ਟਰੇਡ ਯੂਨੀਅਨਾਂ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਿਰੁੱਧ ਰੋਸ ਦਿਵਸ ਮਨਾਇਆ

ਮੋਗਾ,22 ਮਈ (ਜਸ਼ਨ): ਅੱਜ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ’ਤੇ ਮੋਗਾ ਵਿੱਚ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਟਰੇਡ ਯੂਨੀਅਨਾਂ ਵੱਲੋਂ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ ਦੀ ਅਗਵਾਈ ਵਿੱਚ ਰੋਸ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਕੇਂਦਰ ਅਤੇ ਵੱਖ-ਵੱਖ ਰਾਜਾਂ ਵਿੱਚ ਕੰਮ ਕਰਦੀਆਂ ਸਰਕਾਰਾਂ ਕਾਰਪੋਰੇਟਰਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਉਹ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕਾਂ ਦੇ ਕਾਨੂੰਨਾਂ ਨੂੰ ਬਦਲ ਕੇ ਸਰਮਾਏਦਾਰ ਪੱਖੀ ਕਰਨ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਫਾਸ਼ੀਵਾਦੀ ਅਜੰਡੇ ਰਾਹੀਂ ਲੋਕਾਂ ਨੂੰ ਇੱਕ ਦੂਜੇ ਨਾਲ ਲੜਾ ਕੇ ਆਪਣਾ ਰਾਜ ਪੱਕਾ ਕਰਦੀਆਂ ਹਨ। ਇੱਕ ਪਾਸੇ ਮਜ਼ਦੂਰ ਰੋਟੀ ਵੱਲੋਂ ਭੁੱਖੇ ਮਰ ਰਹੇ ਹਨ ਪਰ ਦੂਜੇ ਪਾਸੇ ਸਰਮਾਏਦਾਰਾਂ ਨੂੰ ਰਿਆਇਤਾਂ ਨਾਲ ਨਿਵਾਜਿਆ ਜਾ ਰਿਹਾ ਹੈ। ਦੁਨੀਆਂ ਭਰ ਵਿੱਚ ਫੈਲੀ ਕਰੋਨਾ ਨਾਂ ਦੀ ਮਹਾਂਮਾਰੀ ਨੂੰ ਵੀ ਇਹ ਇੱਕ ਮੌਕੇ ਵਜੋਂ ਵਰਤ ਰਹੇ ਹਨ। ਕਰਫਿਊ ਅਤੇ ਲਾਕਡਾਊਨ ਦੌਰਾਨ ਆਮ ਲੋਕਾਂ ਨੂੰ ਤਾਂ ਘਰਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਕਰੋਨਾ ਦੀ ਆੜ ਵਿੱਚ ਆਰਥਿਕ ਮੰਦੀ ਦੇ ਨਾਂ ਤੇ ਹਵਾਈ ਅੱਡੇ, ਰੇਲਵੇ, ਕੋਲ ਖਾਣਾਂ, ਬਾਕਸਾਈਟ ਖਾਣਾਂ ਆਦਿ ਸਰਕਾਰੀ ਅਦਾਰੇ ਵੇਚੇ ਜਾ ਰਹੇ ਹਨ। ਇੱਕ ਪਾਸੇ ਮੁਲਾਜ਼ਮ ਅਤੇ ਮਜ਼ਦੂਰ ਆਪਣੀ ਜਾਨ ਦੀ ਪ੍ਰਵਾਹ ਨਾ ਕੀਤਿਆਂ ਕਰੋਨਾ ਵਿਰੁੱਧ ਲੜਾਈ ਲੜ ਰਹੇ ਹਨ ਦੂਜੇ ਪਾਸੇ ਉਨ੍ਹਾਂ ਨੂੰ ਨਾਂ-ਮਾਤਰ ਤਨਖਾਹਾਂ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਫ਼ਸਰਾਂ, ਮੰਤਰੀਆਂ ਵਿਧਾਇਕਾਂ ਦੀਆਂ ਸਹੂਲਤਾਂ ਵਿੱਚ ਕੋਈ ਕਮੀ ਨਹੀਂ। ਮਜ਼ਦੂਰਾਂ ਲਈ ਕੰਮ ਦਿਹਾੜੀ ਸਮਾਂ 8 ਘੰਟੇ ਤੋਂ 12 ਘੰਟੇ ਵਧਾਉਣ ਨਾਲ ਮਜ਼ਦੂਰ/ ਮੁਲਾਜ਼ਮ ਤੇ ਬੋਝ ਵਧਾਇਆ ਜਾ ਰਿਹਾ ਹੈ ਅਤੇ ਕੰਮ ਕਰਦੇ ਮਜ਼ਦੂਰਾਂ/ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਰਾਹ ਪੱਧਰਾ ਕੀਤਾ ਗਿਆ ਹੈ। ਲਾਕਡਾਊਨ ਦੌਰਾਨ ਵੱਖ ਵੱਖ ਰਾਜਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵਾਪਸ ਆਪਣੇ ਘਰ ਜਾਣ ਸਮੇਂ ਜਿਸ ਤਕਲੀਫ਼ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਉਸ ਦਾ ਇਨ੍ਹਾਂ ਸਰਕਾਰਾਂ ਨੇ ਕੋਈ ਹੱਲ ਨਹੀਂ ਕੀਤਾ। ਸਗੋਂ ਪੁਲਿਸ ਰਾਹੀਂ ਉਨ੍ਹਾਂ ਤੇ ਤਸ਼ੱਦਦ ਕਰਵਾਇਆ ਗਿਆ ਹੈ। ਜਦ ਕਿ ਜਿੱਥੇ ਸਰਕਾਰਾਂ ਦੇ ਚਹੇਤਿਆਂ ਦਾ ਨਾਂ ਆਉਂਦਾ ਹੈ ਉਥੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਉਹ ਸਾਰੇ ਆਪਣੀ ਮਨ ਮਰਜੀ ਕਰ ਰਹੇ ਹਨ। ਬੁਲਾਰਿਆਂ ਨੇ ਕਿਹ ਉੱਚ ਅਫ਼ਸਰਸ਼ਾਹੀ ਵੀ ਇਹਨਾਂ ਸੱਤਾ ਤੇ ਕਾਬਜ਼ ਲੋਕਾਂ ਨਾਲ ਰਲੀ ਹੋਈ। ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਜਾਗਿ੍ਰਤ ਹੋਣ ਅਤੇ ਚੇਤੰਨ ਰੂਪ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਲੋਕਤੰਤਰ ਦਾ ਮਖੌਟਾ ਪਾ ਕੇ ਆਪਣਾ ਸਰਮਾਏਦਾਰ ਪੱਖੀ ਅਜੰਡਾ ਲਾਗੂ ਕਰ ਰਹੀਆਂ ਹਨ। ਹੁਣ ਤਾਂ ਲੋਕ ਤੰਤਰ ਨੂੰ ਵੀ ਖਤਰਾ ਹੋ ਗਿਆ ਜਾਪਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਮਜ਼ਦੂਰ/ ਮੁਲਾਜ਼ਮ ਫਿਰ ਤੋਂ ਗੁਲਾਮ ਬਣ ਜਾਣਗੇ। ਅਤੇ ਇਹਨਾਂ ਵਿਰੁੱਧ ਫਿਰ ਆਜ਼ਾਦੀ ਦੀ ਲੜਾਈ ਵਰਗੀ ਲੜਾਈ ਲੜਨੀ ਪਵੇਗੀ। ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਸਾਨੂੰ ਸਭ ਨੂੰ ਆਪਣੇ ਆਪ ਨੂੰ ਲੰਬੇ, ਅਤੇ ਸਿੱਟਾਪੂਰਨ ਸੰਘਰਸ਼ ਲਈ ਤਿਆਰ ਰਹਿਣਾ ਪਵੇਗਾ। ਹਰ ਆਦਮੀ ਨੂੰ ਆਪਣੇ ਜਾਤੀ ਮੁਫ਼ਾਦ ਛੱਡ ਕੇ ਇਕੱਠੇ ਹੋਣਾ ਪਵੇਗਾ। ਫਿਰਕਾਪ੍ਰਸਤੀ ਨੂੰ ਵੀ ਭਾਂਜ ਦੇਣੀ ਹੋਵੇਗੀ। ਨਹੀਂ ਤਾਂ ਇਹ ਲੋਕ ਸਾਨੂੰ ਆਪਸ ਵਿੱਚ ਲੜਾ ਕੇ ਬਾਂਦਰ ਵਾਂਗ ਸਾਡੀ ਰੋਟੀ ਵੀ ਖਾ ਜਾਣਗੇ। ਬੁਲਾਰਿਆਂ ਨੇ ਅਪੀਲ ਵੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਅਨਾਂ ਵੱਲੋਂ ਦਿੱਤੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ ਜਾਵੇ ਤਾਂ ਜੋ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਜਿਹੇ ਨਾਂਹ-ਪੱਖੀ ਫੈਸਲਿਆਂ ਨੂੰ ਪੁੱਠਾ ਮੋੜਿਆ ਜਾ ਸਕੇ ਅਤੇ ਆਪਣੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਇਸ ਮੌਕੇ ਬੁਲਾਰਿਆਂ ਵਿੱਚ ਜਗਦੀਸ਼ ਸਿੰਘ ਚਾਹਲ, ਪੋਹਲਾ ਸਿੰਘ ਬਰਾੜ, ਭੂਪਿੰਦਰ ਸਿੰਘ ਸੇਖੋਂ, ਸਰਬਜੀਤ ਸਿੰਘ ਦੌਧਰ, ਗੁਰਜੰਟ ਸਿੰਘ ਕੋਕਰੀ, ਸੁਰਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਭੋਲਾ, ਵਿੱਕੀ ਮਹੇਸਰੀ, ਸੁਖਜਿੰਦਰ ਮਹੇਸਰੀ, ਗੁਰਮੇਲ ਸਿੰਘ ਨਾਹਰ, ਦਰਸ਼ਨ ਲਾਲ, ਚਮਕੌਰ ਸਿੰਘ ਡਗਰੂ, ਦਲਜੀਤ ਸਿੰਘ ਭੁੱਲਰ, ਸੱਤਿਅਮ ਪ੍ਰਕਾਸ਼, ਚਮਨ ਲਾਲ ਸੰਗੇਲੀਆ, ਪ੍ਰਕਾਸ਼ ਚੰਦ ਦੌਲਤਪੁਰਾ, ਰਾਜਿੰਦਰ ਰਿਆੜ, ਆਦਿ ਸ਼ਾਮਲ ਸਨ।