ਸਿਵਲ ਸਰਜਨ ਮੋਗਾ ਦੀ ਗੈਰਹਾਜ਼ਰੀ ਅਤੇ ਸਟਾਫ਼ ਨਾਲ ਮਾੜੇ ਵਤੀਰੇ ਕਾਰਨ ਸਟਾਫ਼ ਨੇ ਵਿਧਾਇਕ ਡਾ: ਹਰਜੋਤ ਕਮਲ ਕੋਲ ਕੀਤੀ ਸ਼ਿਕਾਇਤ ,ਵਿਧਾਇਕ ਨੇ ਹਸਪਤਾਲ ਪਹੁੰਚ ਕੇ ਅਮਲੇ ਦਾ ਮਨੋਬਲ ਵਧਾਇਆ

ਮੋਗਾ,9 ਅਪਰੈਲ (ਜਸ਼ਨ): ਕਰੋਨਾ ਖਿਲਾਫ਼ ਡਾਕਟਰਾਂ ਵੱਲੋਂ ਲੜੀ ਜਾ ਰਹੀ ਜੰਗ ਨੂੰ ਉਸ ਸਮੇਂ ਧੱਕਾ ਪਹੁੰਚਿਆ ਜਦੋਂ ਮੋਗਾ ਹਸਪਤਾਲ ਦੇ ਕਈ ਸਟਾਫ਼ ਮੈਂਬਰਾਂ ਨੇ ਸਿਵਲ ਸਰਜਨ ਡਾ: ਅੰਦੇਸ਼ ਖਿਲਾਫ਼ ਵਿਧਾਇਕ ਡਾ: ਹਰਜੋਤ ਕਮਲ ਨੂੰ ਸ਼ਿਕਾਇਤ ਕਰਦਿਆਂ ਆਪਣੀਆਂ ਸੇਵਾਵਾਂ ਦੇਣ ਤੋਂ ਅਸਮਰੱਥਤਾ ਜ਼ਾਹਿਰ ਕੀਤੀ । ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀਆਂ ਵੱਲੋਂ ਸਿਵਲ ਸਰਜਨ ਨੂੰ ਲਿਖੇ ਪੱਤਰ ਮੁਤਾਬਕ ਦਰਜਾ ਤਿੰਨ ਮੁਲਾਜ਼ਮਾਂ ਨੂੰ ਮਾਸਕ ,ਸੈਨੇਟਾਈਜ਼ਰ ,ਪੀ ਪੀ ਈ ਕਿੱਟਾਂ ਅਤੇ ਦਸਤਾਨੇ ਵਗੈਰਾ ਉਪਲੱਬਦ ਨਹੀਂ ਹੋ ਰਹੇ । ਸਟਾਫ਼ ਨੇ ਦੋਸ਼ ਲਾਇਆ ਕਿ ਪਿਛਲੇ 14 ਦਿਨਾਂ ਤੋਂ ਸਿਵਲ ਸਰਜਨ ਦਫਤਰ ਨਹੀਂ ਆ ਰਹੇ ਅਤੇ ਨਾ ਉਹਨਾਂ ਦੀ ਗੱਲ ਸੁਨਣ ਨੂੰ ਤਿਆਰ ਹਨ ।

ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਧਾਇਕ ਡਾ: ਹਰਜੋਤ ਕਮਲ ਤੁਰੰਤ ਸਰਕਾਰੀ ਹਸਪਤਾਲ ਮੋਗਾ ਵਿਖੇ ਪਹੁੰਚੇ ਅਤੇ ਸਟਾਫ਼ ਨਾਲ ਗੱਲਬਾਤ ਕੀਤੀ । ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਿਵਲ ਸਰਜਨ  ਡਾ: ਅੰਦੇਸ਼  ਪਿਛਲੇ ਕਈ ਦਿਨਾਂ ਤੋਂ ਹਸਪਤਾਲ ਨਹੀਂ ਆ ਰਹੀ ਜਦਕਿ ਡਿਪਟੀ ਕਮਿਸ਼ਨਰ ਵੱਲੋਂ ਕਿਸੇ ਵੀ ਵਿਭਾਗੀ ਮੁਖੀ ਨੂੰ ਸਟੇਸ਼ਨ ਨਾ ਛੱਡਣ ਲਈ ਲਿਖਤੀ ਹੁਕਮ ਜਾਰੀ ਕੀਤੇ ਹੋਏ ਹਨ । ਉਹਨਾਂ ਆਖਿਆ ਕਿ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਨੇ ਉਹਨਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਸਿਵਲ ਸਰਜਨ ਦਾ ਵਤੀਰਾ ਉਹਨਾਂ ਨਾਲ ਬੇਹੱਦ ਮਾੜਾ ਹੈ ਅਤੇ ਉਹ ਫੋਨ ’ਤੇ ਧਮਕੀਆਂ ਵੀ ਦਿੰਦੀ ਹੈ । ਡਾ: ਹਰਜੋਤ ਨੇ ਆਖਿਆ ਕਿ ਉਹਨਾਂ ਸਟਾਫ਼ ਨੂੰ ਮਿਲਣ ਤੋਂ ਬਾਅਦ ਇਸ ਸਾਰੇ ਘਟਨਾ ਕ੍ਰਮ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੰੂ ਕਰਵਾ ਦਿੱਤਾ ਹੈ ਜਿਹਨਾਂ ਨੇ ਸਖਤ ਐਕਸ਼ਨ ਲੈਣ ਦਾ ਭਰੋਸਾ ਦਿਵਾਇਆ ਹੈ। ਵਿਧਾਇਕ ਨੇ ਆਖਿਆ ਕਿ ਕੋਈ ਵੀ ਵੱਡੀ ਜੰਗ ਕਮਾਂਡਰ ਤੋਂ ਬਗੈਰ ਨਹੀਂ ਲੜੀ ਜਾਂਦੀ ਇਸ ਕਰਕੇ ਸਿਵਲ ਸਰਜਨ ਨੂੰ ਹਸਪਤਾਲ ਵਿਚ ਰਹਿ ਕੇ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਸਬੰਧਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਇਸ ਸਬੰਧੀ ਗੱਲ ਕਰਨਗੇ।  ਉਹਨਾਂ ਡਾਕਟਰਾਂ ਦਾ ਹੌਂਸਲਾ ਵਧਾਉਂਦਿਆਂ ਆਖਿਆ ਕਿ ਉਹ ਖੁਦ ਡਾਕਟਰ ਹਨ ਤੇ ਜੇ ਲੋੜ ਪਈ ਤਾਂ ਉਹ ਨਿੱਜੀ ਤੌਰ ’ਤੇ ਹਸਪਤਾਲ ਵਿਚ ਡਿਊਟੀ ’ਤੇ ਹਾਜ਼ਰ ਹੋ ਜਾਣਗੇ ਪਰ ਸਟਾਫ਼ ਦਾ ਮਨੋਬਲ ਨਹੀਂ ਡਿੱਗਣ ਦੇਣਗੇ। ਉਪਰੋਕਤ ਖਬਰ ਸਬੰਧੀ ਪੱਖ ਜਾਨਣ ਵਾਸਤੇ ਸਿਵਲ ਸਰਜਨ ਮੋਗਾ ਨੂੰ ਫੋਨ ਕੀਤਾ ਗਿਆ ਪਰ ਉਹਨਾਂ ਫੋਨ ਨਹੀਂ ਚੁੱਕਿਆ। 

                ਜ਼ਿਕਰਯੋਗ ਹੈ ਕਿ ਵਿਧਾਇਕ ਨੇ ਪਿਛਲੇ ਦਿਨੀ ਹਸਪਤਾਲ ਵਿਚ ਚਾਰ ਵੈਂਟੀਲੇਟਰ ਅਤੇ ਚਾਰ ਪੈਰਾਮੌਨੀਟਰ ਸਥਾਪਤ ਕਰਵਾਉਣ ਦੇ ਨਾਲ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਆਈਸੋਲੇਸ਼ਨ ਵਾਰਡ ਬਣਾਉਣ ਉਪਰੰਤ ਰਾਤ 2 ਵਜੇ ਹਸਪਤਾਲ ਦਾ ਅਚਨਚੇਤ ਨਿਰੀਖਣ ਵੀ ਕੀਤਾ ਸੀ ਤਾਂ ਕਿ ਕਰੋਨਾ ਖਿਲਾਫ਼ ਕਿਸੇ ਤਰਾਂ ਦੀ ਢਿੱਲ ਨਾ ਵਰਤੀ ਜਾਵੇ। 
    ਇਸੇ ਦੌਰਾਨ ਸਰਕਾਰੀ ਹਸਪਤਾਲ ਮੋਗਾ ਵਿਖੇ ਤਬਲੀਗੀ ਜਮਾਤ ਨਾਲ ਸਬੰਧਤ 13 ਵਿਅਕਤੀਆਂ ਵਿਚੋਂ ਇਕ ਵਿਅਕਤੀ ਦੀ ਦੁਬਾਰਾ ਸੈਂਪਿਗ ਕਰਵਾਈ ਗਈ ਸੀ ਜਿਸ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ  । ਇਸੇ ਤਰਾਂ ਇਕ ਹੋਰ ਵਿਅਕਤੀ ਜੋ ਮੋਗਾ ਦੇ ਪਿੰਡ ਰਾਮੰੂਵਾਲਾ ਨਾਲ ਸਬੰਧਤ ਹੈ ਦੀ ਰਿਪੋਰਟ ਨੈਗੇਟਿਵ ਆਈ ਹੈ।  ਇੰਜ ਅੱਜ 9 ਅਪਰੈਲ ਤੱਕ ਮੋਗਾ ਵਿਚ ਕੁੱਲ ਚਾਰ ਵਿਅਕਤੀ ਹੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ ਅਤੇ ਇਹਨਾਂ ਚਾਰਾਂ ਵਿਚੋਂ ਕੋਈ ਵੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਨਹੀਂ ਹੈ।******* ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ