ਸਮਾਰਟ ਫੋਨ ਪਹਿਲਾਂ ਹੀ ਚੀਨ ਤੋਂ ਆਰਡਰ ਕੀਤੇ ਜਾ ਚੁੱਕੈ,ਕਰੋਨਾ ਵਾਇਰਸ ਕਾਰਨ ਹੋ ਰਹੀ ਹੈ ਦੇਰੀ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 26 ਫਰਵਰੀ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਜਦੋਂ ਹੀ ਚੀਨ ਪੰਜਾਬ ਨੂੰ ਸਮਾਰਟ ਫੋਨ ਭੇਜਣ ਦੇ ਯੋਗ ਹੋ ਜਾਵੇਗਾ ਉਦੋਂ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਸਮਾਰਟ ਫੋਨਾਂ ਦੇ ਪਹਿਲੇ ਸੈੱਟ ਦੀ ਵੰਡ ਕੀਤੀ ਜਾਵੇਗੀ।ਵਿਧਾਨ ਸਭਾ ਦੌਰਾਨ ਰਾਜਪਾਲ ਦੇ ਭਾਸ਼ਣ ਉਤੇ ਬਸਿ ਦੌਰਾਨ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਫੋਨ ਪਹਿਲਾਂ ਹੀ ਚੀਨ ਤੋਂ ਆਰਡਰ ਕੀਤੇ ਜਾ ਚੁੱਕੇ ਹਨ, ਪਰ ਬਦਕਿਸਮਤੀ ਨਾਲ ਕਰੋਨਾ ਵਾਇਰਸ ਕਾਰਨ ਫੋਨ ਭੇਜਣ ਵਿੱਚ ਦੇਰੀ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਮੁੱਦਾ ਕੁਝ ਮੈਂਬਰਾਂ ਵੱਲੋਂ ਉਠਾਇਆ ਗਿਆ ਸੀ ਕਿਉਂਕਿ ਸਮਾਰਟ ਫੋਨ ਦੇਣ ਦਾ ਵਾਅਦਾ ਉਨ੍ਹਾਂ ਦੀ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਸੀ। ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਇਸ ਸਕੀਮ ਨੂੰ ਨੋਟੀਫਾਈ ਕਰ ਦਿੱਤਾ ਸੀ ਅਤੇ ਚੀਨ ਵਿੱਚ ਸਿਹਤ ਸੰਕਟ ਕਾਰਨ ਫੋਨ ਖਰੀਦਣ ਵਿਚ ਦੇਰੀ ਹੋਈ ਅਤੇ ਇਸ ਵਾਇਰਸ ਕਾਰਨ ਚੀਨ ਵਿਚ ਬਾਜ਼ਾਰ ਬੰਦ ਹੋ ਗਏ ਜਿਸ ਦੇ ਨਤੀਜੇ ਵਜੋਂ ਫੋਨ ਦੀ ਖੇਪ ਪ੍ਰਾਪਤ ਨਹੀਂ ਹੋਈ।ਉਨ੍ਹਾਂ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਫੋਨਾਂ ਦੀ ਇਹ ਖੇਪ ਪ੍ਰਾਪਤ ਹੁੰਦੇ ਹੀ ਫੋਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਅਸਲ ਵਿੱਚ ਕਾਂਗਰਸ ਪ੍ਰਧਾਨ ਨੇ ਕਾਂਗਰਸ ਦੀ ਅਗਵਾਈ ਵਾਲੇ ਸਾਰੇ ਸੂਬਿਆਂ ਵਿੱਚ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਮੇਟੀਆਂ ਗਠਿਤ ਕੀਤੀਆਂ ਹਨ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਸਮਾਰਟ ਫੋਨ ਦੇਣ ਦਾ ਵਾਅਦਾ ਨਿਸ਼ਚਤ ਰੂਪ ਵਿੱਚ ਜਲਦ ਹੀ ਪੂਰਾ ਕੀਤਾ ਜਾਵੇਗਾ।