ਸਰਕਾਰੀ ਸਕੂਲ ਕੋਟ ਗੁਰੂ ਕੇ ਤੋਂ ਪੜ੍ਹੇ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ SCERT ਪੰਜਾਬ ਦੇ ਅਹੁਦੇ 'ਤੇ ਹੋਏ ਨਿਯੁਕਤ, ਸੰਗਤ ਮੰਡੀ ਅਤੇ ਕੋਟ ਗੁਰੂ ਕੇ ਪਿੰਡ ਵਿੱਚ ਖੁਸ਼ੀ ਦੀ ਲਹਿਰ

2 ਜੂਨ ( ) ਸਿੱਖਿਆ ਵਿਭਾਗ ਵੱਲੋਂ ਜਗਤਾਰ ਸਿੰਘ ਕੁਲੜੀਆ ਦੀ ਐੱਸ.ਸੀ.ਈ.ਆਰ.ਟੀ. ਪੰਜਾਬ ਦੇ ਡਾਇਰੈਕਟਰ ਵਜੋਂ ਨਿਯੁਕਤੀ ਹੋਣ 'ਤੇ ਉਹਨਾਂ ਦੇ ਜੱਦੀ ਪਿੰਡ ਕੋਟ ਗੁਰੂ ਕੇ ਵਿੱਚ ਖੁਸ਼ੀ ਦਾ ਆਲਮ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਜਗਤਾਰ ਸਿੰਘ ਕੁਲੜੀਆ ਦੀ ਇਸ ਮਹੱਤਵਪੂਰਨ ਆਹੁਦੇ 'ਤੇ ਨਿਯੁਕਤੀ ਇੰਦਰਜੀਤ ਸਿੰਘ ਦੀ ਸੇਵਾ ਮੁਕਤੀ ਉਪਰੰਤ ਕੀਤੀ ਗਈ ਹੈ।

10 ਅਗਸਤ, 1961 ਨੂੰ ਪਿਤਾ ਪਿਆਰਾ ਸਿੰਘ ਕੁਲੜੀਆ ਅਤੇ ਮਾਤਾ ਜੰਗੀਰ ਕੌਰ ਦੇ ਘਰ ਜਨਮੇ ਜਗਤਾਰ ਸਿੰਘ ਕੁਲੜੀਆ ਨੇ ਆਪਣੇ ਵਿੱਦਿਅਕ ਸਫ਼ਰ ਦੀ ਸ਼ੁਰੂਆਤ ਪਿੰਡ ਕੋਟ ਗੁਰੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਕੀਤੀ। ਆਪ ਦੀ ਅਗਲੇਰੀ ਪੜ੍ਹਾਈ 'ਤੇ ਝਾਤ ਮਾਰੀਏ ਤਾਂ ਸਰਕਾਰੀ ਸਕੂਲਾਂ ਅਤੇ ਕਾਲਜਾਂ ਨਾਲ ਆਪ ਦਾ ਵਿਸ਼ੇਸ਼ ਨਾਤਾ ਰਿਹਾ। ਇਸ ਤੋਂ ਬਾਅਦ ਆਪ ਸਾਲ 1973 ਤੱਕ ਸੰਗਤ ਮੰਡੀ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਰਹੇ। ਆਪ ਨੇ ਆਪਣੀ ਉੱਚ ਵਿੱਦਿਆ ਕ੍ਰਮਵਾਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਅਤੇ ਸਰਕਾਰੀ ਐਜੂਕੇਸ਼ਨ ਕਾਲਜ ਫਰੀਦਕੋਟ ਤੋਂ ਪ੍ਰਾਪਤ ਕੀਤੀ। ਰੀਜਨਲ ਸੈਂਟਰ ਬਠਿੰਡਾ ਤੋਂ ਆਪ ਨੇ ਐੱਮ. ਏ. ਅਰਥਸ਼ਾਸਤਰ ਦੀ ਡਿਗਰੀ  ਪ੍ਰਾਪਤ ਕੀਤੀ। 
ਸਿੱਖਿਆ ਵਿਭਾਗ ਵਿੱਚ ਮਹੱਤਵਪੂਰਨ ਆਹੁਦਿਆਂ 'ਤੇ ਬਿਰਾਜਮਾਨ ਰਹੇ ਅਤੇ ਕਾਬਿਲ ਅਫ਼ਸਰ ਵਜੋਂ ਜਾਣੇ ਜਾਂਦੇ ਜਗਤਾਰ ਸਿੰਘ ਕੁਲੜੀਆ ਨੇ 12 ਸਤੰਬਰ,1989 ਨੂੰ ਸਰਕਾਰੀ ਸਕੂਲ ਵਿੱਚ ਬਤੌਰ ਲੈਕਚਰਾਰ  ਅਰਥਸ਼ਾਸਤਰ ਆਪਣੇ ਨੌਕਰੀਪੇਸ਼ਾ  ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਆਪ ਕ੍ਰਮਵਾਰ ਸਾਲ 2001 ਵਿੱਚ ਬਤੌਰ ਪ੍ਰਿੰਸੀਪਲ , ਸਾਲ 2003 ਵਿੱਚ ਸਹਾਇਕ ਡਾਇਰੈਕਟਰ  (ਐਲੀ. ਸਿੱ),2005 ਵਿੱਚ ਅਵੈਲੂਏਸ਼ਨ ਅਫ਼ਸਰ ਐੱਸ.ਸੀ.ਈ.ਆਰ.ਟੀ ਰਹੇ। ਆਪ ਨੇ ਸਿੱਖਿਆ ਵਿਭਾਗ ਵਿੱਚ ਤਿੰਨ ਸਾਲ ਬਤੌਰ ਡਿਪਟੀ ਡਾਇਰੈਕਟਰ  ਐੱਸ.ਆਈ.ਐੱਸ.ਈ., ਤਿੰਨ ਸਾਲ ਡਿਪਟੀ ਐੱਸ.ਪੀ.ਡੀ. ਆਈ.ਸੀ.ਟੀ.ਅਤੇ ਤਿੰਨ ਸਾਲ ਡਿਪਟੀ ਡਾਇਰੈਕਟਰ (ਐਲੀ.ਸਿੱ) ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। 
ਉਹਨਾਂ ਦੀ ਇਸ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲੇ ਆਹੁਦੇ 'ਤੇ ਨਿਯੁਕਤੀ ਲਈ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਸਿੱਖਿਆ ਮਹਿਕਮੇ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪਿੰਡ ਦੇ ਸਰਪੰਚ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ  ਸਰਕਾਰੀ ਸਕੂਲ ਤੋਂ ਪੜ੍ਹ ਕੇ ਇਹਨਾਂ ਉੱਚੇ ਆਹੁਦੇ 'ਤੇ ਬਿਰਾਜਮਾਨ ਹੋਣਾ ਸਰਕਾਰੀ ਸਕੂਲਾਂ ਲਈ ਬੜੇ ਮਾਣ ਵਾਲੀ ਗੱਲ ਹੈ। ਸਰਕਾਰੀ ਸਕੂਲਾਂ ਦੀ ਸਿੱਖਿਆ ਬਾਰੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸਰਕਾਰੀ ਸਕੂਲ ਹਰ ਪੱਖੋਂ ਨਿਪੁੰਨ ਹਨ ਜਿੱਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਉਹ ਜੀਵਨ ਵਿੱਚ ਇੱਕ ਕਾਬਿਲ ਇਨਸਾਨ ਬਣਨ ਦੇ ਨਾਲ-ਨਾਲ ਆਤਮਨਿਰਭਰ ਵੀ ਬਣਦੇ ਹਨ। ਪਿੰਡ ਵਾਸੀਆਂ ਨੇ ਉਮੀਦ ਪ੍ਰਗਟਾਈ ਕਿ ਉਹ ਇਸ ਆਹੁਦੇ 'ਤੇ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ