ਕੋਰੋਨਾ ਜਿੰਨੀ ਹੀ ਖਤਰਨਾਕ ਹੈ ਤੰਬਾਕੂਨੋਸ਼ੀ; ਪੰਜਾਬ ‘ਚ ਔਸਤਨ 48 ਵਿਅਕਤੀਆਂ ਦੀ ਅਤੇ ਭਾਰਤ ‘ਚ ਰੋਜ਼ਾਨਾ 5500 ਬੱਚੇ ਸਹੇੜਦੇ ਨੇ ਤੰਬਾਕੂ ਦੀ ਆਦਤ,ਦੇਸ਼ ਭਰ ‘ਚ ਤੰਬਾਕੂ ਲੈ ਲੈਂਦਾ ਹੈ 10 ਲੱਖ ਲੋਕਾਂ ਦੀ ਜਾਨ

ਮੋਗਾ, 31 ਮਈ (ਜਸ਼ਨ) - ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸਿਹਤ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਦੇ ਹੁਕਮਾਂ ਅਨੁਸਾਰ ਸੀ.ਐਚ.ਸੀ. ਡਰੋਲੀ ਭਾਈ ਵਿਖੇ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ‘ ਮਨਾਇਆ ਗਿਆ। ਇਸ ਤੋਂ ਇਲਾਵਾ ਘੱਲ ਕਲਾਂ, ਸਾਫੂਵਾਲਾ, ਖੋਸਾ ਪਾਂਡੋ, ਜੈ ਸਿੰਘ ਵਾਲਾ, ਕਾਲੀਏਵਾਲਾ, ਛੋਟਾ ਘਰ, ਰੱਤੀਆਂ, ਡਗਰੂ, ਜੈਮਲਵਾਲਾ, ਸਮੇਤ 13 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ‘ਤੇ ਵੀ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਾਨ ਕੇ ਤੰਬਾਕੂਨੋਸ਼ੀ ਵਿਰੋਧੀ ਜਾਗਰੂਕ ਕੀਤਾ ਗਿਆ।ਮਾਸ ਮੀਡੀਆ ਵਿੰਗ ਸਿਹਤ ਬਲਾਕ ਡਰੋਲੀ ਭਾਈ ਦੇ ਇੰਚਾਰਜ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ‘ਤੰਬਾਕੂਨੋਸ਼ੀ‘ ਕੋਰੋਨਾ ਜਿੰਨੀ ਹੀ ਖਤਰਨਾਕ ਹੈ, ਜੋ ਪੰਜਾਬ ‘ਚ ਰੋਜਾਨਾ ਔਸਤਨ 48 ਵਿਅਕਤੀਆਂ ਦੀ ਜਾਨ ਲੈ ਲੈਂਦੀ ਹੈ। ਸੰਬੋਧਨ ਕਰਦਿਆਂ ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ‘ਗਲੋਬਲ ਅਡਲਟ ਤੰਬਾਕੂ ਸਰਵੇ-2009-10‘ ਦੇ ਅੰਕੜਿਆਂ ਅਨੁਸਾਰ ਦੇਸ਼ ਭਰ ‘ਚ ਤੰਬਾਕੂ ਰੋਜ਼ਾਨਾ 2200 ਵਿਅਕਤੀਆਂ ਦੀ ਜਾਨ ਲੈ ਲੈਂਦਾ ਹੈ। ਸਾਲ ਭਰ ‘ਚ 10 ਲੱਖ ਭਾਰਤੀਆਂ ਦੀ ਮੌਤ ਦਾ ਕਾਰਨ ਤੰਬਾਕੂ ਬਣਦਾ ਹੈ। ਇਥੇ ਹੀ ਬੱਸ ਨਹੀਂ, ਹਰ ਰੋਜ਼ 5500 ਨਵੇਂ ਬੱਚੇ ਤੰਬਾਕੂ ਦੀ ਆਦਤ ਸਹੇੜ ਲੈਂਦੇ ਹਨ, ਜਿਸ ਦਾ ਅੰਤ ਬੜਾ ਭਿਆਨਕ ਹੁੰਦਾ ਹੈ। ਉਨਾਂ ਕਿਹਾ ਕਿ ਕੈਂਸਰ ਦੇ ਕੁੱਲ ਕੇਸਾਂ ‘ਚ 40 ਫੀਸਦੀ ਕੇਸਾਂ ‘ਚ ਕੈਂਸਰ ਦਾ ਕਾਰਨ ਤੰਬਾਕੂ ਬਣਦਾ ਹੈ। ਉਹਨਾਂ ਦੱਸਿਆ ਕਿ ਸਕੂਲਾਂ ‘ਚ ਪੜ੍ਹਦੇ 13 ਤੋਂ 15 ਸਾਲ ਦੇ ਕੁੱਲ ਬੱਚਿਆ ਵਿਚੋਂ 14.6 ਫੀਸਦੀ ਬੱਚੇ ਤੰਬਾਕੂ ਦਾ ਸੇਵਨ ਕਰਦੇ ਹਨ ਜਦਕਿ 4.4 ਫੀਸਦੀ ਬੱਚੇ ਸਿਗਰੇਟ ਜਾਂ ਬੀੜੀ ਪੀਂਦੇ ਹਨ ਅਤੇ 21.9 ਫੀਸਦੀ ਅਜਿਹੇ ਬੱਚੇ ਹਨ, ਜਿਨ੍ਹਾਂ ਦੇ ਸਾਹਮਣੇ ਘਰਾਂ ‘ਚ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹ ਵੀ ਤੰਬਾਕੂ ਦੇ ਧੂੰਏ ਦੇ ਮਾਰੂ ਅਸਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਕੇ ਉਹਨਾਂ ਨਾਲ ਸਿਹਤ ਵਰਕਰ ਰਾਮ ਸਿੰਘ ਤੇ ਸਿਹਤ ਵਰਕਰ ਜੋਗਿੰਦਰ ਸਿੰਘ ਵੀ ਹਾਜ਼ਰ ਸਨ।