ਡਾ. ਦਵਿੰਦਰ ਬੋਹਾ ਦੀ ਪੁਸਤਕ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ' ਲੋਕ ਅਰਪਣ,ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕੀਤੀ ਕਿਤਾਬ ਦੀ ਘੁੰਡ-ਚੁਕਾਈ

ਐੱਸ.ਏ.ਐੱਸ.ਨਗਰ 24 ਜਨਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਡਾ. ਦਵਿੰਦਰ ਬੋਹਾ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ| ਇਸ ਤੋਂ ਪਹਿਲਾਂ ਡਾ. ਬੋਹਾ ਆਪਣੀਆਂ ਪੰਜ ਸਾਹਿਤਕ ਰਚਨਾਵਾਂ 'ਬ੍ਰਹਮਪੁੱਤਰ ਦੇ ਅੰਗ-ਸੰਗ ਵਿਚਰਦਿਆਂ' , 'ਪਾਸ਼-ਜਿੱਥੇ ਕਵਿਤਾ ਖ਼ਤਮ ਨਹੀਂ ਹੁੰਦੀ' , 'ਹਰਭਜਨ ਹਲਵਾਰਵੀ ਦੀ ਕਾਵਿ -ਸੰਵੇਦਨਾ' , 'ਦਰਸ਼ਨ ਮਿਤਵਾ ਦੀ ਗਲਪ -ਸੰਵੇਦਨਾ', 'ਜਤਿੰਦਰ ਹਾਂਸ ਦੀ ਕਾਵਿ-ਸੰਵੇਦਨਾ' ਸਾਹਿਤ ਦੀ ਝੋਲੀ ਪਾ ਚੁੱਕੇ ਹਨ| ਹੁਣ ਉਹਨਾਂ ਨੇ ਆਪਣੀ ਛੇਵੀਂ ਸਾਹਿਤਕ ਰਚਨਾ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ' ਪਾਠਕਾਂ ਦੀ ਝੋਲੀ ਹੈ| ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਅਧਿਆਪਕਾਂ ਦੀ ਸਿਰਜਣਾਤਮਿਕ ਮਿਲਣੀ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਡਾ. ਦਵਿੰਦਰ ਬੋਹਾ ਦੀ ਛੇਵੀਂ ਰਚਨਾ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ-ਦ੍ਰਿਸ਼ਟੀਆਂ' ਨੂੰ ਆਪਣੇ ਕਰ-ਕਮਲਾਂ ਨਾਲ਼ ਲੋਕ ਅਰਪਣ ਕੀਤਾ ਗਿਆ| ਡਾ. ਦਵਿੰਦਰ ਬੋਹਾ ਦੇ ਹੱਥਲੀ ਪੁਸਤਕ ਵਿੱਚ ਉਹਨਾਂ ਨੇ ਆਧੁਨਿਕ ਕਵੀਆਂ ਅਮਰਜੀਤ ਚੰਦਨ, ਅਮਰਜੀਤ ਕਾਉਂਕੇ, ਈਸ਼ਵਰ ਦਿਆਲ ਗੌਡ, ਸੁਖਪਾਲ, ਸੁਖਿੰਦਰ, ਹਰਭਜਨ ਹੁੰਦਲ, ਦਰਸ਼ਨ ਬੁੱਟਰ, ਧਰਮ ਕੰਮੇਆਣਾ, ਬਲਵੀਰ ਪਰਵਾਨਾ, ਬਲਵਿੰਦਰ ਸੰਧੂ, ਮਦਨ ਵੀਰਾ, ਮਨਮੋਹਨ ਅਤੇ ਮੋਹਨਜੀਤ ਦੀਆਂ ਕਾਵਿਮਈ ਰਚਨਾਵਾਂ ਨੂੰ ਆਲੋਚਨਾ ਪੱਖੋਂ ਆਪਣੇ ਖਿਆਲਾਂ ਦੀਆਂ ਵਲਗਣਾਂ 'ਚੋਂ ਬੜੀ ਬਾਰੀਕੀ ਨਾਲ਼ ਫੜਿਆ ਹੈ|ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਨੇ ਕਿਹਾ ਕਿ ਡਾ. ਦਵਿੰਦਰ ਬੋਹਾ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਹਨ ਜੋ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਆਪਣੀ ਵਡਮੁੱਲੀ ਭੂਮਿਕਾ ਨਿਭਾ ਰਹੇ ਹਨ| ਉਹਨਾਂ ਕਿਹਾ ਕਿ ਗੁਣਾਤਮਿਕ ਸਿੱਖਿਆ ਦੇ ਪ੍ਰੋਗਰਾਮ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਸਦਕਾ ਸਰਕਾਰੀ ਸਕੂਲਾਂ ਦੀ ਸਿੱਖਿਆ ਬੁਲੰਦੀਆਂ ਵੱਲ ਲੈ ਕੇ ਜਾਣ ਵਿੱਚ ਡਾ. ਬੋਹਾ ਦਾ ਵਿਸ਼ੇਸ਼ ਅਤੇ ਮਹੱਵਪੂਰਨ ਭੂਮਿਕਾ ਹੈ| ਅਧਿਆਪਕ ਸਾਹਿਤਕਾਰ ਹਰਵਿੰਦਰ ਭੰਡਾਲ ਨੇ ਸਾਹਿਤਕ ਸਫ਼ਰ ਬਾਰੇ ਕਿਹਾ ਕਿ ਵਿਸ਼ੇ ਦੀ ਗੰਭੀਰਤਾ, ਤੀਖਣਤਾ , ਚਿੰਤਨ ਅਤੇ ਚਿੰਤਾ ਉਹਨਾਂ ਦੀ ਹਰ ਰਚਨਾ ਨੂੰ ਵਿਲੱਖਣ ਸਾਹਿਤਕ ਪਛਾਣ ਦਿੰਦੇ ਹਨ| ਉਹਨਾਂ ਦੀ ਹਰ ਲਿਖਤ ਵਿੱਚ ਉਹਨਾਂ ਨੇ ਵਿਸ਼ੇ ਨੂੰ ਰੂਹ ਤੋਂ ਪਹਿਚਾਨਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ| ਸਤਪਾਲ ਭੀਖੀ ਨੇ ਪੁਸਤਕ ਨੂੰ ਸਾਹਿਤਕ ਪੱਖੋਂ ਨਿਪੁੰਨ ਕਰਾਰ ਦਿੰਦਿਆਂ ਹਰ ਪਾਠਕ ਨੂੰ ਇਹ ਪੁਸਤਕ ਪੜ੍ਹਨ ਦੀ ਸਲਾਹ ਦਿੱਤੀ ਹੈ|  ਪੰਜਾਬੀ ਕਵਿਤਾ ਰਾਹੀਂ ਅਜੋਕੇ ਸਮਾਜ ਦੀ ਤਸਵੀਰ ਨੂੰ ਆਲੋਚਨਾ ਦੇ ਹਰ ਪੱਖ ਤੋਂ ਛੂਹ ਕੇ ਨਿਪੁੰਨਤਾ ਨਾਲ਼ ਬਿਆਨਿਆ ਹੈ|  ਮਨਜੀਤ ਪੁਰੀ ਦਾ ਕਹਿਣਾ ਹੈ ਕਿ ਇਸ ਪੁਸਤਕ ਵਿੱਚ ਡਾ. ਬੋਹਾ ਨੇ ਸਮਕਾਲੀ ਪੰਜਾਬੀ ਕਵਿਤਾ ਦਾ ਅੰਤਰ ਝਾਤ ਰਾਹੀਂ ਵਿਭਿੰਨ ਪੱਖੋਂ ਅਵਲੋਕਨ ਕੀਤਾ ਹੈ| ਉਹਨਾਂ ਨੇ ਵੱਖ-ਵੱਖ ਕਵੀਆਂ ਦੀਆਂ ਕਾਵਿਮਈ ਪੇਸ਼ਕਾਰੀਆਂ ਰਾਹੀਂ ਜੀਵਨ ਦੇ ਵੱਖ-ਵੱਖ ਰੰਗਾਂ, ਚੰਗੇ-ਮਾੜੇ ਪ੍ਰਭਾਵਾਂ, ਅਜੋਕੇ ਸਮਾਜ ਦੀ ਅਸਲ ਤਸਵੀਰ ਨੂੰ ਨਿਰਪੱਖ ਅੱਖਾਂ ਨਾਲ਼ ਦੇਖਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ|ਹੱਥਲੀ ਪੁਸਤਕ ਬਾਰੇ ਸਾਹਿਤਕਾਰ ਅਧਿਆਪਕ ਮਦਨ ਵੀਰਾ ਦਾ ਕਹਿਣਾ ਹੈ ਕਿ ਡਾ. ਬੋਹਾ ਨੇ ਅਜੋਕੇ ਸਮੇਂ ਵਿੱਚ ਮਨੁੱਖੀ ਜੀਵਨ 'ਤੇ ਭਾਰੂ ਹੋ ਰਹੀਆਂ ਅਣ-ਮਨੁੱਖੀ ਪ੍ਰਵਿਰਤੀਆਂ , ਮਨੁੱਖ ਅੰਦਰ ਘੱਟ ਰਹੀ ਮਾਨਵੀ ਸੰਵੇਦਨਾ , ਰਿਸ਼ਤਿਆਂ ਵਿੱਚ ਸਾਂਝ ਘਟਣ ਕਰਕੇ ਆ ਰਹੀਆਂ ਤ੍ਰੇੜਾਂ ਨੂੰ ਆਪਣੀ ਨਿਪੁੰਨ ਸ਼ਬਦਾਵਲੀ ਨਾਲ਼ ਬਾਖ਼ੂਬੀ ਬਿਆਨ ਕੀਤਾ ਹੈ|ਸਾਹਿਤਕਾਰ ਸ਼ਮਸ਼ੇਰ ਮੋਹੀ ਅਨੁਸਾਰ ਡਾ. ਬੋਹਾ ਨੇ ਆਪਣੀ ਲਿਖਤ ਰਾਹੀਂ ਅਮਰਜੀਤ ਚੰਦਨ ਦੀ ਲੋਕ ਹਿੱਤਾਂ ਤੋਂ ਪ੍ਰੇਰੀ ਸ਼ਾਇਰੀ ਨੂੰ ਧੁਰ ਅੰਦਰੋਂ ਘੋਖ ਕੇ ਸਮਾਜ ਅੰਦਰ ਜਾਤੀ/ਜਮਾਤੀ ਵਖਰੇਵਿਆਂ ਅਤੇ ਅਸਾਵੀਂ ਵੰਡ ਦੀ ਕੀਤੀ ਬਾਕਮਾਲ ਪੇਸ਼ਕਾਰੀ ਨੂੰ ਸਲਾਹਿਆ ਹੈ| ਅਜੈਬ ਟਿਵਾਣਾ ਦਾ ਕਹਿਣਾ ਹੈ ਕਿ ਡਾ. ਬੋਹਾ ਨੇ ਇਸ ਪੁਸਤਕ ਰਾਹੀਂ ਅਜੋਕੇ ਸਮਾਜ ਨੂੰ ਸੱਭਿਆਚਾਰਕ ਕਦਰਾਂ-ਕੀਮਤਾਂ 'ਤੇ ਭਾਰੂ ਹੋ ਰਹੇ ਪੱਛਮੀਕਰਨ ਦੀ ਸਾਫ਼ ਤਸਵੀਰ ਵਿਖਾ ਕੇ ਮਨੁੱਖ ਨੂੰ ਇਹਨਾਂ ਮਾਰੂ ਪ੍ਰਵਿਰਤੀਆਂ ਤੋਂ ਬਚਣ ਲਈ ਹਲੂਣਦਿਆਂ  ਸੱਭਿਆਚਾਰਕ, ਆਰਥਿਕ, ਰਾਜਨੀਤਿਕ ਪੱਖੋਂ ਅਮੀਰ ਉਸਾਰੂ ਸਮਾਜ ਦੀ ਸਿਰਜਣਾ ਕਰਨ ਦਾ ਹੋਕਾ ਦਿੱਤਾ ਹੈ| ਇਸ ਤੋਂ ਇਲਾਵਾ ਸਮਾਗਮ ਵਿੱਚ ਹਰਜਿੰਦਰ ਰੰਗ, ਜਗਤਾਰ ਸੋਖੀ, ਰਾਜਿੰਦਰ ਸਿੰਘ ਚਾਨੀ, ਮਨਦੀਪ ਸਿੰਘ, ਸੁਖਵਿੰਦਰ ਕੌਰ ਸਿੱਧੂ, ਬਲਜਿੰਦਰ ਜੌੜਕੀਆਂ, ਰਜਿੰਦਰ ਪਾਲ ਸਿੰਘ, ਕਸ਼ਮੀਰ ਸਿੰਘ ਗਿੱਲ, ਕੁਲਵਿੰਦਰ ਸਿੰਘ, ਗੁਰਤੇਜ ਸਿੰਘ ਅਤੇ ਵੱਖ-ਵੱਖ ਜਿਲ੍ਹਿਆਂ ਤੋਂ ਪਹੁੰਚੇ ਸਾਹਿਤਕਾਰ ਹਾਜ਼ਰ ਸਨ|