ਮਮਤਾ ਦੀ ਮੂਰਤ ਮਾਤਾ ਸ਼ਵਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 16 ਫਰਵਰੀ ਦਿਨ ਐਤਵਾਰ ਨੂੰ

'ਮਾਂ' ਮਲੂਕ ਜਿਹਾ ਸ਼ਬਦ ਹੈ ਪਰ ਇਸ ਦੀ ਆਗੋਸ਼ ਵਿਚ ਅਜਿਹਾ ਨਿੱਘ ਹੈ ਜੋ ਨਾ ਸਿਰਫ਼ ਜੀਵਨ ਬਖਸ਼ਿਸ਼ ਕਰਦਾ ਹੈ ਬਲਕਿ ਇਕ ਬੀਜ ਵਾਂਗ ਮਨੁੱਖਤਾ ਨੂੰ ਜਨਮ ਦੇਣ ਤੋਂ ਲੈ ਕੇ ਉਸ ਦੇ ਪਾਲਣ ਪੋਸ਼ਣ ਅਤੇ ਗੁਰੂ ਵਜੋਂ ਵਿਚਰਦਿਆਂ ਸਮੁੱਚੀ ਕਾਇਨਾਤ ਨੂੰ ਆਪਣੀ ਬੁਕਲ ਵਿਚ ਸਮੋ ਲੈਂਦਾ ਹੈ 'ਤੇ ਹੱਡਮਾਸ ਦੇ ਇਸ ਪੁਤਲੇ ਦੇ ਚਰਨਾਂ ਨੂੰ ਜਨਤ ਦਾ ਖਿਤਾਬ ਹਾਸਲ ਹੋ ਜਾਂਦਾ ਹੈ । ਅਜਿਹੀ ਸ਼ਖਸੀਅਤ ਦੀ ਮਾਲਕ ਸਨ ਮਾਤਾ ਸ਼ਵਿੰਦਰ ਕੌਰ ਜਿਹਨਾਂ ਨੇ ਆਪਣੇ ਉੱਚੇ ਸੁੱਚੇ ਖਿਆਲਾਂ ਸਦਕਾ ਤਿੰਨਾਂ ਪੀੜ੍ਹੀਆਂ ਨੂੰ ਅਜਿਹਾ ਸੁਖਦ ਅਹਿਸਾਸ ਕਰਵਾਇਆ ਕਿ ਉਹਨਾਂ ਦੇ ਜਾਣ ਨਾਲ ਨਾ ਸਿਰਫ਼ ਪਰਿਵਾਰ ਬਲਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਮਾਤਾ ਸ਼ਵਿੰਦਰ ਕੌਰ ਦੀ ਕਮੀ ਹਮੇਸ਼ਾ ਖਲਦੀ ਰਹੇਗੀ।ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਮਾਤਾ ਸ਼੍ਰੀਮਤੀ ਸ਼ਵਿੰਦਰ ਕੌਰ ਨੇ ਆਪਣੇ ਪਤੀ ਸ. ਮਲੂਕ ਸਿੰਘ ਨਾਲ ਜੀਵਨ ਬਸਰ ਕਰਦਿਆਂ ਪੇਕੇ ਅਤੇ ਸਹੁਰੇ ਪਰਿਵਾਰਾਂ ਦਰਮਿਆਨ ਅਜਿਹਾ ਸੰਤੁਲਨ ਬਣਾਇਆ ਕਿ ਮਾਪਿਆਂ ਨੂੰ ਆਪਣੀ ਧੀ ਅਤੇ ਸਹੁਰੇ ਪਰਿਵਾਰ ਨੂੰ ਧੀਆਂ ਵਰਗੀ ਨੂੰਹ 'ਤੇ ਅੱਜ ਵੀ ਫਖ਼ਰ ਮਹਿਸੂਸ ਹੁੰਦਾ ਹੈ। ਸ਼੍ਰੀਮਤੀ ਸ਼ਵਿੰਦਰ ਕੌਰ ਅਤੇ ਸ. ਮਲੂਕ ਸਿੰਘ ਨੇ ਆਪਣੇ ਜੀਵਨ ਪੰਧ ਦੌਰਾਨ ਆਪਣੇ ਦੋਨਾਂ ਪੁੱਤਰਾਂ ਨੂੰ ਸਿੱਖਿਅਤ ਕਰਕੇ ਸਮਾਜ ਵਿਚ ਸਨਮਾਨਿਤ ਸ਼ਖਸੀਅਤਾਂ ਵਜੋਂ ਵਿਚਰਨ ਦੇ ਕਾਬਲ ਬਣਾਇਆ ਅਤੇ ਆਪਣੀ ਧੀ ਬੀਬੀ ਰਾਜਵਿੰਦਰ ਕੌਰ ਨੂੰ ਅਜਿਹੇ ਪਰਿਵਾਰਕ ਸੰਸਕਾਰ ਦਿੱਤੇ ਜਿਹਨਾਂ ਦੀ ਬਦੌਲਤ ਬੀਬੀ ਰਾਜਵਿੰਦਰ ਕੌਰ ਨੇ ਨਾ ਸਿਰਫ਼ ਭਾਗੀਕੇ ਪਿੰਡ ਵਿਚ ਸਿਆਸੀ ਜੀਵਨ ਵਾਲੇ ਆਪਣੇ ਸਹੁਰੇ ਪਰਿਵਾਰ ਵਿਚ ਆਪਣੀ ਸਿਆਣਪ ਅਤੇ ਦੂਰ ਅੰਦੇਸ਼ੀ ਦਾ ਸਬੂਤ ਦਿੱਤਾ ਬਲਕਿ ਪਿੰਡ ਅਤੇ ਇਲਾਕੇ ਵਿਚ ਉਹ ਲੋਕਾਂ ਦੇ ਦੁੱਖ ਸੁੱਖ ਵਿਚ ਵਿਚਰਦੀ ਲੋਕ ਆਗੂ ਹੋ ਨਿਬੜੀ।  ਬੀਬੀ ਰਾਜਵਿੰਦਰ ਕੌਰ ਦੇ ਸਹੁਰਾ ਜਥੇਦਾਰ ਜ਼ੋਰਾ ਸਿੰਘ ਭਾਗੀਕੇ ਜੋ ਤਿੰਨ ਵਾਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਹੇ ,ਉਹਨਾਂ ਦੀਆਂ ਸਿਆਸੀ ਸਰਗਰਮੀਆਂ ਵਿਚ ਲਗਨ ਨਾਲ ਵਿਚਰਨ ਦੀ ਬਦੌਲਤ ਹੀ ਬੀਬੀ ਭਾਗੀਕੇ ਵੀ ਵਿਧਾਇਕ ਬਣਨ ਵਿਚ ਸਫਲ ਰਹੀ ਪਰ ਮਾਤਾ ਸ਼ਵਿੰਦਰ ਕੌਰ ਵੱਲੋਂ ਲੋਕਾਂ ਪ੍ਰਤੀ ਸਮਰਪਿਤ ਰਹਿਣ ਦੀ ਦਿੱਤੀ ਗੁੜ੍ਹਤੀ ਨੂੰ ਵਿਧਾਇਕ ਰਾਜਵਿੰਦਰ ਕੌਰ ਨੇ ਕਦੇ ਵੀ ਮਨੋਂ ਨਹੀਂ ਵਿਸਾਰਿਆ। ਬੀਤੀ 8 ਫਰਵਰੀ  ਨੂੰ ਮਾਤਾ ਸ਼ਵਿੰਦਰ ਕੌਰ ਅਕਾਲ ਚਲਾਣਾ ਕਰ ਗਏ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠਾਂ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ 16 ਫਰਵਰੀ ਦਿਨ ਐਤਵਾਰ ਨੂੰ ਪਿੰਡ ਸਰਹਾਲੀ ਖੁਰਦ,ਜ਼ਿਲ੍ਹਾ ਤਰਨਤਾਰਨ ਵਿਖੇ ਹੋਵੇਗਾ, ਜਿੱਥੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਮਾਤਾ ਸ਼ਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ ।
ਪੇਸ਼ਕਸ਼: ਤੇਜਿੰਦਰ ਸਿੰਘ ਜਸ਼ਨ