ਕੋਰੋਨਾ ਵਾਇਰਸ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਨੇ ਟ੍ਰੈਵਲ ਏਜੰਟਾਂ ਦੀ ਬੁਲਾਈ ਮੀਟਿੰਗ

ਮੋਗਾ,29 ਜਨਵਰੀ(ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਕੋਰੋਨਾ ਵਾਇਰਸ ਦੇ ਸਬੰਧ ਵਿੱਚ ਜ਼ਿਲ੍ਹੇ ਦੇੇ ਟ੍ਰੈਵਲ ਏਜੰਟਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ  ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੀਤਾ ਦਰਸ਼ੀ, ਸਿਵਲ ਸਰਜਨ ਮੋਗਾ ਡਾ. ਹਰਿੰਦਰਪਾਲ ਸਿੰਘ, ਜ਼ਿਲ੍ਹਾ ਕੁਸ਼ਟ ਰੋਗੀ ਅਫ਼ਸਰ ਡਾ. ਜਸਪ੍ਰੀਤ ਕੌਰ, ਐਪੀਡੈਮੀਨੋਲੋਜਿਟ ਡਾ. ਮੁਨੀਸ਼ ਅਰੋੜਾ,ਰਾਈਟ ਵੇਅ ਏਅਰਲਿੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ,ਵੀਜ਼ਾ ਕਲੱਬ ਇੰਮੀਗਰੇਸ਼ਨ ਕਨਸਲਟੈਂਟਸ ਦੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਕੁਮਾਰ ਪਿੰਟੂ ਅਤੇ ਵੀ ਪੀ ਸਿੰਘ ਡਾਇਰੈਕਟਰ ,ਯੂਨੀਵਰਸਲ ਫਸਟ ਚੁਆਇਸ ਦੇ ਐੱਮ ਡੀ ਬਲਦੇਵ ਸਿੰਘ ਵਿਰਦੀ,ਗੋਲਡਨ ਐਜੂਕੇਸ਼ਨ ਦੇ ਐੱਮ ਡੀ ਰਮਨ ਅਰੋੜਾ,ਅਮਿਤ ਪਲਤਾ ਅਤੇ ਨਵਦੀਪ ਗੁਪਤਾ ਤੋ ਇਲਾਵਾ ਜਿਲ੍ਹੇ ਦੇ ਸਮੂਹ ਟ੍ਰੈਵਲ ਏਜੰਟ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਟ੍ਰੈਵਲ ਏਜੰਟਾਂ ਨੂੰ ਸਖਤ ਹਦਾਇਤ ਕੀਤੀ ਕਿ 1 ਜਨਵਰੀ, 2020 ਤੋ ਹੁਣ ਤੱਕ ਚਾਈਨਾ, ਜਪਾਨ ਅਤੇ ਸਾੳ੍ਵਥ ਈਸਟ ਏਸ਼ੀਆ ਤੋ ਆਏ ਮੋਗਾ ਨਾਲ ਸਬੰਧਤ ਵਿਅਕਤੀਆਂ ਦੀ ਸੂਚੀ ਦਫ਼ਤਰ ਨੂੰ ਜਲਦ ਤੋ ਜਲਦ ਮੁਹੱਈਆ ਕਰਵਾਈ ਜਾਵੇ ਤਾਂ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੁਆਰਾ ਇਹ ਵਾਇਰਸ ਸਾਡੇ ਦੇਸ਼ ਵਿੱਚ ਦਾਖਲ ਨਾ ਹੋ ਸਕੇ।  ਉਨ੍ਹਾ ਇਹ ਵੀ ਕਿਹਾ ਕਿ ਇਨ੍ਹਾਂ ਦੇਸ਼ਾਂ ਵਿੱਚ ਜਾਣ ਵਾਲੇ  ਕਿਸੇ ਵੀ ਵਿਅਕਤੀ ਦੀ ਟਿਕਟ ਬੁਕਿੰਗ ਤੇ ਰੋਕ ਲਗਾਈ ਜਾਵੇ। ਉਹਨਾ ਦੱਸਿਆ ਕਿ ਕੋਰੋਨਾ ਇੱਕ ਵਾਇਰਸ ਹੈ ਅਤੇ ਇਹ ਇੱਕ ਪੀੜਤ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਥੁੱਕ ਕਣਾਂ ਰਾਹੀਂ, ਹਵਾ ਰਾਹੀਂ, ਹੱਥ ਮਿਲਾਉਣ ਆਦਿ ਦੁਆਰਾ ਫੈਲਦਾ ਹੈ। ਉਹਨਾ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਆਈਸੋਲੇਟਡ ਵਾਰਡ ਸਥਾਪਿਤ ਕੀਤਾ ਗਿਆ ਹੈੇ ਤਾਂ ਜੋ ਫਲੂ ਦੇ ਸ਼ੱਕੀ ਮਰੀਜਾਂ ਨੂੰ ਉਥੇ ਦਾਖਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਡੀਕਲ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਸੈਂਸੇਟਾਈਜ ਵੀ ਕੀਤਾ ਗਿਆ ਹੈ ਅਤੇ ਹਸਪਤਾਲਾਂ ਵਿੱਚ ਜਰੂਰੀ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਵਾਈਰਸ ਬਾਰੇ ਜਾਣਕਾਰੀ ਜਾਂ ਸਲਾਹ ਪ੍ਰਾਪਤ ਕਰਨ ਲਈ ਮੁਫ਼ਤ ਹੈਲਪਲਾਈਨ ਨੰਬਰ 104 ਤੇ ਸੰਪਰਕ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਵਿੱਚ ਗਲਾ ਖਰਾਬ, ਖਾਂਸੀ,ਬੁਖਾਰ,ਨੱਕ ਵਗਣਾ,ਸਾਹ ਲੈਣ ਵਿੱਚ ਤਕਲੀਫ ਅਤੇ ਨਮੂਨੀਆਂ ਵਰਗੇ ਲੱਛਣ ਹੋ ਸਕਦੇ ਹਨ। ਇਸ ਤੋਂ ਬਚਾਅ ਲਈ ਖਾਂਸੀ ਕਰਦੇ ਅਤੇ ਛਿੱਕਦੇ ਸਮੇਂ ਮੂੰਹ ਅਤੇ ਨੱਕ ਰੁਮਾਲ ਨਾਲ ਢੱਕੋ, ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਨਾ ਜਾਵੋ। ਵੱਧ ਤੋਂ ਵੱਧ ਮਾਤਰਾ ਵਿੱਚ ਪਾਣੀ ਜਾਂ ਹੋਰ ਲਿਕੁਇਡ ਲਵੋ। ਉਹਨਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਤੋਂ ਡਰਨ ਦੀ ਬਜਾਏ, ਜਰੂਰੀ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ। ਜੇਕਰ ਕੋਈ ਵੀ ਵਿਅਕਤੀ ਕਿਸੇ ਬਾਹਰਲੇ ਦੇਸ਼ ਤੋਂ ਆਇਆ ਹੋਵੇ,ਜਿਸ ਨੂੰ ਅਜਿਹੇ ਫਲੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾਂਚ ਲਈ ਭੇਜਿਆ ਜਾਵੇ।