾ ਨਗਰ ਨਿਗਮ ਵਿਚ ਹਾਜ਼ਰ ਹੋ ਕੇ ਮੋਗਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨਿਰੰਤਰ ਸੁਣ  ਰਹੇ ਹਨ। ਉਹ ਹਫਤੇ ਵਿਚ ਦੋ ਦਿਨ ਨਗਰ ਨਿਗਮ ਦੇ ਦਫਤਰ ਬੈਠ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ: ਹਰਜੋਤ ਕਮਲ ਨੇ  ਕਿਹਾ ਕਿ ਉਹ ਪਿਛਲੇ ਤਿੰਨ ਸਾਲ ਤੋਂ ਸ਼ਹਿਰ ਦੇ ਵਿਕਾਸ ਲਈ ਦਿ੍ਰੜਤਾ ਨਾਲ ਯਤਨ ਕਰ ਰਹੇ ਹਨ ਅਤੇ ਸ਼ਹਿਰ ਵਿਚ ਸੜਕਾਂ,ਗਲੀਆਂ ਅਤੇ ਸਰਵਿਸ ਲੇਨ ਆਦਿ ਦਾ ਕੰਮ ਲੌਕਡਾਊਨ ਉਪਰੰਤ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਹੁਣ ਉਹ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਨਗਰ ਨਿਗਮ ਦੇ ਦਫਤਰ ਬੈਠ ਕੇ ਜਿੱਥੇ ਚੱਲ ਰਹੇ ਵਿਕਾਸ ਕਾਰਜਾਂ ਦੀ ਨਜ਼ਰਸਾਨੀ ਕਰ ਰਹੇ ਹਨ ਉੱਥੇ ਸੀਵਰੇਜ ,ਪਾਣੀ ਅਤੇ ਲੋਕਾਂ ਨੂੰ ਵੱਖ ਵੱਖ ਤਰਾਂ ਦੀਆਂ ਦਰਪੇਸ਼ ਸਮੱਸਿਆਵਾਂ ਲੋਕਾਂ ਦੇ ਰਬਰੂ ਹੋ ਕੇ ਸੁਣਦਿਆਂ ਤੁਰੰਤ ਹੱਲ ਕਰਵਾ ਰਹੇ ਹਨ । ਉਹਨਾਂ ਕਿਹਾ ਕਿ ਉਹਨਾਂ ਦੀ ਬੇਨਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਗਾ ਦੇ ਵਿਕਾਸ ਲਈ 12 ਕਰੋੜ ਰੁਪਏ ਦੀ ਗਰਾਂਟ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਉਹ ਖੁਦ ਹਰ ਵਿਕਾਸ ਕਾਰਜ ਨੂੰ ਗੁਣਵੱਤਾ ਭਰਪੂਰ ਨੇਪਰੇ ਚਾੜਨ ਲਈ ਰੋਜ਼ਾਨਾ ਨਜ਼ਰਸਾਨੀ ਕਰਦੇ ਹਨ ਤਾਂ ਕਿ ਉਹ ਆਪਣੇ ਸੁਪਨਿਆਂ ਦੇ ਮੋਗੇ ਦਾ ਨਿਰਮਾਣ ਕਰਵਾ ਸਕਣ। ਉਹਨਾਂ ਆਖਿਆ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਮੋਗਾ ਵਾਸੀਆਂ ਨੂੰ ਮੋਗੇ ਦੀ ਕਾਇਆ ਕਲਪ ਹੋਈ ਨਜ਼ਰ ਆਉਣ ਲੱਗੇਗੀ ਅਤੇ ਹਰ ਮੋਗਾ ਵਾਸੀ ਆਪਣੇ ਮੋਗਾ ਸ਼ਹਿਰ ’ਤੇ ਮਾਣ ਮਹਿਸੂਸ ਕਰੇਗਾ। ਇਸ ਮੌਕੇ ਉਹਨਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ,ਸਾਬਕਾ ਐੱਮ ਸੀ ਪਰਵੀਨ ਕੁਮਾਰ ਪੀਨਾ, ਸੀਨੀਅਰ ਕਾਂਗਰਸੀ ਆਗੂ ,ਜਗਸੀਰ ਸਿੰਘ ਸੀਰਾ ਚਕਰ, ਪਵਿੱਤਰ ਸਿੰਘ  ਢਿੱਲੋਂ ਸਾਬਕਾ ਐੱਮ ਸੀ , ਜਤਿੰਦਰ ਅਰੋੜਾ,ਬਲਵੰਤ ਪੰਮਾ,ਸਾਹਿਲ ਅਰੋੜਾ,ਗੁਰਸੇਵਕ ਸਿੰਘ ਸਮਰਾਟ, ਆਦਿ ਹਾਜ਼ਰ ਸਨ। 
ਕੈਪਸ਼ਨ: ਵਿਧਾਇਕ ਡਾ: ਹਰਜੋਤ ਕਮਲ ਸਿੰਘ ਨਗਰ ਨਿਗਮ ਮੋਗਾ ਵਿਖੇ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ।