ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੂਰੀ ਯੋਜਨਬੰਦੀ ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਆਰੰਭੀ ਮੁਹਿੰਮ

ਨਿਹਾਲ ਸਿੰਘ ਵਾਲਾ,2 ਅਪਰੈਲ (ਜਸ਼ਨ) : ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸੱਤਾਧਾਰੀ ਪਾਰਟੀ ਵੱਲੋਂ ਰੋਜ਼ ਕਮਾ ਕੇ ਖਾਣ ਵਾਲੇ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਵੀ ਰੋਟੀ ਤੋਂ ਮੁਹਤਾਜ਼ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਮੋਰਚਾ ਸੰਭਾਲ ਲਿਆ ਹੈ । ਨਿਹਾਲ ਸਿੰਘ ਵਾਲਾ ਹਲਕੇ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੂਰੀ ਯੋਜਨਾਬੰਦੀ ਨਾਲ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਲਈ ਵੱਡੀ ਟੀਮ ਦਾ ਗਠਨ ਕੀਤਾ ਹੈ । ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਆਖਿਆ ਕਿ ਹਲਕੇ ਦੇ 70 ਪਿੰਡਾਂ ਅਤੇ ਕਸਬਿਆਂ ਲਈ 70 ਨੋਡਲ ਅਫਸਰ ਲਗਾਏ ਗਏ ਹਨ ਅਤੇ 10 ਸਹਾਇਕ ਵੀ ਨਿਯੁਕਤ ਕੀਤੇ ਗਏ ਹਨ । ਉਹਨਾਂ ਆਖਿਆ ਕਿ ਵੱਖ ਵੱਖ ਪਿੰਡਾਂ ਨਾਲ ਸਬੰਧਤ ਇਹ ਵਲੰਟੀਅਰ ਯਕੀਨੀ ਬਣਾਉਣਗੇ ਕਿ ਹਲਕੇ ਦੇ ਕਿਸੇ ਵੀ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਭੁੱਖਾ ਨਾ ਸੌਣਾ ਪਵੇ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉੀ ਪ੍ਰਸ਼ਾਸਨ ਦਾ ਵੀ ਸਾਥ ਦੇਣ ਪਰ ਜਿੱਥੇ ਕਿਤੇ ਵੀ ਉਹਨਾਂ ਕੋਈ ਅਜਿਹਾ ਪਰਿਵਾਰ ਨਜ਼ਰੀਂ ਪੈਂਦਾ ਹੈ ਜਿਸ ਨੂੰ ਰਾਸ਼ਨ ਜਾਂ ਹੋਰ ਵਸਤਾਂ ਦੀ ਲੋੜ ਹੋਵੇ ਤਾਂ ਉਹ ਸਬੰਧਤ ਪਿੰਡ ਦੇ ਵਲੰਟੀਅਰ ਨਾਲ ਸੰਪਰਕ ਕਰਨ ਤਾਂ ਕਿ ਪਰਿਵਾਰ ਦੀ ਲੋੜ ਨੂੰ ਤੁਰੰਤ ਪੂਰਾ ਕੀਤਾ ਜਾ ਸਕੇ।