ਜ਼ਿਲ੍ਹਾ ਪ੍ਰਸ਼ਾਸਨ ਵੱਲੋ ਪੰਜਾਬ ਸਰਕਾਰ ਦੀ ਤਰਫੋ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨੂੰ ਭੇਟ ਕੀਤਾ 5 ਲੱਖ ਰੁਪਏ ਦਾ ਚੈੱਕ

ਕੋਟ ਈਸੇ ਖਾਂ (ਮੋਗਾ) 14 ਫਰਵਰੀ:(ਜਸ਼ਨ):ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋਏ ਜ਼ਿਲ੍ਹੇ ਦੇ ਪਿੰਡ ਗਲੋਟੀ ਦੇ ਜਵਾਨ ਸ਼ਹੀਦ  ਜੈਮਲ ਸਿੰਘ ਦੀ ਪਹਿਲੀ ਬਰਸੀ ਪ੍ਰੀਵਾਰ ਅਤੇ ਨਗਰ ਵਾਸੀਆ ਵੱਲੋਂ ਕੋਟ ਈਸੇ ਖਾਂ ਦੇ ਗੁਰਦੁਵਾਰਾ ਕਲਗੀਧਰ ਮਸੀਤਾਂ ਰੋਡ ਵਿਖੇ ਮਨਾਈ ਗਈ।  ਇਸ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ ਚੰਦਰ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਮੇਜਰ ਯਸ਼ਪਾਲ ਸਿੰਘ (ਰਿਟਾ.), ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਸੀ.ਆਰ.ਪੀ.ਐਫ. ਜਲੰਧਰ ਹੈਡ ਕੁਆਟਰ ਤੋਂ ਅਸਿਸਟੈਂਟ ਕਮਾਂਡੈਟ ਅਜੇ ਕੁਮਾਰ ਸ਼ਰਮਾ, ਅਤੇ ਪ੍ਰਸਾਸ਼ਨ ਦੇ ਹੋਰ ਅਹੁੱਦੇਦਾਰ ਹਾਜ਼ਰ ਸਨ।ਇਸ ਮੌਕੇ ਤੇ ਸਹੀਦ ਦੀ ਪਤਨੀ ਸ੍ਰੀਮਤੀ ਸੁਖਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਮਕਾਨ/ਪਲਾਟ ਬਦਲੇ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਵੀਵਾਲ ਵੱਲੋਂ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਮੰਤਰੀ ਮੰਡਲ, ਐਮ.ਐਲ.ਏ. ਅਤੇ ਆਈ.ਏ.ਐਸ. ਅਫਸਰ ਐਸੋਸੀਏਸ਼ਨ ਵੱਲੋਂ ਇੱਕ ਦਿਨ ਦੀ ਤਨਖਾਹ ਚੋਂ ਇਕੱਤਰ ਹੋਈ ਦਾਨ ਰਾਸ਼ੀ 43,750 ਰੁਪਏ ਵੀ ਪ੍ਰੀਵਾਰ ਨੂੰ ਭੇਟ ਕੀਤੀ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋ ਸ਼ਹੀਦ ਜੈਮਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋ ਸਹੀ਼ਦ ਦੇ ਪਰਿਵਾਰ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ 12 ਲੱਖ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ ਅਤੇ ਪੰਜਾਬ ਮੰਤਰੀ ਮੰਡਲ, ਐਮ.ਐਲ.ਏ. ਅਤੇ ਆਈ.ਏ.ਐਸ. ਅਫਸਰ ਐਸੋਸੀਏਸ਼ਨ ਵੱਲੋਂ ਇੱਕ ਦਿਨ ਦੀ ਤਨਖਾਹ ਚੋਂ ਦਿੱਤੀ ਗਈ ਦਾਨ ਰਾਸ਼ੀ ਦੇ ਹੁਣ ਤੱਕ 14,41,144 ਰੁਪਏ ਪ੍ਰੀਵਾਰ ਨੂੰ ਸਪੁੱਰਦ ਕੀਤੇ ਜਾ ਚੁੱਕੇ ਹਨ।  ਇਸ ਤੋਂ ਇਲਾਵਾ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਦਿੱਤੀ ਜਾਣ ਵਾਲੀ ਨੌਕਰੀ ਸ਼ਹੀਦ ਦੀ ਪਤਨੀ ਨੇ ਆਪਣੇ ਪੁੱਤਰ ਗੁਰਪ੍ਰਕਾਸ਼ ਸਿੰਘ ਧਾਲੀਵਾਲ ਲਈ ਰਾਖਵੀਂ ਰਖਵਾ ਲਈ ਹੈ ਜੋ ਕਿ ਉਸ ਦੇ ਅਠਾਰ੍ਹਾਂ ਸਾਲ ਦੀ ਉਮਰ ਪੂਰੀ ਕਰਨ ਤੇ ਦਿੱਤੀ ਜਾਵੇਗੀ॥ਇਸ ਮੌਕੇ ਰਾਜੂ ਸਮਰਾ ,ਚੇਅਰਮੈਨ ਮਾਰਕਿਟ ਕਮੇਟੀ ਸਿਬਾਜ ਸਿੰਘ ਭੋਲਾ, ਸਾਬਕਾ ਪਾਰਲੀਮੈਟ ਮੈਬਰ. ਪ੍ਰੋਫੈਸਰ ਸਾਧੂ ਸਿੰਘ, ਤਹਿਸੀਲਦਾਰ ਮਨਦੀਪ ਸਿੰਘ,  ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕੋਟ ਈਸੇ ਖਾਂ ਸੁਖਵਿੰਦਰ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਮਲੂਕ ਸਿੰਘ ਆਦਿ ਹਾਜ਼ਰ ਸਨ।