ਵਿਧਾਇਕ ਡਾ: ਹਰਜੋਤ ਕਮਲ ਨੇ ਸਿੰਘਾਵਾਲਾ ਸਕੂਲ ਦੀ ਨਕਸ਼ ਨੁਹਾਰ ਬਦਲਣ ਵਾਲੇ ਐਨ ਆਰ ਆਈ ਬਲਵੰਤ ਸਿੰਘ ਸਿੰਘਾਵਾਲਾ ਨੂੰ ਕੀਤਾ ਸਨਮਾਨਿਤ ,,,ਆਖਿਆ ‘‘ ਐਨ ਆਰ ਆਈ ਵੀਰ ਸਰਕਾਰੀ ਸਕੂਲਾਂ ਅਤੇ ਡਿਪੈਂਸਰੀਆਂ ਨੂੰ ਆਲ੍ਹਾ ਦਰਜੇ ਦੀਆਂ ਬਣਾਉਣ ਲਈ ਆਪਣਾ ਯੋਗਦਾਨ ਪਾਉਣ ’’

 ਮੋਗਾ,14 ਮਾਰਚ (ਜਸ਼ਨ):   ਪੰਜਾਬ ਦੇ ਸਕੂਲਾਂ ਦੀ ਨਕਸ਼ ਨੁਹਾਰ ਬਦਲਣ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਜਿੱਥੇ ਪੰਜਾਬ ਸਰਕਾਰ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਗਰਾਂਟਾਂ ਜਾਰੀ ਕਰ ਰਹੀ ਹੈ ਉੱਥੇ ਪ੍ਰਵਾਸੀ ਪੰਜਾਬੀ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਸਿੱਖਿਆ ਪੱਖੋਂ ਅੱਗੇ ਲੈ ਜਾਣ ਲਈ ਆਪਣਾ ਯੋਗਦਾਨ ਪਾ ਰਹੇ ਨੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਿੰਘਾਵਾਲਾ ਵਿਖੇ ਐਨ ਆਈ ਬਲਵੰਤ ਸਿੰਘ ਸਿੰਘਾਵਾਲਾ ਸਵਿਟਜ਼ਰਲੈਂਡ ਦੇ ਸਨਮਾਨ ਵਿਚ ਹੋਏ ਸਮਾਗਮ ਦੌਰਾਨ ਕੀਤਾ। ਗੁਰਦੁਆਰਾ ਸਾਹਿਬ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਡਾ: ਹਰਜੋਤ ਨੇ ਆਖਿਆ ਕਿ ਐਨ ਆਈ ਬਲਵੰਤ ਸਿੰਘ ਸਿੰਘਾਵਾਲਾ ਵਰਗੇ ਅਨੇਕਾਂ ਪ੍ਰਵਾਸੀ ਵੀਰ ਭਾਵੇਂ ਕਿਸੇ ਵੀ ਦੇਸ਼ ਵਿਚ ਵੱਸਦੇ ਹੋਣ ਉਹਨਾਂ ਦਾ ਦਿਲ ਪੰਜਾਬ ਦੀ ਮਿੱਟੀ ਲਈ ਧੜਕਦਾ ਹੈ ਇਸ ਕਰਕੇ ਸਦੀਆਂ ਬੀਤਣ ਉਪਰੰਤ ਵੀ ਪੀੜੀ ਦਰ ਪੀੜੀ ਇਹ ਪ੍ਰਵਾਸੀ ਆਪਣੇ ਪੰਜਾਬ ਨੂੰ ਦੇਸ਼ ਦਾ ਉੱਤਮ ਸੂਬਾ ਬਣਾਉਣ ਲਈ ਤਤਪਰ ਰਹੇ ਹਨ। ਉਹਨਾਂ ਐਨ ਆਰੀ ਬਲਵੰਤ ਸਿੰਘ ਸਿੰਘਾਵਾਲਾ ਦੀ ਤਾਰੀਫ਼ ਕਰਦਿਆਂ ਆਖਿਆ ਕਿ ਉਹਨਾਂ ਨੇ ਪਹਿਲਾਂ 7 ਕਮਰੇ ਪੁਆ ਕੇ ਦਿੱਤੇ ਤੇ ਹੁਣ 4 ਨਵੇਂ ਕਮਰੇ ਤਾਮੀਰ ਕਰਵਾ ਰਹੇ ਹਨ ਜਿਹਨਾਂ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਲਈ ਸਾਜ਼ਗਾਰ ਮਾਹੌਲ ਮਿਲੇਗਾ। ਇਸ ਮੌਕੇ ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਯਤਨਾਂ ਵਜੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਮੋਗਾ ਹਲਕੇ ਦੇ ਸਕੂਲਾਂ ਲਈ 8.49 ਕਰੋੜ ਦੀ ਗਰਾਂਟ ਨਾਲ  85 ਪ੍ਰਤੀਸ਼ਤ ਸਮਾਰਟ ਸਕੂਲ ਬਣਾਏ ਜਾ ਚੁੱਕੇ ਹਨ ਅਤੇ 31 ਮਾਰਚ ਤੱਕ ਸਾਰੇ ਸਕੂਲਾਂ ਨੂੰ ਸਮਾਰਟ ਕਰਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਉਹਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਪਾਵਰ ਗਰਿੱਡ ਦੀ ਮੈਨੇਜਮੈਂਟ ਨੂੰ ਪ੍ਰੇਰਿਤ ਕਰਕੇ ਮੇਨ ਬਾਜ਼ਾਰ ਮੋਗਾ ਦੇ ਲੜਕੀਆਂ ਦੇ ਸਕੂਲ ਵਿਚ  1 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ 15 ਕਮਰੇ ਬਣਵਾਏ ਹਨ ਜਦਕਿ ਸਰਕਾਰੀ ਗਰਾਂਟ ਨਾਲ ਸਕੂਲ ਦੇ 7 ਹੋਰ ਕਮਰੇ ਵੀ ਉਸਾਰੇ ਜਾ ਰਹੇ ਹਨ ਜਿਸ ਨਾਲ ਲੜਕੀਆਂ ਦੀ ਪੜ੍ਹਾਈ ਨੂੰ ਹੋਰ ਹੁਲਾਰਾ ਮਿਲੇਗਾ। ਉਹਨਾਂ ਪਿੰਡਾਂ ਦੀ ਦਿਸ਼ਾ ਅਤੇ ਦਸ਼ਾ ਸੁਧਾਰਨ ਲਈ ਐਨ ਆਰ ਆਈ  ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਬਲਵੰਤ ਸਿੰਘ ਸਿੰਘਾਵਾਲਾ ਤੋਂ ਸੇਧ ਲੈ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਪਿੰਡਾਂ ਦੀਆਂ ਡਿਪੈਂਸਰੀਆਂ ਨੂੰ ਆਲ੍ਹਾ ਦਰਜੇ ਦੀਆਂ ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਡਾ: ਹਰਜੋਤ ਕਮਲ ਨੇੇ ਐਨ ਆਰ ਆਈ ਬਲਵੰਤ ਸਿੰਘ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ ,ਸਕੱਤਰ ਮਹਿਲਾ ਕਾਂਗਰਸ ਰਵਿੰਦਰ ਬਜਾਜ,ਸਿੰਘਾਵਾਲਾ ਦੀ ਪੰਚਾਇਤ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਡਾ. ਹਰਜੋਤ ਕਮਲ ਨੇ ਸਿੰਘਾਵਾਲਾ ਸਕੂਲ ‘ਚ ਉਸਾਰੇ ਜਾ ਰਹੇ ਕਮਰਿਆਂ ਦਾ ਨਿਰੀਖਣ ਕੀਤਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ