ਕੈਬਨਿਟ ਮੰਤਰੀ ਸ੍ਰ. ਗੁਰਪ੍ਰੀਤ ਸਿੰਘ ਕਾਂਗੜ ਅਤੇ ਡੀ ਸੀ ਸੰਦੀਪ ਹੰਸ ਨੇ ਸੜਕੀ ਹਾਦਸਿਆਂ ਦੇ ਅੰਕੜਿਆਂ ਅਤੇ ਬਲੈਕ ਸਪੌਟਸ ਰਿਪੋਰਟ ਦੀ ਕਿਤਾਬ ਕੀਤੀ ਜਾਰੀ

ਮੋਗਾ 27 ਜਨਵਰੀ:(ਜਸ਼ਨ): ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ, ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੁਆਰਾ ਹਾਦਸੇ ਦੇ ਅੰਕੜਿਆਂ ਅਤੇ ਬਲੈਕ ਸਪੌਟਸ ਤੇ ਵਿਸਥਾਰਪੂਰਵਕ ਰਿਪੋਰਟ ਦੀ ਕਿਤਾਬ ਜਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਸੀਨੀਅਰ ਕਪਤਾਨ ਪੁਲਿਸ ਅਮਰਜੀਤ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਵਿਨੋਦ ਬਾਂਸਲ, ਕਪਤਾਨ ਪੁਲਿਸ ਰਤਨ ਸਿੰਘ ਬਰਾੜ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਕਿਤਾਬ ਜੋ ਕਿ ਪੰਜਾਬ ਸਰਕਾਰ ਵੱਲੋਂ ਇੱਕ ਉਪਰਾਲੇ ਵਜੋਂ ਪੰਜਾਬ ਵਿਜ਼ਨ ਜ਼ੀਰੋ ਤਹਿਤ ਤਿਆਰ ਕੀਤੀ ਗਈ ਹੈ ਜੋ ਕਿ ਰਾਜ ਵਿੱਚ ਸੜਕ ਦੁਰਘਟਨਾਵਾਂ ਦੇ ਗਰਾਫ ਨੂੰ ਹੇਠਾਂ ਲਿਆਉਣ ਦਾ ਤੰਦਰੁਸਤ ਪੰਜਾਬ ਅਧੀਨ ਇੱਕ ਉਪਰਾਲਾ ਹੈ। ਇਹ ਰਿਪੋਰਟ ਸੜਕ ਸੁਰੱਖਿਆ ਇੰਜੀਨੀਅਰ ਓਮ ਪ੍ਰਕਾਸ਼ ਵੱਲੋ ਬਣਾਈ ਗਈ ਹੈ। ਇਹ ਪੰਜਾਬ ਵਿਜ਼ਨ ਜ਼ੀਰੋ ਪ੍ਰੋਗਰਾਮ ਟ੍ਰੈਫਿਕ ਸਲਾਹਕਾਰ ਡਾ: ਨਵਦੀਪ ਅਸੀਜਾ ਅਤੇ ਪੰਜਾਬ ਵਿਜ਼ਨ ਜ਼ੀਰੋ ਦੇ ਪ੍ਰੋਜੈਕਟ ਮੈਨੇਜਰ ਅਰਬਾਬ ਅਹਿਮਦ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਡਿਪਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੋਗਾ ਵਿੱਚ ਸੜਕ ਸੁਰੱਖਿਆ ‘ਤੇ ਕਾਫ਼ੀ ਕੰਮ ਹੋਣ ਕਰਕੇ ਜ਼ਿਲ੍ਹੇ ਦੀਆਂ ਸੜਕੀ ਦੁਰਘਟਨਾਵਾਂ ਘੱਟ ਵਾਪਰੀਆਂ ਹਨ। ਉਨ੍ਹਾਂ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਕਰੀਬ ਅਧਿਐਨ ਮੁਤਾਬਿਕ  ਜੇਕਰ ਅਸੀ ਮਹੀਨਾ ਦਰ ਮਹੀਨਾ ਦੀ ਗੱਲ ਕਰੀਏ ਤਾਂ ਸਭ ਤੋ ਜਿਆਦਾ ਸੜਕੀ ਦੁਰਘਟਨਾਵਾਂ ਜਨਵਰੀ, ਮਾਰਚ ਅਤੇ ਅਕਤੂਬਰ ਵਿੱਚ ਵਾਪਰੀਆਂ ਅਤੇ ਸਭ ਤੋ ਵੱਧ ਸੜਕੀ ਦੁਰਘਟਨਾਵਾਂ ਸਮੇ ਅਨੁਸਾਰ ਮੋਗਾ ਜ਼ਿਲ੍ਹੇ ਵਿੱਚ 12 ਤੋਂ 3 ਅਤੇ 6 ਤੋਂ 9 ਵਜੇ ਦੇ ਵਿਚਕਾਰ ਹੋ ਰਹੀਆਂ ਹਨ। ਜੇਕਰ ਦਿਨਾਂ ਦੇ ਅਨੁਸਾਰ ਗੱਲ ਕਰੀਏ ਤਾਂ ਸ਼ੁੱਕਰਵਾਰ ਸ਼ਨੀਵਾਰ ਅਤੇ ਬੁੱਧਵਾਰ ਨੂੰ ਸੜਕੀ ਦੁਰਘਟਨਾਵਾਂ ਜਿਆਦਾ ਹੁੰਦੀਆਂ ਹਨ। ਪੁਲਿਸ ਸਟੇਸ਼ਨ ਦੇ ਅਨੁਸਾਰ ਗੱਲ ਕਰੀਏ ਤਾਂ ਬਾਘਾਪੁਰਾਣਾ ਧਰਮਕੋਟ ਸਿਟੀ ਮੋਗਾ ਅਤੇ ਕੋਟ ਈਸੇ ਖਾਂ ਦੇ ਖੇਤਰ ਵਿੱਚ ਜਿਆਦਾ ਸੜਕੀ ਹਾਦਸ਼ੇ ਵਾਪਰਦੇ  ਹਨ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ 9 ਬਲੈਕ ਸਪੋਟ ਹਨ ਇਨ੍ਹਾਂ ਨੌ ਬਲੈਕ ਸਪੋਟਾਂ ਤੇ ਸਾਲ 2016,17,18 ਵਿੱਚ ਸੜਕੀ ਦੁਰਘਟਨਾਵਾਂ ਨਾਲ 53 ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆ ਦਿੱਤੀਆਂ ਹਨ। ਜ਼ਿਲ੍ਹਾ ਮੋਗਾ ਵਿੱਚ ਸਭ ਤੋ ਵੱਧ ਦੋ ਪਹੀਆ ਵਾਹਨ ਚਲਾਉਣ ਵਾਲੇ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾ ਨੇ ਆਪਣੀਆਂ ਕੀਮਤੀ ਜਾਨਾਂ ਗੁਆਈਆਂ ਹਨ ਕਿਉਕਿ ਦੋ ਪਹੀਆ ਵਾਹਨ ਚਲਾਉਣ ਵਾਲੇ ਹੈਲਮਟ ਨਹੀ ਪਾਉਂਦੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੋ ਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਜ਼ਰੂਰ ਪਾਉਣ । ਉਨ੍ਹਾਂ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਦੋ ਪਹੀਆ ਵਾਹਨ ਬਿਨ੍ਹਾਂ ਹੈਲਮਟ ਦੇ ਚਲਾਉਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।