ਕੋਵਿਡ ਦੀ ਚੁਣੌਤੀ ਦਰਮਿਆਨ ਕਣਕ ਦੀ ਖਰੀਦ ਸਫਲਤਾਪੂਰਵਕ ਮੁਕੰਮਲ, ਮੁੱਖ ਮੰਤਰੀ ਵੱਲੋਂ ਕਿਸਾਨਾਂ ਸਮੇਤ ਸਾਰੀਆਂ ਧਿਰਾਂ ਦੀ ਸ਼ਲਾਘਾ,ਹਾੜੀ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ 128 ਲੱਖ ਮੀਟਰਕ ਟਨ ਖਰੀਦ

ਚੰਡੀਗੜ, 31 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਕਣਕ ਦੀ ਖਰੀਦ ਦੇ ਏਸ਼ੀਆ ਦੇ ਸਭ ਤੋਂ ਵੱਡੇ ਕਾਰਜ ਦੇ ਮੁਕੰਮਲ ਹੋਣ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ-19 ਦੇ ਸੰਕਟਕਾਲੀਨ ਸਮੇਂ ਦੇ ਬਾਵਜੂਦ 128 ਲੱਖ ਮੀਟਰਕ ਟਨ ਕਣਕ ਦੀ ਖਰੀਦ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਲਈ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਸਾਰੀਆਂ ਸਰਕਾਰੀ ਏਜੰਸੀਆਂ ਦਾ ਧੰਨਵਾਦ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਖੇਤੀਬਾੜੀ ਵਿਭਾਗ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਮਾਰਕਫੈਡ, ਪੰਜਾਬ ਸਟੇਟ ਵੇਅਰਹਾੳੂਸਿੰਗ ਕਾਰੋਪਰੇਸ਼ਨ, ਪਨਸਪ ਤੋਂ ਇਲਾਵਾ ਐਫ.ਸੀ.ਆਈ. ਸਮੇਤ ਖਰੀਦ ਏਜੰਸੀਆਂ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦਰਮਿਆਨ ਕਣਕ ਦੀ ਪੜਾਅਵਾਰ ਆਮਦ ਲਈ ਮੰਡੀਆਂ ਵਿੱਚ ਕੀਤੇ ਪ੍ਰਬੰਧਾਂ ਅਤੇ ਕਾਰਜ ਪ੍ਰਬੰਧਨ ਸਦਕਾ ਮੌਜੂਦਾ ਹਾੜੀ ਸੀਜ਼ਨ ਦੌਰਾਨ ਡੇਢ ਮਹੀਨਾ ਲੰਮਾ ਚੱਲੇ ਖਰੀਦ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਈ। ਮਹਾਮਾਰੀ ਨਾਲ ਪੈਦਾ ਹੋਏ ਗੰਭੀਰ ਖਤਰੇ ਦੇ ਬਾਵਜੂਦ ਮੁੱਖ ਮੰਤਰੀ ਨੇ ਖਰੀਜ ਕਾਰਜ ਮੁਕੰਮਲ ਹੋਣ ’ਤੇ ਤਸੱਲੀ ਜ਼ਾਹਰ ਕਰਦਿਆਂ ਆਖਿਆ ਕਿ ਕਣਕ ਦੀ ਵਾਢੀ, ਖਰੀਦ ਅਤੇ ਭੰਡਾਰਨ ਦੌਰਾਨ ਦਿਖਾਏ ਗਏ ਸੰਜਮ, ਅਨੁਸ਼ਾਸਨ ਅਤੇ ਸਿਹਤ ਸੁਰੱਖਿਆ ਦੀ ਪਾਲਣਾ ਨੂੰ ਯਕੀਨੀ ਬਣਾਉਣ ਕਰਕੇ ਕੋਵਿਡ-19 ਨਾਲ ਸਬੰਧਤ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਧਿਰਾਂ ਨੇ ਇਕੱਠੇ ਹੋ ਕੇ ਸੰਕਟ ਦੇ ਇਸ ਸਮੇਂ ਮੁਲਕ ਨੂੰ ਅਨਾਜ ਪੱਖੋਂ ਆਤਮ-ਨਿਰਭਰਤਾ ਨੂੰ ਯਕੀਨੀ ਬਣਾਇਆ ਹੈ। ਮੁੱਖ ਮੰਤਰੀ ਨੇ ਕਣਕ ਦੀ ਖਰੀਦ ਦੇ ਵਿਆਪਕ ਕਾਰਜ ਨੂੰ ਸਿਰੇ ਚੜਾਉਣ ਤੋਂ ਇਲਾਵਾ ਫਸਲ ਦੀ ਫੌਰੀ ਲਿਫਟਿੰਗ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਖਰੀਦ ਪ੍ਰਿਆ ਦੌਰਾਨ ਸਾਰਥਿਕ ਯਤਨ ਕਰਨ ਲਈ ਡਿਪਟੀ ਕਮਿਸ਼ਨਰਾਂ, ਗਾਰਡੀਅਨਜ਼ ਆਫ ਗਵਰਨੈਂਸ ਤੇ ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਹੋਰ ਸਰਕਾਰੀ ਅਮਲੇ ਦੀ ਵੀ ਪ੍ਰਸੰਸ ਕੀਤੀ। ਇਸੇ ਦੌਰਾਨ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਲੌਕਡਾੳੂਨ ਦੌਰਾਨ ਵਾਢੀ ਤੋਂ ਪਹਿਲਾਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਨੇ ਵਾਢੀ ਦੇ ਮੁਕੰਮਲ ਹੋਣ ਤੱਕ ਪੰਜਾਬ ਦੀਆਂ ਹੱਦਾਂ ਵਿੱਚ ਦਾਖਲ ਹੋਣ ਵਾਲੇ ਸਾਰੇ ਕੰਬਾਈਨ ਅਪਰੇਟਰਾਂ ਤੱਕ ਪਹੁੰਚ ਕਰਕੇ ਜਾਂਚ ਅਤੇ ਨਿਗਰਾਨੀ ਕਰਨ ਲਈ ਕਾਮਯਾਬੀ ਨਾਲ ਤਾਲਮੇਲ ਕੀਤਾ। ਇਨਾਂ ਕੰਬਾਈਨ ਚਾਲਕਾਂ ਵੱਲੋਂ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਜਿਹੇ ਸਾਰੇ ਚਾਲਕਾਂ ਦੀ ਸਿਹਤ ਦੀ ਜਾਂਚ ਨੂੰ ਯਕੀਨੀ ਬਣਾਇਆ ਗਿਆ। ਇਸੇ ਤਰਾਂ ਵਿਭਾਗ ਵੱਲੋਂ ਕੰਬਾਇਨਾਂ ਅਤੇ ਹੜੰਬਿਆਂ ਨੂੰ ਸੈਨੀਟਾਈਜ਼ ਕਰਨ ਤੋਂ ਇਲਾਵਾ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੱਥ ਧੋਣ ਦੇ ਉਪਾਵਾਂ ਨੂੰ ਵੀ ਯਕੀਨੀ ਬਣਾਇਆ ਗਿਆ। ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਹਰੇਕ ਮੰਡੀ ਵਿੱਚ ਕੋਵਿਡ ਤੋਂ ਬਚਾਅ ਕਰਨ ਲਈ ਸੁਰੱਖਿਆ ਸਟੇਸ਼ਨ ਸਥਾਪਤ ਕੀਤੇ ਸਨ ਜਿੱਥੇ ਹੱਥਾਂ ਦੀ ਛੋਹ ਤੋਂ ਬਗੈਰ ਹੱਥ ਧੋਣ ਵਾਲੇ ਯੂਨਿਟ ਤੇ ਸੈਨੀਟਾਈਜ਼ਰ ਤੋਂ ਇਲਾਵਾ 1.60 ਲੱਖ ਮਾਸਕ ਅਤੇ 35000 ਲਿਟਰ ਸੈਨੀਟਾਈਜ਼ਰ ਮੁਫਤ ਵੰਡਿਆ ਗਿਆ।  ਵਧੀਕ ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਮੌਜੂਦਾ ਖਰੀਦ ਸੀਜ਼ਨ ਦੌਰਾਨ ਨਵੀਨਤਮ ਪ੍ਰਬੰਧ ਲਾਗੂ ਕੀਤੇ ਗਏ ਜਿਨਾਂ ਵਿੱਚ ਪਿਛਲੇ ਸਾਲ ਨਾਲੋਂ ਮੰਡੀਆਂ ਦੀ ਗਿਣਤੀ ਵਿੱਚ ਦੁੱਗਣਾ ਵਾਧਾ ਕਰਦੇ ਹੋਏ 1838 ਤੋਂ ਵਧਾ ਕੇ ਲਗਪਗ 4000 ਮੰਡੀਆਂ ਸਥਾਪਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਲਿਆਉਣ ਲਈ ਆੜਤੀਆਂ ਰਾਹੀਂ 17.39 ਲੱਖ ਪਾਸ ਜਾਰੀ ਕੀਤੇ ਗਏ। ਇਸੇ ਤਰਾਂ ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਸੂਬੇ ਵਿੱਚ ਕਣਕ ਦੀ ਕਾਸ਼ਤ ਹੇਠ 35.08 ਲੱਖ ਹੈਕਟੇਅਰ ਰਕਬਾ ਸੀ ਅਤੇ ਇਸ ਮੁਸ਼ਕਲ ਦੌਰ ਵਿੱਚ ਵੱਖ-ਵੱਖ ਏਜੰਸੀਆਂ ਵੱਲੋਂ 127.62 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਗਈ। ਉਨਾਂ ਅੱਗੇ ਦੱਸਿਆ ਕਿ ਸਾਰੇ ਜ਼ਿਲਿਆਂ ਵਿੱਚੋਂ ਕਣਕ ਦੀ ਆਮਦ ਵਿੱਚ ਸੰਗਰੂਰ ਜ਼ਿਲੇ ਪਹਿਲੇ ਸਥਾਨ ’ਤੇ ਰਿਹਾ ਹੈ ਜਿੱਥੇ 12.24 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਜੋ ਸੂਬੇ ਵਿੱਚ ਕਣਕ ਦੀ ਕੁੱਲ ਆਮਦ ਦਾ ਲਗਪਗ 10 ਫੀਸਦੀ ਬਣਦਾ ਹੈ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਵਿੱਚ 9.70 ਲੱਖ ਮੀਟਰਕ ਟਨ ਅਤੇ ਬਠਿੰਡਾ ਵਿੱਚ 9.65 ਲੱਖ ਮੀਟਰਕ ਟਨ ਪਹੁੰਚੀ।  ਪ੍ਰਮੁੱਖ ਸਕੱਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਬੀਤੇ ਸੀਜ਼ਨ ਦੇ ਮੁਕਾਬਲੇ  ਇਸ ਵਾਰ ਸੂਬੇ ਵਿੱਚ ਕਣਕ ਦੀ ਖਰੀਦ 3 ਲੱਖ ਮੀਟਰਕ ਟਨ ਘਟੀ। ਉਨਾਂ ਦੱਸਿਆ ਕਿ ਪਟਿਆਲਾ, ਫਾਜ਼ਿਲਕਾ, ਅੰਮਿ੍ਰਤਸਰ ਅਤੇ ਤਰਨ ਤਾਰਨ ਜ਼ਿਲਿਆਂ ਵਿੱਚ ਕਮੀ ਦਰਜ ਕੀਤੀ ਗਈ ਜਦਕਿ ਲੁਧਿਆਣਾ, ਸੰਗਰੂਰ ਅਤੇ ਜਲੰਧਰ ਜ਼ਿਲਿਆਂ ਵਿੱਚ ਬੀਤੇ ਸਾਲ ਨਾਲੋਂ ਕਾਫੀ ਸੁਧਾਰ ਦੇਖਣ ਨੂੰ ਮਿਲਿਆ।