ਰਿਸ਼ਵਤ ਲੈਂਦਾ ਸਹਾਇਕ ਜੇ ਈ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

ਮੋਗਾ,20 ਮਈ (ਜਸ਼ਨ) : ਵਿਜੀਲੈਂਸ ਮੋਗਾ ਨੇ ਅੱਜ ਪਾਵਰ ਕਾਰਪੋਰੇਸ਼ਨ ਦੇ ਸਹਾਇਕ ਜੇ ਈ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ। ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਵਿਰੱੁਧ ਵਿੱਢੀ ਮੁਹਿੰਮ ਦੇ ਤਹਿਤ ਸ੍ਰੀ ਬੀ ਕੇ ਉੱਪਲ ਆਈ ਪੀ ਐਸ ਮੁੱਖ ਡਾਇਰੈਕਟਰ ਵਿਜੀਲੈਂਸ ਬਿੳੂਰੋ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਹਰਿਗੋਬਿੰਦ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕੇਵਲ ਕਿ੍ਰਸਨ ਡੀ ਐਸ ਪੀ ਵਿਜੀਲੈਂਸ ਬਿਊਰੋ ਮੋਗਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੱਤਪ੍ਰੇਮ ਸਿੰਘ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਸਮੇਤ ਵਿਜੀਲੈਂਸ ਬਿਊਰੋ ਯੂਨਿਟ ਦੀ ਟੀਮ ਜਿਸ ਵਿੱਚ ਐਸ ਆਈ ਸੁਰਿੰਦਰਪਾਲ ਸਿੰਘ, ਏ ਐਸ ਆਈ ਮੁਖਤਿਆਰ ਸਿੰਘ,ਐਨ ਸੀ ਗੁਰਮੀਤ ਸਿੰਘ, ਐਨ ਸੀ ਬਲਦੇਵ ਰਾਜ, ਸੀਨੀਅਰ ਸਿਪਾਹੀ ਬਲਤੇਜ ਸਿੰਘ, ਸਿਪਾਹੀ ਅਰਮਿੰਦਰ ਸਿੰਘ, ਸਿਪਾਹੀ ਮਨਦੀਪ ਸਿੰਘ ਸ਼ਾਮਲ ਸਨ ਵੱਲੋਂ ਗੁਲਸ਼ੇਰ ਸਿੰਘ ਲਾਈਨਮੈਨ ਵਾਧੂ ਚਾਰਜ ਅਸਿਸਟੈਂਟ ਜੇ ਈ ਪੀ ਐਸ ਪੀ ਸੀ ਐਲ ਧਰਮਕੋਟ ਜਿਲਾ ਮੋਗਾ ਨੂੰ ਮੁਦੱਈ ਗੁਰਪ੍ਰੀਤ ਸਿੰਘ ਉਰਫ ਗੋਪੀ ਪਾਸੋਂ 20 ਹਜ਼ਾਰ ਰੁਪਏ ਰਿਸ਼ਵਤ ਹਾਸਿਲ ਕਰਦੇ ਹੋਏ ਸਰਕਾਰੀ ਗਵਾਹ ਡਾਕਟਰ ਜਤਿੰਦਰ ਸਿੰਘ ਖੇਤੀ ਬਾੜੀ ਵਿਕਾਸ ਅਫਸਰ ਦਫਤਰ ਬਲਾਕ ਖੇਤੀ ਬਾੜੀ ਵਿਕਾਸ ਅਫਸਰ ਮੋਗਾ-1 ਅਤੇ ਡਾਕਟਰ ਧਰਮਵੀਰ ਸਿੰਘ ਖੇਤੀ-ਬਾੜੀ ਵਿਕਾਸ ਅਫਸਰ ਦਫਤਰ ਬਲਾਕ ਖੇਤੀ-ਬਾੜੀ ਵਿਕਾਸ ਅਫਸਰ ਬਾਘਾਪੁਰਾਣਾ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗਿ੍ਰਫਤਾਰ ਕੀਤਾ ਗਿਆ । ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਦਬੁਰਜੀ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੇ ਆਪਣੇ ਕਲਮਬੰਦ ਕਰਵਾਏ ਬਿਆਨ ਵਿੱਚ ਦੱਸਿਆ ਸੀ ਕਿ ਉਸਦੇ ਪਿਤਾ ਦੇ ਨਾਮ ਤੇ ਇਕ ਟਿਊਬਵੈਲ ਬਿਜਲੀ ਮੋਟਰ ਕੁਨੈਕਸ਼ਨ ਲੱਗਾ ਹੋਇਆ ਹੈ ਜੋ ਅਖੀਰ ਤੇ ਹੋਣ ਕਾਰਨ ਵੋਲਟੇਜ ਪੂਰੀ ਨਾ ਆਉਣ ਕਰਕੇ ਟਿਊਬਵੈਲ ਚਲਾਉਣ ਵਿੱਚ ਕਾਫੀ ਦਿੱਕਤ ਪੇਸ਼ ਆਉਂਦੀ ਸੀ ਜਿਸ ਕਾਰਨ ਮਹਿਕਮਾ ਬਿਜਲੀ ਬੋਰਡ ਵੱਲੋਂ ਟਿਊਬਵੈਲ ਦੇ ਨਾਲ ਹੀ ਟ੍ਰਾਂਸਫਾਰਮਰ ਲਗਾਉਣ ਸੰਬੰਧੀ ਕੇਸ ਤਿਆਰ ਕੀਤਾ ਗਿਆ ਸੀ ਜੋ ਸਬੰਧਤ ਉਚ ਅਫਸਰਾਂ ਤੋਂ ਮਨਜੂਰ ਹੋ ਚੁੱਕਾ ਸੀ । ਇਹ ਟ੍ਰਾਂਸਫਾਰਮਰ ਲਗਾਉਣ ਸੰਬੰਧੀ ਸਾਰਾ ਸਮਾਨ ਮਹਿਕਮਾ ਬਿਜਲੀ ਬੋਰਡ ਵੱਲੋਂ ਹੀ ਲਗਾਇਆ ਜਾਣਾ ਸੀ ਪਰੰਤੂ ਗੁਲਸ਼ੇਰ ਸਿੰਘ ਲਾਈਨਮੈਨ ਪੀ ਐਸ ਪੀ ਸੀ ਐਲ ਧਰਮਕੋਟ ਵੱਲੋਂ ਟਰਾਂਸਫਾਰਮਰ ਲਗਾਉਣ ਬਦਲੇ ਟ੍ਰਾਂਸਫਾਰਮਰ ਦੇ ਸਾਮਾਨ ਦੇ ਨਾਮ ਤੇ ਕੁੱਲ 35000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ 15 ਹਜ਼ਾਰ ਰੁਪਏ ਰਿਸ਼ਵਤ ਵਜੋਂ ਪਹਿਲਾਂ ਹਾਸਿਲ ਕਰ ਲਏ ਸਨ ਅਤੇ ਬਾਕੀ ਰਹਿੰਦੀ 20 ਹਜ਼ਾਰ  ਰੁਪਏ ਰਿਸ਼ਵਤ ਦੀ ਰਕਮ ਮੁਦੱਈ ਪਾਸੋਂ ਹਾਸਲ ਕਰਦੇ ਹੋਏ ਅੱਜ ਦੋਸ਼ੀ ਗੁਲਸ਼ੇਰ ਸਿੰਘ ਲਾਈਨਮੈਨ ਵਾਧੂ ਚਾਰਜ ਅਸਿਸਟੈਂਟ ਜੇ ਈ ਪੀ ਐਸ ਪੀ ਸੀ ਐਲ ਧਰਮਕੋਟ ਜਿਲਾ ਮੋਗਾ ਨੂੰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗਿ੍ਰਫਤਾਰ ਕੀਤਾ ਗਿਆ । ਮੁਕੱਦਮੇਂ ਦੀ ਅਗਲੇਰੀ ਤਫਤੀਸ਼ ਜਾਰੀ ਹੈ।