‘‘ਸਲ੍ਹੀਣਾ ਜਿੰਮ ਦੇ ਗਭਰੂ ਨੇ ਜਿੱਤਿਆ ਮਿਸਟਰ ਪੰਜਾਬ ਦਾ ਗੋਲਡ ਮੈਡਲ’’

ਮੋਗਾ, 23 (ਜਸ਼ਨ) : ਸਿਹਤ ਨੂੰ ਲੈ ਕੇ ਜਿੱਥੇ ਪੰਜਾਬ ਦਾ ਨੌਜਵਾਨ ਸ਼ੰਕਿਆਂ ਦੇ ਘੇਰੇ ਵਿਚ ਰਹਿੰਦਾ ਹੈ ਉੱਥੇ ਮੋਗਾ ਦੇ ਆਸ ਪਾਸ ਦੇ ਕੁਝ ਨੌਜਵਾਨ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਲ੍ਹੀਣਾ ਜਿੰਮ ਵਿਚ ਲਗਾਤਾਰ ਸਰੀਰਕ ਕਸਰਤ ਕਰਦਿਆਂ  ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰਹਿਣ ਦਾ ਸਾਕਾਰਤਮਕ ਸੁਨੇਹਾ ਵੀ ਦੇ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਲਈ ਉੱਦਮ ਕਰਨ ਵਾਲੇ ਸਲ੍ਹੀਣਾ ਜਿੰਮ ਦੇ ਐੱਮ ਡੀ ਹਰਵਿੰਦਰ ਸਿੰਘ ਸਲ੍ਹੀਣਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਕਰਵਾਈ ਸਰੀਰਕ ਕਸਰਤ ਸਦਕਾ ਅਨਮੋਲ ਸਿੰਘ ਚੀਮਾ ਨੇ ਆਪਣੇ ਸ਼ਹਿਰ ਮੋਗਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦਿਆਂ ਪਿਛਲੇ ਦਿਨੀਂ ਸੰਪੰਨ ਹੋਈ ਚੈਂਪੀਅਨਸ਼ਿੱਪ ‘ਚ ਮਿਸਟਰ ਪੰਜਾਬ ਵਿਚੋਂ ਗੋਲਡ ਮੈਡਲ ਜਿੱਤਿਆ।

ਮਿਸਟਰ ਪੰਜਾਬ ਦਾ ਖਿਤਾਬ ਜਿੱਤਣ ਵਾਲੇ ਅਨਮੋਲ ਚੀਮਾ ਦੀ ਹੌਸਲਾਅਫਜ਼ਾਈ ਕਰਨ ਲਈ ਉੱਘੇ ਖੇਡ ਪਰਮੋਟਰ ਪੁਸ਼ਪਿੰਦਰ ਸਿੰਘ ਪੱਪੀ ਅਤੇ ਪ੍ਰਸੰਸਕਾਂ ਨੇ ਸ਼ਾਨਦਾਰ ਸਵਾਗਤ ਕਰਦਿਆਂ ਚੀਮਾ ਨੂੰ ਨਕਦ 11 ਹਜ਼ਾਰ ਦਾ ਇਨਾਮ ਦਿੱਤਾ।  ਇਸ ਮੌਕੇ ਚੀਮਾ ਨੂੰ ਵਧਾਈਆਂ ਦੇਣ ਵਾਲਿਆਂ ‘ਚ ਡਾ: ਰਵਿੰਦਰ ਸਿੰਘ ਭਾਣਾ,ਕਾਥਾ ਸਿੰਘ ਮਾਹਲਾ ਕਨੇਡਾ, ਹਰਵਿੰਦਰ ਸਲ੍ਹੀਣਾ,ਬਲਦੇਵ ਸਿੰਘ,ਗੁਰਪ੍ਰਤਾਪ ਬੁੱਕਣਵਾਲਾ,ਅਸ਼ੋਕ ਕੁਮਾਰ,ਅਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ।