ਮਰਕਜ਼ ਵਿੱਚ ਸ਼ਾਮਿਲ ਹੋਣ ਦੇ ਸ਼ੱਕ ਕਾਰਨ ਪਿੰਡ ਦੌਧਰ ਦੇ ਪਰਿਵਾਰ ਨੂੰ ਵੀ ਭੇਜਿਆ ਇਕਾਂਤਵਾਸ ’ਚ

ਅਜੀਤਵਾਲ, 10 ਅਪ੍ਰੈਲ (ਜਸ਼ਨ  ): ਸੀ.ਐਚ.ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਕਿ ਕੋਵਿਡ 19 ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਾਣਯੋਗ ਬਲਵੀਰ ਸਿੰਘ ਸਿੱਧੂ ਸਮੇਤ ਵਿਭਾਗ ਦੇ ਸੀਨੀਅਰ ਅਧਿਕਾਰੀ ਵਾਰ-ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਕੋਰੋਨਾ ਵਾਇਰਸ ਦੇ ਪੀੜਿਤ ਮਰੀਜ਼ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਨਾਲ ਕਿਸੇ ਤੰਦਰੁਸਤ ਵਿਅਕਤੀ ਨੂੰ ਕਿਸੇ ਖਤਰੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਫਿਰ ਵੀ ਕੁੱਝ ਸ਼ਰਾਰਤੀ ਲੋਕ ਇਸ ਮੁਸੀਬਤ ਦੀ ਘੜੀ ਵਿੱਚ ਬੇਬੁਨਿਆਦ ਵਹਿਮ ਪੈਦਾ ਕਰਕੇ ਸਮਾਜਿਕ ਅਤੇ ਪਰਿਵਾਰਿਕ ਸਬੰਧਾਂ ਵਿੱਚ ਦਰਾੜਾਂ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਰੂਰੀ ਹੈ ਕਿ ਸਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰਨ ਵਾਲੇ ਕਰਮਚਾਰੀਆਂ ਜਾਂ ਹੋਰ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਮੁਤਾਬਿਕ ਹੱਥਾਂ ਦੀ ਸਫ਼ਾਈ ਰੱਖਣ ਸਮੇਤ ਮਾਸਕ, ਦਸਤਾਨਿਆਂ ਅਤੇ ਵਿਸ਼ੇਸ ਕਿੱਟਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਮਾਜ ਵਿੱਚ ਚੱਲ ਰਹੀਆਂ ਪ੍ਰੰਪਰਾਵਾਂ, ਜਿਵੇਂ ਰਿਸ਼ਤੇਦਾਰਾਂ ਨੂੰ ਮਿ੍ਰਤਕ ਦਾ ਮੂੰਹ ਦਿਖਾਉਣਾ, ਮਿ੍ਰਤਕ ਦੇ ਸਰੀਰ ਨੂੰ ਛੂਹਣਾ, ਪਾਣੀ ਦਾ ਛਿੜਕਾਅ ਕਰਨਾ ਜਾਂ ਪਾਠ ਆਦਿ ਕਰਨ, ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਤੇ ਵੱਡਾ ਇਕੱਠ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਅਤੇ ਫਾਰਮੇਸੀ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਬਲਾਕ ਢੁੱਡੀਕੇ ਵਿੱਚ ਜਿੰਨ੍ਹੇ ਵੀ ਪਰਿਵਾਰਾਂ ਨੂੰ ਸ਼ੱਕ ਦੇ ਅਧਾਰ ’ਤੇ ਇਕਾਂਤਵਾਸ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ’ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੌਧਰ ਵਿਖੇ ਰਹਿ ਰਹੇ ਇੱਕ ਪਰਿਵਾਰ ਦੇ ਇੱਕ ਮੈਂਬਰ ਦਾ ਦਿੱਲੀ ਵਿਖੇ ਹੋਈ ਮਰਕਜ਼ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਹੈ। ਜਿਸ ਦੇ ਘਰ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਜਾਂਚ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਬੇਸ਼ੱਕ ਇਸ ਪੜਤਾਲ ਵਿੱਚ ਉਨ੍ਹਾਂ ਦੀ ਮਰਕਜ਼ ਵਿੱਚ ਸ਼ਮੂਲੀਅਤ ਦੇ ਕੋਈ ਸਬੂਤ ਨਹੀਂ ਮਿਲੇ ਪਰ ਫਿਰ ਵੀ ਪਰਿਵਾਰ ਨੂੰ 14 ਦਿਨ ਲਈ ਇਕਾਂਤਵਾਸ ਵਿੱਚ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫ਼ਸਰ ਡਾਕਟਰ ਸਾਕਸ਼ੀ ਬਾਂਸਲ, ਡਾਕਟਰ ਸਾਹਿਲ ਮਿੱਤਲ, ਸੀਨੀਅਰ ਫਾਰਮੇਸੀ ਅਫ਼ਸਰ ਚਮਕੌਰ ਸਿੰਘ, ਸੀ.ਐਚ.ਓ. ਰਮਲਦੀਪ ਕੌਰ, ਏ.ਐਨ.ਐਮ. ਨੀਰੂ ਆਂਸਲ, ਸਿਹਤ ਵਰਕਰ ਗੁਰਸੇਵਕ ਸਿੰਘ, ਆਸ਼ਾ ਫੈਸਿਲੀਟੇਟਰ ਸੁਖਵਿੰਦਰ ਕੌਰ, ਆਸ਼ਾ ਵਰਕਰ ਕੁਲਵੰਤ ਕੌਰ, ਪਰਮਿੰਦਰ ਕੌਰ, ਅਮਨਦੀਪ ਕੌਰ ਅਤੇ ਪਰਮਜੀਤ ਕੌਰ ਆਦਿ ਹਾਜ਼ਰ ਸਨ।