‘ਬੇਟੀ ਬਚਾਓ ਬੇਟੀ ਪੜ੍ਹਾਓ’ ਸਪਤਾਹ ਤਹਿਤ ਮਨਾਏ ਕੌਮੀ ਬਾਲੜੀ ਦਿਵਸ ਮੌਕੇ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

ਮੋਗਾ 24 ਜਨਵਰੀ(ਜਸ਼ਨ): ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮਿਤੀ 20 ਜਨਵਰੀ ਤੋਂ  26 ਜਨਵਰੀ 2020 ਤੱਕ ਬੇਟੀ ਬਚਾਓ, ਬੇਟੀ ਪੜਾਓ ਸਪਤਾਹ ਦੀਆਂ ਗਤੀਵਿਧੀਆਂ ਅਨੁਸਾਰ ਅਤੇ ਹਰ ਸਾਲ 24 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਨੂੰ ਸਪਰਮਿਤ  ਸਮਾਰੋਹ ਜਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ੍ਰੀਮਤੀ ਅਨੀਤਾ ਦਰਸ਼ੀ ਮੋਗਾ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਸਮਾਗਮ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ. ਗੁਰਚਰਨ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜਕਿਰਨ ਕੌਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ, ਗੁਰਵਿੰਦਰ ਕੌਰ ਰਾਣਾ, ਸੀ.ਡੀ.ਪੀ.ਓ. ਇਕਬਾਲ ਕੌਰ ਵੀ ਹਾਜ਼ਰ ਸਨ। ਇਸ ਸਮਾਗਮ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਜਿਲ੍ਹੇ ਦੇ ਮਹਿਲਾ ਅਧਿਕਾਰੀਆਂ ਤੋਂ ਇਲਾਵਾ ਸਕੂਲ ਦੀਆਂ ਲੜਕੀਆਂ ਨੇ ਵੀ ਭਾਗ ਲਿਆ। ਸਮਾਗਮ ਅਧੀਨ ਵਧੀਕ ਡਿਪਟੀ ਕਮਿਸ਼ਨਰ ਨੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਤੀਸਰੀ ਬੱਚੀ ਹੈ ਅਤੇ ਮਾਤਾ-ਪਿਤਾ ਵੱਲੋਂ ਮਹੱਈਆ ਕਰਵਾਈ ਚੰਗੀ ਵਿੱਦਿਆ ਕਾਰਨ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਹਨ। ਉਹਨਾਂ ਨੇ ਹਾਜ਼ਰੀਨ ਲੜਕੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰ ਲੜਕੀ ਜੇਕਰ ਚੰਗੀ ਵਿੱਦਿਆ ਹਾਸਲ ਕਰ ਲਵੇ ਤਾਂ ਉਹ ਆਪਣੇ ਪੈਰਾ ਤੇ ਆਪ ਖੜੀ ਹੋ ਸਕਦੀ ਹੈ। ਉਹਨਾਂ ਸਮਾਜ ਵਿੱਚ ਪੈਦਾ ਹੋਈਆਂ ਕੁਰੀਤੀਆਂ ਪ੍ਰਤੀ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਧੀਆਂ ਦੀ ਸੁਰੱਖਿਆ ਲਈ ਜਿਲ੍ਹਾ ਪ੍ਰਸ਼ਾਸ਼ਨ ਹਰ ਪੱਖੋਂ ਜਿੰਮੇਵਾਰ ਹੈ ਅਤੇ ਵਚਨਬੱਧ ਵੀ ਹੈ। ਉਹਨਾਂ ਇਸ ਬਾਲੜੀ ਦਿਵਸ ਦੇ ਸ਼ੁਭ ਮੌਕੇ ਤੇ ਪ੍ਰਬੰਧਕਾਂ ਅਤੇ ਲੜਕੀਆਂ ਨੂੰ ਮੁਬਾਰਕਬਾਦ ਵੀ ਦਿੱਤੀ। ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਰਾਜਕਿਰਨ ਕੌਰ ਨੇ ਦੱਸਿਆ ਕਿ ਕੌਮੀ ਬਾਲੜੀ ਦਿਵਸ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਸਾਲ 2008 ਤੋਂ ਕੌਮੀ ਪੱਧਰ ਤੇ ਇਹ ਦਿਵਸ ਮਨਾ ਕੇ ਲੜਕੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਹਰ ਲੜਕੀ ਨੂੰ ਪੜ ਲਿਖ ਕੇ ਆਪਣੇ ਪੈਰਾ ਤੇ ਖੜੇ ਹੋਣ ਦਾ ਇਹ ਸੁਨਹਿਰੀ ਮੌਕਾ ਹੈ ਅਤੇ ਇਸ ਨੂੰ ਸੰਭਾਲਣ ਦੀ ਲੋੜ ਹੈ।ਸਿਹਤ ਵਿਭਾਗ ਤੋਂ ਆਏ ਰਿਸੋਰਸ ਪਰਸਨ ਵੱਲੋਂ ਲੜਕੀਆਂ ਵਿੱਚ ਖੁਰਾਕ ਦੀ ਕਮੀ ਕਾਰਨ ਪੈਦਾ ਹੁੰਦੀਆਂ ਬਿਮਾਰੀਆਂ ਅਤੇ ਉਹਨਾਂ ਦੇ ਬਚਾਅ ਲਈ ਕਿਸ ਭੋਜਨ ਵਿੱਚ ਕਿਹੜੇ-2 ਤੱਤ ਮੌਜੂਦ ਹਨ ਦੇ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਆਏ ਰਾਜੇਸ਼ ਸ਼ਰਮਾ ਨੇ ਲੜਕੀਆਂ ਲਈ ਜੋ ਵੱਖੋਂ-ਵਖਰੇ ਕਾਨੂੰਨ ਉਹਨਾਂ ਦੀ ਰਾਖੀ ਲਈ ਬਣੇ ਹਨ ਦੇ ਬਾਰੇ ਵਿਸਥਾਰ ਵਿੱਚ ਚਾਣਨਾ ਪਾਇਆ ।ਮਨਜੀਤ ਕੌਰ ਪਿ੍ਰੰਸੀਪਲ ਨੇ ਲੜਕੀਆਂ ਵਿੱਚ ਵਿੱਦਿਆ ਦੀ ਜਰੂਰਤ ਸਬੰਧੀ ਲੜਕੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਹਨਾਂ ਨੂੰ ਵੱਧ ਤੋਂ ਵੱਧ ਪੜਨ ਲਿਖਣ ਲਈ ਪ੍ਰੇਰਿਤ ਕੀਤਾ।ਇਸ ਸਮਾਗਮ ਵਿੱਚ ਡਰਾਇੰਗ ਮੁਕਾਬਲੇ, ਸਕਿੱਟ, ਗਿੱਧਾ ਅਤੇ ਕੋਰੀਓਗ੍ਰਾਫੀ ਵੀ ਸਕੂਲ ਦੀਆਂ ਬੱਚੀਆਂ ਵੱਲੋਂ ਕੀਤੀ ਗਈ। ਗੁਰਚਰਨ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਅੱਜ ਦੇ ਦਿਵਸ ਤੇ ਲੜਕੀਆਂ ਨੂੰ ਜਿਥੇ ਮੁਬਾਰਕਬਾਦ ਦਿੱਤੀ ਉਥੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਸਮਾਗਮ ਵਿੱਚ ਫੱਕਰ ਬਾਬਾ ਦਾਸੂ ਸ਼ਾਹ ਅਕੈਡੰਮੀ ਲੋਹਾਰਾ ਦੀਆਂ ਉਹਨਾਂ 3 ਲੜਕੀਆਂ ਕਿਰਨਦੀਪ ਕੌਰ, ਇੰਦਰਜੀਤ ਕੌਰ ਵੱਲੋਂ ਬੀ.ਐਸ.ਐਫ ਅਤੇ ਹਰਜੀਤ ਕੌਰ ਵੱਲੋਂ ਰੇਲਵੇ ਵਿੱਚ ਇਸ ਅਕੈਡੰਮੀ ਤੋਂ ਟ੍ਰੇਨਿੰਗ ਲੈ ਕੇ ਨੌਕਰੀ ਪ੍ਰਾਪਤ ਕੀਤੀ ਜੋ ਕਿ ਮਾਣ ਵਾਲੀ ਗੱਲ ਹੈ। ਇਸ ਮੌਕੇ ਇਹਨਾਂ 3 ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦੇ ਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਵੱਖ-ਵੱਖ ਕਲਚਰ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।