ਜਰਜਰੀ ਕਾਨੂੰਨ ਵਿਵਸਥਾ ਕਾਰਨ ਹੋ ਰਹੇ ਨੇ ਪੰਚਾਂ-ਸਰਪੰਚਾਂ 'ਤੇ ਹਮਲੇ- ਵਿਧਾਇਕਾ ਪ੍ਰੋ. ਬਲਜਿੰਦਰ ਕੌਰ

ਚੰਡੀਗੜ੍ਹ, 22 ਮਈ 2020 (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਕਾਨੂੰਨ ਵਿਵਸਥਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਪਰਾਧੀ ਪ੍ਰਵਿਰਤੀ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ, ਉਹ ਦਿਨ ਦਿਹਾੜੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ 'ਚ ਹਿਚਕਚਾਹਟ ਨਹੀਂ ਦਿਖਾਉਂਦੇ। ਜਿਸ ਕਾਰਨ ਆਮ ਲੋਕ ਹੀ ਨਹੀਂ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਚੁਣੇ ਹੋਏ ਨੁਮਾਇੰਦੇ ਵੀ ਸੁਰੱਖਿਅਤ ਨਹੀਂ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੇ ਜ਼ਿਆਦਾਤਰ ਪੰਚ ਸਰਪੰਚ ਡਰ ਅਤੇ ਭੈਅ ਦੇ ਛਾਏ ਥੱਲੇ ਹਨ। ਪੰਚਾਂ-ਸਰਪੰਚਾਂ ਦੇ ਵਫ਼ਦਾਂ ਨੂੰ ਮੁੱਖ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਤੱਕ ਆਪਣੀ ਸੁਰੱਖਿਆ ਬਾਰੇ ਪਹੁੰਚ ਕਰਨੀ ਪੈ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਪੰਚਾਂ-ਸਰਪੰਚਾਂ ਅਤੇ ਸੰਮਤੀ ਮੈਂਬਰਾਂ ਦੇ ਵਫ਼ਦ ਵੱਲੋਂ ਆਪਣੀ ਸੁਰੱਖਿਆ ਲਈ ਮੰਗ ਪੱਤਰ ਮੁੱਖ ਮੰਤਰੀ ਨੂੰ ਦੇਣ ਲਈ ਬੇਵੱਸ ਹੋਣਾ ਸਰਕਾਰ ਲਈ ਬੇਹੱਦ ਸ਼ਰਮਨਾਕ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਗਰਾਮ ਪੰਚਾਇਤ ਹੱਲੋਤਾਲੀ, ਨਰੈਣਗੜ ਛੰਨਾ, ਮਾਲੂ ਹੇੜੀ, ਸਰਾਣਾ, ਮੱਖੇਪੁਰ, ਨਲੀਨੀ, ਛਲੇੜੀ ਖੁਰਦ, ਤਾਣਾ, ਮੁਹੰਮਦੀਪਰ, ਛਲੇੜੀ ਕਲਾਂ, ਪੰਜੋਲੀ ਖੁਰਦ, ਅਮਰਗੜ, ਪੰਜੋਲੀ ਕਲਾਂ, ਨਲੀਨਾ ਖੁਰਦ, ਬਾਗੜੀਆਂ, ਗੁਣੀਆਂ ਮਾਜਰਾ, ਪਟਿਆਲਾ ਜਿਲੇ ਦੇ ਗ੍ਰਾਮ ਪੰਚਾਇਤ ਚਲੈਲਾ, ਲੱਗ, ਰੌਂਗਲਾ, ਨੰਦਪੁਰ ਕੇਸ਼ੋ ਅਤੇ ਐਸ.ਏ.ਐਸ ਨਗਰ ਜਿਲੇ ਦੀਆਂ ਮਛਲੀ ਕਲਾਂ, ਝੰਜੇੜੀ, ਸੁਵਾੜਾ ਕਲਾਂ, ਝੰਜੇੜੀ, ਸੁਵਾੜਾ, ਚੂਹੜ ਮਾਜਰਾ, ਪੱਤੋ ਆਦਿ ਪੰਚਾਇਤਾਂ ਨੇ ਪਟਿਆਲਾ, ਅੰਮ੍ਰਿਤਸਰ ਅਤੇ ਹੋਰ ਜ਼ਿਲਿਆਂ 'ਚ ਸਰਪੰਚਾਂ ਦੀਆਂ ਹੋਈਆਂ ਹੱਤਿਆਵਾਂ ਅਤੇ ਪੰਚਾਇਤੀ ਨੁਮਾਇੰਦਿਆਂ 'ਤੇ ਲੌਕਡਾਊਨ ਦੌਰਾਨ ਹੋਏ ਹਮਲਿਆਂ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੋਲ ਚੁਣੇ ਹੋਏ ਪੰਚਾਂ, ਸਰਪੰਚਾਂ ਅਤੇ ਸੰਮਤੀ ਮੈਂਬਰਾਂ ਦੀ ਸੁਰੱਖਿਆ ਦੀ ਗੁਹਾਰ ਲਗਾਈ ਹੈ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਸੂਬੇ ਦੀ ਖੋਖਲੀ ਰਾਜ ਵਿਵਸਥਾ ਦੇ ਮੱਦੇਨਜ਼ਰ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਦੀ ਚਿੰਤਾ ਜਾਇਜ਼ ਹੈ। ਜਿਸ ਲਈ ਮੁੱਖ ਮੰਤਰੀ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਸੁਧਾਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਕਿਉਂਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਕੋਲ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ