ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪੁਲਿਸ ਮੁਲਾਜ਼ਮ ਉੱਤੇ ਕੁੱਝ ਲੋਕਾਂ ਵੱਲੋਂ ਹਮਲਾ ਕਰਕੇ ਹੱਥ ਵੱਢੇ ਜਾਣ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ

ਬਠਿੰਡਾ, 12 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :     ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਅੱਜ ਪਟਿਆਲਾ ਵਿੱਖੇ ਪੁਲਿਸ ਮੁਲਾਜ਼ਮਾਂ ਉੱਤੇ ਕੁੱਝ ਲੋਕਾਂ ਵੱਲੋਂ ਹਮਲਾ ਕਰਕੇ ਹੱਥ ਵੱਢੇ ਜਾਣ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਦੋਸ਼ੀਆਂ ਉੱਪਰ ਸਖਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਨਾਲ ਪੰਜਾਬ ਸੂਬਾ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕਿਆ ਹੈ ਹਰ ਦਿਨ ਵੱਧ ਰਹੇ ਨਵੇਂ ਕੇਸਾਂ ਨਾਲ ਲੋਕਾਂ ਵਿੱਚ ਖੌਫ਼ ਦਾ ਮਾਹੌਲ ਹੈ।

ਅਜਿਹੇ ਹਲਾਤਾਂ ਵਿੱਚ ਪੁਲਿਸ, ਸਿਹਤ ਵਿਭਾਗ ਜਾਂ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਾਡੀ ਸੁਰੱਖਿਆ ਵਿੱਚ ਦਿਨ ਰਾਤ ਤੈਨਾਤ ਹਨ। ਲੇਕਿਨ ਅੱਜ ਪਟਿਆਲਾ ਵਿੱਖੇ ਡਿਊਟੀ ਦੇ ਰਹੇ ਪੁਲਿਸ ਦੇ ਮੁਲਾਜ਼ਮਾਂ ਉਤੇ ਪਾਸ ਨਾ ਹੋਣ ਤੇ ਅੱਗੇ ਜਾਣ ਤੋਂ ਰੋਕਣ ਤੇ ਕੁੱਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਏ ਐਸ ਆਈ ਦਾ ਹੱਥ ਵੱਢ ਦਿੱਤਾ ਤੇ ਕੁੱਝ ਹੋਰ ਮੁਲਾਜ਼ਮ ਜਖਮੀ ਹੋ ਕਰ ਦਿੱਤੇ ਗਏ ਜੋਕਿ ਚਿੰਤਾਜਨਕ ਹੈ। ਉਨਾਂ ਆਖਿਆ ਕਿ ਅਜਿਹੇ ਅਨਸਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਹੋਣ ਤੋਂ ਰੋਕਣ ਲਈ ਸੋਸ਼ਲ ਡਿਸਟੈਂਸ ਬੇਹੱਦ ਜ਼ਰੂਰੀ ਹੈ ਜਿਸ ਦੀ ਜਿੰਮੇਵਾਰੀ ਪੁਲਿਸ ਨੂੰ ਸੌਂਪੀ ਗਈ ਹੈ । ਉਨਾਂ ਦੱਸਿਆ ਕਿ ਆਪਣੀ ਡਿਊਟੀ ਦੇ ਰਹੇ ਮੁਲਾਜਮਾਂ ਉੱਪਰ ਹਮਲਾ ਹੋਣ ਦੀ ਘਟਨਾ ਨਾਲ਼ ਉਨਾਂ ਨੂੰ ਬੇਹੱਦ ਦੁੱਖ ਹੋਇਆ ਹੈ।

ਉਹਨਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਬਿਨਾਂ ਕਿਸੇ ਐਮਰਜੈਂਸੀ ਦੇ ਘਰਾਂ ਵਿਚੋਂ ਨਾ ਨਿਕਲਿਆ ਜਾਵੇ ਅਤੇ ਕੋਰੋਨਾ ਦੀ ਚੈਨ ਤੋੜਨ ਵਿੱਚ ਸਹਿਯੋਗ ਦਿੱਤਾ ਜਾਵੇ। ਉਹਨਾਂ ਕਿਹਾ ਕਿ ਉਹ ਪ੍ਰਮਾਤਮਾ ਤੋਂ ਜ਼ਖਮੀ ਏ ਐਸ ਆਈ ਅਤੇ ਹੋਰ ਮੁਲਾਜ਼ਮਾਂ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਨ । ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਸਮੂਹ ਪੁਲਿਸ ਪ੍ਰਸ਼ਾਸਨ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ਼ ਖੜੇ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਿਸ ਸਮੇਂ ਸੂਬੇ ਵਿੱਚ ਕੋਰੋਨਾ ਨੂੰ ਲੈ ਕੇ ਡਰ ਬਣਿਆ ਹੋਇਆ ਹੈ ਉਹਨਾਂ ਹਾਲਾਤਾਂ ਵਿੱਚ ਸੇਵਾਵਾਂ ਨਿਭਾ ਰਹੇ ਸਿਹਤ ਪੁਲਿਸ ਤੇ ਹੋਰ ਮੁਲਾਜ਼ਮਾਂ ਨੂੰ ਸਨਮਾਨ, ਤਰੱਕੀ ਅਤੇ ਵੇਤਨ ਦੇ ਨਾਲ ਵਿਸ਼ੇਸ਼ ਭੱਤੇ ਵੀ ਦੇਣੇ ਚਾਹੀਦੇ ਹਨ ਤਾਂ ਜੋ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕੀਤੀ ਜਾ ਸਕੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ