ਲੋਕ ਜ਼ਰੂਰ ਪੁਛਣਗੇ, ਜਦੋਂ ਕਰੋਨਾ ਦਾ ਦੈਂਤ ਆਮ ਲੋਕਾਂ ਨੂੰ ਨਿਗਲਣ ਲਈ ਮੂੰਹ ਅੱਡੀ ਖਲੋਤਾ ਸੀ ਉਸ ਸਮੇਂ ਸੌੜੀ ਰਾਜਨੀਤੀ ਕਰਨ ਵਾਲੇ ਸਿਆਸੀ ਆਗੂ ਕਿੱਥੇ ਸਨ----ਵਿਧਾਇਕ ਡਾ: ਹਰਜੋਤ ਕਮਲ

ਮੋਗਾ,22 ਮਈ (ਜਸ਼ਨ): ਮੋਗਾ ਜ਼ਿਲ੍ਹੇ ਦੇ ਕਰੋਨਾ ਮੁਕਤ ਹੋਣ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੇਲੇ ਸਿਰ ਚੁੱਕੇ ਅਹਿਤਿਆਤੀ ਕਦਮਾਂ ਅਤੇ ਲੋਕਾਂ ਵੱਲੋਂ ਦਿੱਤੇ ਪੂਰਨ ਸਹਿਯੋਗ ਸਦਕਾ ਮੋਗਾ ਹੀ ਨਹੀਂ ਸਮੁੱਚਾ ਪੰਜਾਬ ਇਸ ਮਹਾਂਮਾਰੀ ਦੀ ਜ਼ਦ ਤੋਂ ਬਚਿਆ ਰਿਹਾ ਅਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਕੁਝ ਢਿੱਲਾਂ ਦਿੰਦੇ ਹੋਏ ਕਰਫਿਊ ਖਤਮ ਕਰ ਦਿੱਤਾ ਹੈ ਤਾਂ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸ਼ੋਸਲ ਡਿਸਟੈਂਸ ਨੂੰ ਕਾਇਮ ਰੱਖਦੇ ਆਪਣੇ ਰੋਜ਼ਮਰਰਾ ਦੇ ਕੰਮਾਂ ਨੂੰ ਕਰੀਏ ਤਾਂ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਸੀਂ ਕਰੋਨਾ ਦੇ ਸੰਕਰਮਣ ਤੋਂ ਬਚੇ ਰਹੀਏ । ਉਹਨਾਂ ਕਿਹਾ ਕਿ  ਪਿਛਲੇ ਦਿਨਾਂ ਵਿਚ ਜਦੋਂ ਅਸੀਂ ਕਰੋਨਾ ਦੀ ਜੰਗ ਲੜ ਰਹੇ ਸਾਂ ਤਾਂ ਉਸ ਸਮੇਂ ਕਰੋਨਾ ਸੰਕਰਮਣ ਤੋਂ ਪੀੜਤ ਹੋਏ ਤਬਲੀਗੀ ਜਮਾਤ ਦੇ ਵੀਰਾਂ ਅਤੇ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸਿੱਖ ਸ਼ਰਧਾਲੂਆਂ ਬਾਰੇ ਕੁਝ ਲੋਕਾਂ ਨੇ ਧਰਮ ਦੇ ਆਧਾਰ ’ਤੇ ਇਸ ਮਸਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ ਕੀਤੀ ਪਰ ਉਹ ਸਮਝਦੇ ਹਨ ਕਿ ਕੋਈ ਵੀ ਬੀਮਾਰੀ ਧਰਮ ਦੇਖ ਕੇ ਨਹੀਂ ਲੱਗਦੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਅਜਿਹੀਆਂ ਕੋਝੀਆਂ ਸਾਜਸ਼ਾਂ ਕਰਨ ਵਾਲਿਆਂ ਤੋਂ ਸੁਚੇਤ ਰਹਿ ਕੇ ਤਰਕਸ਼ੀਲ ਢੰਗ ਨਾਲ ਅਜਿਹੇ ਹਾਲਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਉਹਨਾਂ ਸੂਬਾ ਸਰਕਾਰ ,ਪ੍ਰਸਾਸ਼ਨ, ਸਿਹਤ ਵਿਭਾਗ ਅਤੇ ਮੀਡੀਆ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਹਾਂਮਾਰੀ ਦੌਰਾਨ ਜ਼ਮੀਨੀ ਪੱਧਰ ’ਤੇ ਕੰਮ ਕਰਦਿਆਂ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਆਪਣੇ ਫਰਜ਼ਾਂ ਦੀ ਪਾਲਣਾ ਕੀਤੀ।  ਵਿਧਾਇਕ ਹਰਜੋਤ ਕਮਲ ਨੇ ਆਖਿਆ ਕਿ ਬੇਸ਼ੱਕ ਕਰਫਿਊ ਖਤਮ ਹੋ ਗਿਆ ਅਤੇ ਸਰਕਾਰ ਵੱਲੋਂ ਬਹੁਤ ਸਾਰੀਆਂ ਢਿੱਲਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਲੋਕ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਆਪਣੇ ਜੀਵਨ ਵਿਚ ਤਬਦੀਲੀ ਲਿਆਉਣ ਤਾਂ ਜੋ ਪੰਜਾਬ ਨੂੰ ਪੂਰਨ ਕਰੋਨਾ ਮੁਕਤ ਕੀਤਾ ਜਾ ਸਕੇ। ਉਹਨਾਂ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ, ਕਿਸੇ ਨੂੰ ਛੂਹਣ ਤੋਂ ਪ੍ਰਹੇਜ਼ ਕਰਨ,ਹੱਥ ਬਾਰ ਬਾਰ ਧੋਣ, ਮਾਸਕ ਪਾ ਕੇ ਜਾਂ ਮੂੰਹ ਢੱਕ ਕੇ ਰੱਖਣ, ਨੱਕ ਮੂੰਹ ਤੇ ਅੱਖਾਂ ਨੂੰ ਹੱਥ ਨਾ ਲਾਉਣ ਦਾ ਪੂਰਨ ਰੂਪ ਵਿਚ ਪਾਲਣ ਕਰਨਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਹਨਾਂ ਸਿਹਤ ਵਿਭਾਗ ‘ਚ ਕੰਮ ਕਰਦੇ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਮੁਸ਼ਕਿਲ ਘੜੀ ਵਿਚ ਲੋਕਾਂ ਦਾ ਸਾਥ ਦਿੱਤਾ ਅਤੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਜ਼ੋਖਿਮ ਵਿਚ ਪਾ ਕੇ ਸਾਡੇ ਪਰਿਵਾਰਾਂ ਨੂੰ ਮਹਿਫੂਜ਼ ਰੱਖਣ ਲਈ ਦਿਨ ਰਾਤ ਡਿੳੂਟੀ ਨਿਭਾਈ ਤਾਂ ਕਿ ਕੁਦਰਤ ਦੇ ਇਸ ਕਹਿਰ ਤੋਂ ਬੱਚ ਕੇ ਆਪਾਂ ਤੰਦਰੁਸਤ ਅਤੇ ਜਿਊਂਦੇ ਰਹਿ ਸਕੀਏ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਯਾਤਾਯਾਤ ਦੇ ਸਾਧਨ ਵੀ ਸ਼ੁਰੂ ਹੋ ਗਏ ਹਨ ਅਤੇ ਕੁਝ ਸਮੇਂ ਬਾਅਦ ਜ਼ਿੰਦਗੀ ਪੂਰੀ ਤਰਾਂ ਧੜਕਣ ਲੱਗੇਗੀ ਪਰ ਲੋਕਾਂ ਨੇ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਇਸ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਪਾਲਣ ਕਰਦੇ ਰਹਿਣਾ ਪੈਣਾ ਹੈ। 
ਉਹਨਾਂ ਕਿਹਾ ਕਿ ਉਹ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਨ ਜਿਹਨਾਂ ਨੇ ਘਰੀਂ ਏ ਸੀ ਕਮਰਿਆਂ ਚ ਬਹਿ ਕੇ ਸਿਆਸਤ ਕਰਦਿਆਂ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲਿਆਂ ਦੀ ਨੁਕਤਾਚੀਨੀ ਕੀਤੀ ਪਰ ਉਹਨਾਂ ਦੀ ਕਾਂਗਰਸ ਸਰਕਾਰ ਨੇ ਇਸ ਨੁਕਤਾਚੀਨੀ ਨੂੰ ਸਾਕਾਰਤਮਕ ਢੰਗ ਨਾਲ ਲੈਂਦਿਆਂ ਮੁਸ਼ਕਿਲ ਹਾਲਾਤਾਂ ਨਾਲ ਨਜਿੱਠਣ ਲਈ ਹੋਰ ਸਖਤ ਕਦਮ ਚੁੱਕੇ ਅਤੇ ਅੱਜ ਇਸ ਦਾ ਨਤੀਜਾ ਲੋਕਾਂ ਦੇ ਸਾਹਮਣੇ ਹੈ ਕਿ ਲੋਕਾਂ ਦੀ ਜ਼ਿੰਦਗੀ ਫਿਰ ਦੁਬਾਰਾ ਪਟੜੀ ’ਤੇ ਪਰਤ ਰਹੀ ਹੈ । ਉਹਨਾਂ ਆਖਿਆ ਕਿ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਕਿ ਜਦੋਂ ਲੋਕ ਹਿਤੈਸ਼ੀ ਵਰਗ ਲੋਕਾਂ ਦੀ ਜਾਨ ਬਚਾਉਣ ਲਈ ਸੇਵਾ ਕਰ ਰਿਹਾ ਸੀ ਤਾਂ ਅਜਿਹੇ ਸਮੇਂ ਲੋਕ ਅਧਾਰ ਗਵਾ ਚੁੱਕੇ ਕੁਝ ਰਾਜਨੀਤਕ ਲੋਕ ਸਿਆਸੀ ਜ਼ਮੀਨ ਤਲਾਸ਼ਣ ਲਈ ਤਰਲੋਮੱਛੀ ਹੋ ਰਹੇ ਸਨ ਅਤੇ ਕਦੇ ਸਮਾਜ ਸੇਵੀਆਂ ਅਤੇ ਕਦੇ ਕਾਂਗਰਸ ਦੇ ਜੰਗਜੂਆਂ ਵੱਲੋਂ ਲੋਕ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਵਿਚ ਅੜਿੱਕਾ ਡਾਹ ਰਹੇ ਸਨ । ਉਹਨਾਂ ਆਖਿਆ ਕਿ ਅਜਿਹੇ ਸੌੜੀ ਰਾਜਨੀਤੀ ਕਰਨ ਵਾਲੇ ਆਗੂ ਭਵਿੱਖ ਵਿਚ ਜਦੋਂ ਲੋਕਾਂ ਵਿਚ ਵਿਚਰਨਗੇ ਤਾਂ ਲੋਕ ਜ਼ਰੂਰ ਪੁਛਣਗੇ ਕਿ ਜਦੋਂ ਕਰੋਨਾ ਦਾ ਦੈਂਤ ਆਮ ਲੋਕਾਂ ਨੂੰ ਨਿਗਲਣ ਲਈ ਮੂੰਹ ਅੱਡੀ ਖਲੋਤਾ ਸੀ ਉਸ ਸਮੇਂ ਇਹ ਸਿਆਸੀ ਆਗੂ ਕਿੱਥੇ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ