ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਭਾਗੀਕੇ ਦੇ ਮਾਤਾ ਸ਼ਵਿੰਦਰ ਕੌਰ ਨਮਿੱਤ ਹੋਈ ਅੰਤਿਮ ਅਰਦਾਸ ‘ਚ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

Tags: 

ਤਰਨਤਾਰਨ ,16 ਫਰਵਰੀ (ਜਸ਼ਨ): ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੇ ਮਾਤਾ ਸ਼ਵਿੰਦਰ ਕੌਰ ਨਮਿੱਤ ਹੋਈ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਖੁਰਦ ਵਿਖੇ  ਗੁਰਦੁਆਰਾ ਸਾਹਿਬ ਵਿਖੇ ਪਾਏ ਪਾਠਾਂ ਦੇ ਭੋਗ ਉਪਰੰਤ ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ।

ਸ਼ਰਧਾਂਜਲੀ ਸਮਾਗਮ ਦੌਰਾਨ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ , ਜਗਤਾਰ ਸਿੰਘ ਬੁਰਜ ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤਰਨਤਾਰਨ, ਸਾਧੂ ਸਿੰਘ ਝਬਾਲ, ਚੈਅਰਮੈਨ ਬਲਾਕ ਸੰਮਤੀ ਨੌਸ਼ਹਿਰਾ ਪੰਨੂਆ, ਜਸਵਿੰਦਰ ਸਿੰਘ ਕੁੱਸਾ ਡਾਇਰੈਕਟਰ ਸੈਂਟਰਲ ਬੈਂਕ, ਚੈਅਰਮੈਨ ਹਰਨੇਕ ਸਿੰਘ ਰਾਮੂੰਵਾਲਾ, ਪ੍ਰਧਾਨ ਇੰਦਰਜੀਤ ਗਰਗ ਜੋਲੀ, ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ, ਪ੍ਰਧਾਨ ਹਰਨੇਕ ਸਿੰਘ ਬਰਾੜ, ਪ੍ਰਧਾਨ ਰੂਪ ਲਾਲ ਮਿੱਤਲ ਅਤੇ  ਅਜੈਬ ਸਿੰਘ ਬਹੋਨਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਦੇ ਮਾਤਾ ਸ਼ਵਿੰਦਰ ਕੌਰ ਦੇ ਅਚਾਨਕ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਜਾਣਾ ਬੀਬੀ ਭਾਗੀਕੇ ਅਤੇ ਸਮੁੱਚੇ ਪਰਿਵਾਰ ਲਈ ਅਸਹਿ ਅਤੇ ਅਕਿਹ ਹੈ । ਉਹਨਾਂ ਕਿਹਾ ਕਿ ਮਾਤਾ ਸ਼ਵਿੰਦਰ ਕੌਰ ਦੇ ਦਿੱਤੇ ਸੰਸਕਾਰਾਂ ਦੀ ਬਦੌਲਤ ਬੀਬੀ ਰਾਜਵਿੰਦਰ ਕੌਰ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਬਸ਼ਿੰਦਿਆਂ ਦੀ ਸੇਵਾ ਕਰ ਰਹੇ ਹਨ । ਉਹਨਾਂ ਕਿਹਾ ਕਿ ਬੀਬੀ ਰਾਜਵਿੰਦਰ ਕੌਰ ਅਤੇ ਭਾਗੀਕੇ ਪਰਿਵਾਰ ਵੱਲੋਂ ਇਲਾਕੇ ਦੇ ਲੋਕਾਂ ਪ੍ਰਤੀ ਨਿਭਾਈ ਜਾਂਦੀ ਵਚਨਬੱਧਤਾ ਹੀ ਪਰਿਵਾਰ ਦੇ ਵਧੀਆ ਸੰਸਕਾਰਾਂ ਦੀ ਝਲਕ ਹੈ ਜੋ ਮਾਤਾ ਸ਼ਵਿੰਦਰ ਕੌਰ ਦੀ ਸਰਬਗੁਣ ਸੰਪਨ ਸ਼ਖਸੀਅਤ ਸਦਕਾ ਸੰਭਵ ਹੋ ਸਕਿਆ ਹੈ। ਸਮੂਹ ਆਗੂਆਂ ਨੇ ਬੀਬੀ ਭਾਗੀਕੇ ਦੇ ਪੇਕੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ,ਸਰਪੰਚ ਹਰਮੇਲ ਕੌਰ ਰਾਮੂੰਵਾਲਾ ਹਰਚੋਕਾ, ਸਰਪੰਚ ਕੰਚਨ ਕੌਰ ਰਾਮੂਵਾਲਾ ਨਵਾਂ, ਸਰਪੰਚ ਹਰਜੀਤ ਸਿੰਘ, ਰਵੀ ਸ਼ਰਮਾ ਬੱਧਨੀ, ਅਜਮੇਰ ਸਿੰਘ ਭਾਗੀਕੇ, ਕੁਲਵੀਰ ਸਿੰਘ ਰੌਤਾ, ਗੁਰਇਕਬਾਲ ਬੁਰਜ, ਗੁਰਸੇਵਕ ਸਿੰਘ ਜਵਾਹਰ ਸਿੰਘ ਵਾਲਾ, ਗੁਰਮੇਲ ਸਿੰਘ ਰੀਡਰ ਆਦਿ ਤੋਂ ਇਲਾਵਾ ਪਿੰਡ ਸਰਹਾਲੀ ਖੁਰਦ ਦੇ ਮੋਹਤਵਰ ਹਾਜ਼ਰ ਸਨ।