ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਦਾ ਵੱਡਾ ਬਿਆਨ,ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਸ਼ੋ੍ਰਮਣੀ ਅਕਾਲੀ ਦਲ ਵਿਚ ਕੋਈ ਨਹੀਂ ਪੁੱਛਦਾ

ਮੋਗਾ,25 ਜਨਵਰੀ (ਨਵਦੀਪ ਮਹੇਸ਼ਰੀ): ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਮੋਗਾ ਲਾਗਲੇ ਗੁਰਦੁਆਰਾ ਤੰਬੂਮਾਲ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਵਿਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਅਤੇ ਇਕ ਆਗੂ ਹੀ ਤਾਨਾਸ਼ਾਹ ਵਾਂਗ ਵਿਚਰ ਰਿਹਾ ਹੈ ਅਤੇ ਪਾਰਟੀ ਦੇ ਸਾਰੇ ਫੈਸਲੇ ਪਾਰਟੀ ਵਰਕਰਾਂ ਦੇ ਮਸ਼ਵਰੇ ਤੋਂ ਬਗੈਰ ਹੀ ਕੀਤੇ ਜਾਂਦੇ ਹਨ । ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਕੁਝ ਵਿਅਕਤੀ ਨਿੱਜੀ ਸਵਾਰਥਾਂ ਨਾਲ ਬੱਝੇ ਹੋਏ ਹਨ । ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਵਿਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਪਾਰਟੀ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਹੈ । ਉਹਨਾਂ ਆਖਿਆ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ ਪਰ ਟਕਸਾਲੀ ਆਗੂਆਂ ਨਾਲ ਏਕਤਾ ਦੀ ਗੱਲ ਜ਼ਰੂਰ ਚੱਲ ਰਹੀ ਹੈ। ਢੀਂਡਸਾ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੁਰਉਪਯੋਗ ਕਰ ਰਿਹਾ ਹੈ। ਸ. ਢੀਂਡਸਾ ਨੇ ਰੈਲੀ ਵਿਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੁਰਬਾਨੀਆਂ ਭਰੇ  ਇਤਿਹਾਸ ‘ਚੋਂ ਉਭਰੇ ਸ਼ੋ੍ਰਮਣੀ ਅਕਾਲੀ ਦਲ ਨੂੰ ਬਚਾਉਣ ਲਈ ਅੱਗੇ ਆਉਣ ਤਾਂ ਕਿ 1920 ਵਿਚ ਜਿਸ ਮੰਤਵ ਨਾਲ ਸ਼ੋ੍ਰਮਣੀ ਅਕਾਲੀ ਦਲ ਹੋਂਦ ਵਿਚ ਆਇਆ ਸੀ ਉਸੇ ਭਾਵਨਾ ਨਾਲ ਇਸ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।  ਇਸ ਮੌਕੇ ਪੱਤਰਕਾਰਾਂ ਵੱਲੋਂ ਦਿੱਲੀ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਬੀ ਜੇ ਪੀ ਦੇ ਗਠਬੰਧਨ ਸਬੰਧੀ ਪੁੱਛੇ ਗਏ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ. ਢੀਂਡਸਾ ਨੇ ਆਖਿਆ ਕਿ ਉਹ ਇਸ ਸਬੰਧੀ ਤਾਂ ਅਕਾਲੀ ਦਲ ਜਾਂ ਬੀ ਜੇ ਪੀ ਵਾਲੇ ਹੀ ਬਿਹਤਰ ਦੱਸ ਸਕਦੇ ਹਨ । ਉਹਨਾਂ ਬਹਿਬਲ ਕਲਾਂ ਗੋਲੀਕਾਂਡ ਸਬੰਧੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਸ ਕੇਸ ਦੀ ਜਾਂਚ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਵੱਲੋਂ ਕੀਤੀ ਜਾਣੀ  ਚਾਹੀਦੀ ਹੈ ਤਾਂ ਕਿ ਸਚਾਈ ਸਾਹਮਣੇ ਆ ਸਕੇ।