ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਟਿੱਡੀ ਦਲ ਦੇ ਹਮਲੇ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਅਪੀਲ

ਚੰਡੀਗੜ੍ਹ, 28 ਜਨਵਰੀ: ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਪੰਜਾਬ ਦੇ ਗੁਆਂਢੀ ਇਲਾਕਿਆਂ ਵਿੱਚ ਟਿੱਡੀ ਦਲ ਵੱਲੋਂ ਫਸਲਾਂ 'ਤੇ ਕੀਤੇ ਹਮਲੇ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨ ਸਰਕਾਰ ਕੋਲ ਟਿੱਡੀ ਦਲ ਦਾ ਮੁੱਦਾ ਤੁਰੰਤ ਉਠਾਉਣ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਕਿਉਂ ਜੋ ਇਹ ਦਲ ਗੁਆਂਢੀ ਮੁਲਕ ਤੋਂ ਉਤਪੰਨ ਹੋ ਰਿਹਾ ਹੈ।ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ 'ਚ ਰਾਜਸਥਾਨ ਵਿੱਚ ਫਸਲਾਂ ਉੱਤੇ ਟਿੱਡੀ ਦਲ ਦਾ ਲਗਾਤਾਰ ਹਮਲਾ ਹੋਇਆ ਹੈ। ਇਸ ਟਿੱਡੀ ਦਲ ਦੀ ਕਾਫੀ ਗਿਣਤੀ ਦੱਖਣੀ ਪੰਜਾਬ ਦੇ ਨੇੜਲੇ ਇਲਾਕਿਆਂ ਵਿਚ ਵੀ ਦਾਖਲ ਹੋ ਗਈ ਹੈ।ਉਨ੍ਹਾਂ ਨੇ ਲਿਖਿਆ, '' ਹਾਲਾਂਕਿ, ਰਾਜਸਥਾਨ ਇਸ ਟਿੱਡੀ ਦਲ ਦੇ ਹਮਲੇ 'ਤੇ ਕਾਬੂ ਪਾਉਣ ਲਈ ਲੋੜੀਂਦੀ ਕਾਰਵਾਈ ਕਰ ਰਿਹਾ ਹੈ। ਇਸ ਦੇ ਕੰਟਰੋਲ ਦਾ ਸਭ ਤੋਂ ਵਧੀਆ ਤਰੀਕਾ ਇਸ ਦੇ ਪ੍ਰਜਨਨ ਖੇਤਰ ਦਾ ਢੁਕਵਾਂ ਬੰਦੋਬਸਤ ਕਰਨਾ ਹੈ, ਜੋ ਇਤਫਾਕਵਸ ਪਾਕਿਸਤਾਨ ਦੇ ਨਾਲ ਲਗਦੇ ਮਾਰੂਥਲ ਖੇਤਰ ਵਿੱਚ ਪੈਂਦਾ ਹੈ।''ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਸਿੱਧੇ ਤੌਰ 'ਤੇ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਟਿੱਡੀ ਦਲ ਦੇ ਪ੍ਰਜਨਨ ਖੇਤਰਾਂ ਨੂੰ ਸਾਫ-ਸੁਥਰਾ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਵੀ ਜ਼ੋਰ ਦਿੱਤਾ।ਮੁੱਖ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫ.ਏ.ਓ.) ਜੋ ਕਿ ਆਲਮੀ ਪੱਧਰ 'ਤੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕੰਮ ਕਰਦੀ ਹੈ, ਨੂੰ ਵੀ ਟਿੱਡੀ ਦਲ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਲਈ ਪਾਕਿਸਤਾਨ ਵਿੱਚ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਕਿਹਾ ਜਾ ਸਕਦਾ ਹੈ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਫਸਲਾਂ ਦੀ ਤਬਾਹੀ ਕਰਨ ਵਾਲਾ ਇਹ ਖਤਰਨਾਕ ਦਲ ਪੈਦਾ ਹੀ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਇਸ ਮਹਾਂਮਾਰੀ ਦੇ ਫੈਲਾਅ 'ਤੇ ਕਾਬੂ ਪਾਉਣ ਸਬੰਧੀ ਕੀਟਨਾਸ਼ਕਾਂ ਦੇ ਛਿੜਕਾਅ ਲਈ ਆਧੁਨਿਕ ਤਕਨਾਲੋਜੀ, ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਟਿੱਡੀ ਨਿਯੰਤਰਣ ਵਿਧੀ ਨੂੰ ਆਪਣਾਉਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਅੱਗੇ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਨੂੰ ਐਫ.ਏ.ਓ. ਨਾਲ ਤਾਲਮੇਲ ਕਰਨਾ ਚਾਹੀਦਾ ਹੈ ਤਾਂ ਜੋ ਪ੍ਰਜਨਨ ਖੇਤਰਾਂ ਨੂੰ ਸਾਫ-ਸੁਥਰਾ ਬਣਾਇਆ ਜਾਵੇ ਅਤੇ ਨਿਯੰਤਰਣ ਅਧੀਨ ਲਿਆਂਦਾ ਜਾਵੇ।ਕੈਪਟਨ ਅਮਰਿੰਦਰ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਟਿੱਡੀ ਦਲ ਦੇ ਹਮਲਿਆਂ ਨੂੰ ਨਾ ਰੋਕਿਆ ਗਿਆ ਤਾਂ ਭਾਰਤ ਖਾਸ ਤੌਰ 'ਤੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਸੂਬਿਆਂ ਦੇ ਖੇਤੀਬਾੜੀ ਉਤਪਾਦਨ 'ਤੇ ਗੰਭੀਰ ਅਸਰ ਪੈ ਸਕਦਾ ਹੈ×  ਜਿਸ ਨਾਲ ਵਸਤਾਂ ਦੀਆਂ ਕੀਮਤਾਂ ਅਤੇ ਭੋਜਨ ਸੁਰੱਖਿਆ ਵੀ ਪ੍ਰਭਾਵਿਤ ਹੋਵੇਗੀ।ਕਾਬਲੇਗੌਰ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ, ਖੇਤੀਬਾੜੀ ਵਿਭਾਗ ਨੇ ਪਹਿਲਾਂ ਹੀ ਦੱਖਣੀ ਪੰਜਾਬ ਦੇ ਪ੍ਰਭਾਵਿਤ ਹਿੱਸਿਆਂ ਵਿੱਚ ਵਿਸ਼ੇਸ਼ ਨਿਗਰਾਨੀ ਅਤੇ ਸਰਵੇਖਣ ਵਾਸਤੇ ਕਈ ਟੀਮਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਤਾਇਨਾਤ ਕੀਤਾ ਹੈ। ਇਹ ਟੀਮਾਂ ਰਾਜਸਥਾਨ ਦੀ ਸਰਹੱਦ ਦੇ ਆਸ ਪਾਸ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦਾ ਨਿਰੰਤਰ ਸਰਵੇਖਣ ਕਰ ਰਹੀਆਂ ਹਨ।ਇਸ ਤੋਂ ਇਲਾਵਾ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਅਤੇ ਟਿੱਡੀ ਦਲ ਤੋਂ ਪੈਦਾ ਹੋਈ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਬਹੁ-ਪੱਖੀ ਰਣਨੀਤੀ ਤਿਆਰ ਕਰਨ ਵਾਸਤੇ ਅਬੋਹਰ ਅਤੇ ਆਸ ਪਾਸ ਦੇ ਇਲਾਕਿਆਂ ਦਾ ਵੀ ਵਿਆਪਕ ਦੌਰਾ ਕਰ ਰਹੇ ਹਨ।